www.sursaanjh.com > ਅੰਤਰਰਾਸ਼ਟਰੀ > ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ‘ਜੱਗ ਜਿਊਂਦਿਆਂ ਦੇ ਮੇਲੇ’ ਬੈਨਰ ਹੇਠ ਸੰਗੀਤਕ-ਸਭਿਆਚਾਰਕ ਸਮਾਗਮ ਦਾ ਆਯੋਜਨ

ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ‘ਜੱਗ ਜਿਊਂਦਿਆਂ ਦੇ ਮੇਲੇ’ ਬੈਨਰ ਹੇਠ ਸੰਗੀਤਕ-ਸਭਿਆਚਾਰਕ ਸਮਾਗਮ ਦਾ ਆਯੋਜਨ

ਮੁੱਲਾਂਪੁਰ ਗਰੀਬਦਾਸ (ਸੁਰ ਸਾਂਝ ਡਾਟ ਕਾਮ ਬਿਊਰੋ), 18 ਨਵੰਬਰ:

ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਅਤੇ ਸਰਦਾਰ ਜਸਵੰਤ ਸਿੰਘ ਰੰਧਾਵਾ ਯਾਦਗਾਰੀ ਟਰੱਸਟ ਵੱਲੋਂ ਸਾਂਝੇ ਤੌਰ ‘ਤੇ ‘ਜੱਗ ਜਿਊਂਦਿਆਂ ਦੇ ਮੇਲੇ’ (Group Get Together Party 2024) ਬੈਨਰ ਹੇਠ MIRABELLE FARM HOUSE IN MEDICITY ਵਿਖੇ ਸੰਗੀਤਕ-ਸਭਿਆਚਾਰਕ ਸਮਾਗਮ ਦਾ ਆਯੋਜਨ ਰਚਾਇਆ ਗਿਆ। ਸਰਵਸ੍ਰੀ ਮਲਕੀਤ ਔਜਲਾ, ਸੱਜਣ ਸਿੰਘ ਧਾਲੀਵਾਲ (NRI), ਚਰਨਜੀਤ ਸਿੰਘ ਧਾਲੀਵਾਲ (ਮੁੱਲਾਂਪੁਰ ਗਰੀਬਦਾਸ) ਇਸ ਸਮਾਗਮ ਦੇ ਪ੍ਰਬੰਧਕਾਂ ਅਤੇ ਜਸਪ੍ਰੀਤ ਰੰਧਾਵਾ ਵੱਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮਹਿਮਾਨਾਂ ਨੂੰ ਮਿਲ਼ਦਿਆਂ ਮਲਕੀਤ ਔਜਲਾ ਤੇ ਜਸਪ੍ਰੀਤ ਰੰਧਾਵਾ ਜੋੜੀ ਦਾ ਚਾਅ ਦੁੱਗਣਾ-ਚੌਗਣਾ ਹੋਇਆ ਜਾਪ ਰਿਹਾ ਸੀ।

ਸਮਾਗਮ ਦਾ ਆਗਾਜ਼ ਕਰਦਿਆਂ ਮਲਕੀਤ ਔਜਲਾ ਨੇ ਮੰਚ ਸੰਭਾਲਦਿਆਂ ਹੀ ਰਿਸ਼ਤੇਦਾਰੀ ਵਿੱਚੋਂ ਭਰਾ ਲਗਦੇ ਸੁਰਜੀਤ ਬਿੰਦਰਖੀਆ ਦੀ ਯਾਦ ਨੂੰ ਤਾਜ਼ਾ ਕਰਦਿਆਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਇਸ ਫਨਕਾਰ ਨੂੰ ਸਵੈ-ਲਿਖਤ ਛੰਦਬੱਧ ਕਵਿਤਾ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਜ਼ਿਕਰਯੋਗ ਹੈ ਕਿ ਸੁਰਜੀਤ ਬਿੰਦਰਖੀਆ ਜੀਵਨ ਤੇ ਰਚਨਾ ਪੁਸਤਕ ਉਨ੍ਹਾਂ ਵੱਲੋਂ ਹੀ ਲਿਖੀ ਗਈ ਹੈ।

