ਬਿਨੁ ਤੇਲ ਦੀਵਾ ਕਿਉ ਜਲੈ/ ਰਮਿੰਦਰ ਰੰਮੀ
ਠਾਹ ! ਠਾਹ !ਠਾਹ !
ਪਟਾਕਿਆਂ ਦੀ ਅਵਾਜ਼
ਸੁਣ ਲੱਗਦਾ ਕੰਨਾਂ ਦੇ
ਪਰਦੇ ਫੱਟ ਜਾਣਗੇ
ਜਲਦੀ ਨਾਲ ਉੱਠ ਖਿੜਕੀ
ਬੰਦ ਕਰਨੀ ਚਾਹੀ
ਦੇਖਿਆ ਚਾਰੇ ਪਾਸੇ ਰੰਗ
ਬਿਰੰਗੀਆਂ ਰੋਸ਼ਨੀਆਂ ਹੀ
ਰੋਸ਼ਨੀਆਂ ਦਿਖ ਰਹੀਆਂ ਸਨ
ਖਿੜਕੀ ਬੰਦ ਕਰ ਮੁੜ
ਬੈਡ ਤੇ ਬੈਠ ਸੋਚਾਂ ਦੇ
ਸਾਗਰ ਵਿਚ ਡੁੱਬ ਗਈ
ਸੋਚਦੀ ਚਾਰੇ ਪਾਸੇ
ਰੋਸ਼ਨੀਆਂ ਦੇ ਤਿਉਹਾਰ ਨੇ
ਉਜਾਲਾ ਕਰ ਰੱਖਿਆ ਹੈ ਪਰ
ਉਸਦੇ ਅੰਦਰ ਤੇ ਹਨੇਰਾ
ਹੀ ਹਨੇਰਾ ਹੈ
ਉਦਾਸੀ ਤੇ ਗ਼ਮਾਂ ਦੀਆਂ
ਅਨੇਕ ਪਰਤਾਂ ਨੇ ਘੇਰਾ
ਘੱਤ ਰੱਖਿਆ ਹੈ
ਰੋਸ਼ਨੀ ਦੀ ਕੋਈ ਕਿਰਨ
ਪਹੁੰਚ ਨਹੀਂ ਰਹੀ ਮਨ ਅੰਦਰ
ਇੱਕ ਇੱਕ ਪਰਤ ਲਾਹੁਣਾ
ਚਾਹੁੰਦੀ ਹਾਂ ਪਰ
ਦਰਦਾਂ ਦੀਆਂ
ਅਨੇਕ ਪਰਤਾਂ ਹਨ
ਸੋਚਦੀ ਹੈ ਕਿ ਕਿਹੜੀ
ਪਰਤ ਪਹਿਲਾਂ ਹਟਾਏ ਕਿ
ਰੋਸ਼ਨੀ ਦੀ ਕੋਈ ਕਿਰਨ
ਉਸਦੇ ਦਿਲ ਅੰਦਰ ਪਹੁੰਚ
ਉਦਾਸੀ ਦੂਰ ਕਰ
ਚਾਨਣ ਬਿਖੇਰ ਦਏ
ਕਿਸ ਮੁਹੱਬਤ ਦਾ ਤੇਲ
ਦੀਵੇ ਵਿੱਚ ਪਾ
ਮਨ ਦਾ ਦੀਵਾ ਰੁਸ਼ਨਾਵਾਂ
ਕਿ ਗ਼ਮਾਂ ਦਾ ਹਨੇਰ ਦੂਰ ਹੋ
ਖ਼ੁਸ਼ੀਆਂ ਦਾ ਚਾਨਣ ਹੋਵੇ ।
ਖ਼ੁਸ਼ੀਆਂ ਦਾ ਚਾਨਣ ਹੋਵੇ ।
ਗੁਰਬਾਣੀ ਵਿੱਚ ਵੀ ਸ਼ਬਦ ਹੈ
ਬਿਨੁ ਤੇਲ ਦੀਵਾ ਕਿਉ ਜਲੈ।
ਰਮਿੰਦਰ ਰੰਮੀ