ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:
ਵੇ ਪੁੰਨਣਾ/ ਬਾਬੂ ਸਿੰਘ ਮਾਨ
ਵੇ ਪੁੰਨਣਾ, ਵੇ ਜ਼ਾਲਮਾ
ਮੇਰੇ ਦਿਲਾਂ ਦਿਆ ਮਹਿਰਮਾ
ਵੇ ਮਹਿਰਮਾਂ, ਵੇ ਬੱਦਲਾ
ਕਿੰਨਾ ਚਿਰ ਹੋਰ ਤੇਰੀ ਛਾਂ
ਕਹਿਰ ਦੀ ਦੁਪਹਿਰ
ਭੈੜੀ ਮੌਤ ਨਾਲੋਂ ਚੁੱਪ
ਹੋਇਆ ਟਿੱਬਿਆਂ ਦਾ
ਭੂਰਾ ਭੂਰਾ ਰੰਗ ਵੇ
ਸ਼ਾਲਾ ! ਡੁੱਬ ਜਾਣ
ਤੇਰੀ ਬੇੜੀ ਦੇ ਮੁਹਾਣੇ
ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ
ਕੱਚਾ ਘੜਾ ਜ਼ਿੰਦਗੀ ਦਾ
ਲੋਹੜੇ ਦੇ ਤੂਫਾਨ
ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ…
ਵੇ ਪੁੰਨਣਾਂ…
ਮਲ੍ਹਿਆਂ ਕਰੀਰਾਂ ਗਲ
ਲੱਗ ਲੱਗ ਰੁੰਨੀ
ਤਿੱਖੇ ਕੰਡਿਆਂ ਨੇ ਪੱਛਿਆ ਸਰੀਰ ਨੂੰ।
ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ
ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ।
ਮਿਟ ਚੱਲੇ ਡਾਚੀ ਦੀਆਂ
ਪੈੜਾਂ ਦੇ ਨਿਸ਼ਾਨ
ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ…
ਵੇ ਪੁੰਨਣਾਂ…
ਫਿਰਦੀ ਭਟਕਦੀ
ਉਜਾੜਾਂ ‘ਚ ਇਕੱਲੀ
ਜਿਵੇਂ ਦੋਜਖਾਂ ‘ਚ
ਰਿਸ਼ੀਆਂ ਦੀ ਆਤਮਾ।
ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ ਵੇ
ਧੰਨ ਤੇਰਾ ਜਿਗਰਾ ਮਹਾਤਮਾ
ਹੰਝੂਆਂ ਦੀ ਆਰਤੀ
ਉਤਾਰਾਂ ਡਾਚੀ ਵਾਲਿਆ
ਮੈਂ ਹੌਕਿਆਂ ਦਾ ਜਾਪ ਕਰਾਂ…
ਵੇ ਪੁੰਨਣਾਂ…
ਮਹਿੰਦੀ ਰੰਗੇ ਪੈਰਾਂ ਵਿਚੋਂ
ਰਿਸਦਾ ਏ ਖ਼ੂਨ
ਮੋਹਰਾਂ ਰੱਤੀਆਂ
ਥਲਾਂ ਦੇ ਵਿਚ ਲੱਗੀਆਂ।
ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ
ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ
ਠਹਿਰ ਜ਼ਰਾ ਮੌਤੇ
ਪੁੱਜ ਲੈਣ ਤਾਂ ਦੇ ਪਾਪਣੇ ਨੀ
ਚੰਦਰੇ ਬਲੋਚ ਦੇ ਗਿਰਾਂ …
ਵੇ ਪੁੰਨਣਾਂ…