ਸ਼ੁਰੂ ਵਿੱਚ ਚਰਚਿਤ ਗਾਇਕ ਲਖਬੀਰ ਲੱਖੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਗਾ ਕੇ ਚੁਫੇਰਾ ਜੋਸ਼ ਨਾਲ਼ ਭਰ ਦਿੱਤਾ। ਫਿਰ ਉਨ੍ਹਾਂ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ, ਨਹੀਂ ਲੱਭਣੀ ਤੈਨੂੰ ਮੇਰੇ ਵਰਗੀ, ਕਲ੍ਹੈਰੀਆ ਮੋਰਾ ਵੇ ਅਤੇ ਜੁਗਨੀ ਆਦਿ ਗਾ ਕੇ ਆਪਣੇ ਫਨ ਦਾ ਚੰਗਾ ਮੁਜ਼ਾਹਰਾ ਕੀਤਾ। ਅੰਤਰਾਸ਼ਟਰੀ ਅਲਗੋਜ਼ਾਵਾਦਕ ਕਰਮਜੀਤ ਸਿੰਘ ਬੱਗਾ ਨਾਲ਼ ਮਿਲ਼ ਕੇ ਬੋਲੀਆਂ ਵੀ ਪਾਈਆਂ। ਫਿਰ ਕਰਮਜੀਤ ਬੱਗਾ ਹੋਰਾਂ ਵੱਖਰੇ ਤੌਰ ‘ਤੇ ਮਲਵਈ ਬੋਲੀਆਂ ਦੀ ਝੜੀ ਲਗਾ ਦਿੱਤੀ। ਉਨ੍ਹਾਂ ‘ਸਦਾ ਭਾਉਂਦੀ ਏ ਮਨ ਨੂੰ ਮਾਂ ਬੋਲੀ, ਦਿੱਲੀ ਦੇ ਵਿੱਚ ਲੱਗਿਆ ਮੋਰਚਾ, ਸਾਲ਼ੀ ਮੇਰੀ ਨੂੰ ਹੋਇਆ ਕਰੋਨਾ’ ਆਦਿ  ਬੋਲੀਆਂ ਰਾਹੀਂ ਮਾਂ ਬੋਲੀ ਪੰਜਾਬੀ ਦੀ ਉਪਮਾ ਕਰਦਿਆਂ ਪਿਛਲੇ ਸਮਿਆਂ ਵਿੱਚ ਮਨੁੱਖਤਾ ਵੱਲੋਂ ਹੰਢਾਏ ਕਰੋਨਾ ਕਹਿਰ ਅਤੇ ਕਿਸਾਨ ਮੋਰਚੇ’ ਵਰਗੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਬਲਵਿੰਦਰ ਸਿੰਘ ਬੱਲੀ ਨੇ ਗੀਤ ‘ਜਿਹੜੇ ਨਾ ਕਦਰ ਜਾਣਦੇ’  ਸੁਣਾ ਕੇ ਆਪਣੀ ਵਧੀਆ ਹਾਜ਼ਰੀ ਲਗਵਾਈ। ਇਸੇ ਤਰ੍ਹਾਂ ਜੋਗਾ ਸਿੰਘ ਨੇ ਨੰਦ ਲਾਲ ਨੂਰਪੁਰੀ ਦਾ ਗੀਤ ‘ਓ ਦੁਨੀਆਂ ਦੇ ਬੰਦਿਓ ਪੂਜੋ ਉਨ੍ਹਾਂ ਨੇਕ ਇਨਸਾਨਾਂ ਨੂੰ’ ਪੁਰਸੋਜ਼ ਆਵਾਜ਼/ ਅੰਦਾਜ਼ ਵਿੱਚ ਸੁਣਾਇਆ।

