ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਵਿਭਾਗ ਵੱਲੋਂ ਸਟੂਡੈਂਟ ਪੁਲੀਸ ਕੈਡਿਟ (SPC) ਤਹਿਤ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਸਰਕਾਰੀ ਹਾਈ ਸਮਾਰਟ ਸਕੂਲ ਮੜੌਲੀ ਕਲਾਂ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸ. ਰਾਜਪਾਲ ਸਿੰਘ ਹੁੰਦਲ ਐਸ.ਪੀ
ਰੂਪਨਗਰ ਵਿਸ਼ੇਸ਼ ਤੌਰ ‘ਤੇ ਪਧਾਰੇ। ਸਕੂਲ ਦੇ ਮੁੱਖ ਅਧਿਆਪਕਾ ਮੈਡਮ ਕੁਲਵੰਤ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ।
ਪ੍ਰੋਗਰਾਮ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਕਈ ਪੱਖਾਂ ਤੋਂ ਜਾਣਕਾਰੀ ਦਿੱਤੀ। ਸਰਦਾਰ ਹੁੰਦਲ ਨੇ ਵਿਦਿਆਰਥੀਆਂ ਨੂੰ ਸਮਾਜ ਦੇ ਵਧੀਆ ਨਾਗਰਿਕ ਬਣ ਕੇ ਵਿਚਰਨ ਦੀ ਪ੍ਰੇਰਨਾ ਦਿੱਤੀ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਜਾਂ ਅਪਰਾਧ ਤੋਂ ਰਹਿਤ ਆਪਣਾ ਜੀਵਨ ਬਤੀਤ ਕਰਨ ਬਾਰੇ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਅਤੇ ਸਾਈਬਰ ਕ੍ਰਾਈਮ ਬਾਰੇ ਸੁਚੇਤ ਰਹਿਣ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਜੀਵਨ ਦੀ ਉਦਾਹਰਨ ਦਿੰਦੇ ਹੋਏ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਅਨੁਸ਼ਾਸਨ ਨੂੰ ਅਪਣਾਉਣ ਅਤੇ ਆਪਣੇ ਉਦੇਸ਼ ਦੀ ਪੂਰਤੀ ਵਾਸਤੇ ਪੂਰੀ ਮਿਹਨਤ ਨਾਲ ਕੰਮ ਕਰਨ। ਇਸ ਸਮੇਂ ਸਕੂਲ ਦੇ ਕੁਝ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਉਨਾਂ ਦੇ ਨਾਲ ਮੋਰਿੰਡਾ ਥਾਣੇ ਤੋਂ ਐਸ ਐਚ ਓ ਸ੍ਰੀ ਸੁਨੀਲ ਕੁਮਾਰ ਅਤੇ ਸੀ ਪੀ ਐੱਸ ਇੰਚਾਰਜ ਸ੍ਰੀ ਰਣਜੀਤ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਅਧਿਕਾਰੀ/ਕਰਮਚਾਰੀ ਸ਼ਾਮਿਲ ਸਨ। ਮੰਚ ਸੰਚਾਲਨ ਸਕੂਲ ਦੇ ਅਧਿਆਪਕਾ ਸ਼ੋਭਨਾ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।