ਇਸੇ ਤਰ੍ਹਾਂ ਉੱਭਰ ਰਹੇ ਗਾਇਕ ਏਕਮ ਚਨੌਲੀ ਨੇ, ਤੇਰੇ ਜੱਟ ਨੇ ਕਮਾਈ ਬੜੀ ਕੀਤੀ ਅਤੇ ਏਅਰਪੋਰਟ  ਗੀਤ ਸੁਣਾ ਕੇ ਚੁਫੇਰਾ ਮੰਤਰ ਮੁਗਧ ਕਰ ਦਿੱਤਾ। ਮੱਖਣ ਸਿੰਘ ਨੇ ਗੀਤ ਜੱਗ ਜਿਊਂਦਿਆਂ ਦੇ ਮੇਲੇ ਗਾਇਆ ਤਾਂ ਭੰਗੜੇ ਦੀ ਲਲਕ ਨੇ ਬਹੁਤਿਆਂ ਦੇ ਪੈਰ ਥਿਰਕਣ ਲਾ ਦਿੱਤੇ। ਇਸ ਮੌਕੇ ਸੁਖਵਿੰਦਰ ਸੁੱਖਾ ਨੇ ਆਪਣੀ ਵਿਸ਼ੇਸ਼ ਤੂੰਬੀ ਦੇ ਜ਼ੌਹਰ ਦਿਖਾਏ। ਉਨ੍ਹਾਂ ਬਹੁਤ ਸਾਰੀਆਂ ਚਰਚਿਤ ਧੁਨਾਂ ਇਸ ਵਿਲੱਖਣ ਤੂੰਬੀ ਰਾਹੀਂ ਵਜਾ ਕੇ ਦਰਸ਼ਕਾਂ/ਸਰੋਤਿਆਂ ਨੁੰ ਕੀਲ ਲਿਆ, ਜਿਸ ਨਾਲ਼ ਇਹ ਸੰਗੀਤਕ ਸਮਾਗਮ ਆਪਣੀ ਸਿਖਰ ਵੱਲ ਵਧਦਾ ਜਾ ਰਿਹਾ ਸੀ। ਇਸ ਵੇਲ਼ੇ ਚਰਚਿਤ ਗਾਇਕ ਗੁਰਰਿੰਦਰ ਗੈਰੀ ਨੇ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੇ ਗੀਤ ਗਾ ਕੇ ਜਿੱਥੇ ਆਪਣੀ ਗਾਇਨ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਗੀਤਾਂ ਦੀ ਚੋਣ ਪ੍ਰਤੀ ਆਪਣੀ ਸੂਝ ਦਾ ਸਲਾਹੁਣਯੋਗ ਪ੍ਰਗਟਾਵਾ ਵੀ ਕੀਤਾ। ਜ਼ਿਕਰਯੋਗ ਹੈ ਕਿ ਉਹ ਮਰਹੂਮ ਰੱਬੀ ਬੈਰੋਂਪੁਰੀ ਦੇ ਸ਼ਗਿਰਦ ਹਨ। ਇਸ ਮੌਕੇ ਉੱਘੇ ਲੇਖਕ ਅਲੀ ਰਾਜਪੁਰਾ ਨੇ ਵੀ ਆਪਣੇ ਗੀਤ ਸੁਣਾਏ।

ਥੋੜ੍ਹਾ ਪਛੜ ਕੇ ਪੁੱਜੇ ਚਰਚਿਤ ਗਾਇਕ ਬਲਵਿੰਦਰ ਬਾਰਨ ਨੇ ਮਲਕੀਤ ਔਜਲਾ ਦੇ ਲਿਖੇ ਗੀਤ ਸਾਡੀ ਗੱਡੀ ਵਿੱਚ ਮਾਣਕ, ਸਦੀਕ ਚਮਕੀਲਾ ਵੱਜਦਾ ਅਤੇ ਤੇਰਾ ਢੋਲ ਨੀਂ ਪੰਜਾਬੋ ਅੰਗਰੇਜ਼ੀ ਬੋਲਦਾ ਗਾ ਕੇ ਸਮਾਗਮ ਨੂੰ ਸਿਖਰ ਤੇ ਪਹੁੰਚਾ ਦਿੱਤਾ। ਹੋਰਾਂ ਤੋਂ ਇਲਾਵਾ ਸਮੁੱਚੇ ਸਮਾਗਮ ਦੌਰਾਨ ਦਵਿੰਦਰ ਜੁਗਨੀ, ਪਰਮਦੀਪ ਸਿੰਘ ਭਬਾਤ, ਭੁਪਿੰਦਰ ਝੱਜ, ਜਸਪ੍ਰੀਤ ਰੰਧਾਵਾ, ਰੁਪਿੰਦਰ ਰੂਪੀ, ਕਮਲ ਆਰਟਿਸਟ, ਹਰਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਅਦਬੀ ਮਹਿਮਾਨਾਂ ਵੱਲੋਂ ਨਿਪੁੰਨ ਭੰਗੜਚੀ ਹੋਣ ਦਾ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਸੁਰ ਸਾਂਝ ਡਾਟ ਕਾਮ ਨਾਲ਼ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਸੱਜਣ ਸਿੰਘ ਧਾਲ਼ੀਵਾਲ਼ ਨੇ ਦੱਸਿਆ ਕਿ ਇਸ ਫਾਰਮ ਵਿੱਚ ਕਈ ਤਰ੍ਹਾਂ ਦੇ ਫਲ਼ਦਾਰ ਬੂਟੇ ਜਿਵੇਂ ਅਮਰਪਾਲੀ, ਲੰਗੜਾ, ਕੇਸਰੀ, ਅਲਫੈਂਜੋ ਅਤੇ ਅਚਾਰੀ ਅੰਬਾਂ ਦੇ ਬੂਟੇ ਲਗਾਏ ਹੋਏ ਹਨ, ਜਿਨ੍ਹਾਂ ਦੀ ਉਮਰ ਹਾਲੇ ਦਸ ਕੁ ਸਾਲ ਦੇ ਕਰੀਬ ਹੈ। ਇਸ ਫਾਰਮ ਹਾਊਸ ਵਿੱਚ ਅੰਬਾਂ ਦੇ ਨਾਲ਼ ਨਾਲ਼ ਲੀਚੀ, ਅਮਰੂਦ, ਆੜੂ, ਜਾਮਣ ਦੇ ਫਲ਼ਦਾਰ ਬੂਟੇ ਵੀ ਆਪਣੇ ਭਰ ਜੋਬਨ ‘ਤੇ ਹਨ। ਫਾਰਮ ਹਾਊਸ ਦੁਆਲ਼ੇ ਸਿਲਵਰ ਓਕ ਦੇ ਵੱਡ-ਆਕਾਰੀ ਪੌਦਿਆਂ ਦੁਆਲ਼ੇ ਲਿਪਟੀਆਂ ਰੰਗ-ਬਰੰਗੇ ਫੁੱਲਾਂ ਨਾਲ਼ ਲੱਦੀਆਂ ਵੋਗਨਵਿਲਾ ਦੀਆਂ ਵੇਲਾਂ ਵੱਖਰਾ ਹੀ ਦਿਲਕਸ਼ ਨਜ਼ਾਰਾ ਪੇਸ਼ ਕਰ ਰਹੀਆਂ ਹਨ। ਨਿਊ ਚੰਡੀਗੜ੍ਹ ਦੇ ਮੈਡੀਸਿਟੀ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਓਬੜ-ਖਾਬੜ ਥਾਵਾਂ ਵਿਚਕਾਰ ਵਿਕਸਤ ਇਸ ਫਾਰਮ ਹਾਊਸ ਵਿੱਚ ਜੁੜੀ ਸੰਗੀਤਕ ਦੁਪਹਿਰ ਨੇ ਇੱਕ ਨਿਵੇਕਲ਼ਾ ਜਿਹਾ ਅਲੌਕਿਕ ਮਾਹੌਲ ਸਿਰਜ ਦਿੱਤਾ। ਇਸ ਮੌਕੇ ਮਲਕੀਤ ਔਜਲਾ, ਜਸਪ੍ਰੀਤ ਰੰਧਾਵਾ ਅਤੇ ਹੋਰ ਆਯੋਜਕਾਂ ਵੱਲੋਂ ਸੱਜਣ ਸਿੰਘ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *