ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਨਵੰਬਰ:
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ (ਸਿੱਖਿਆ ਸੈੱਲ) ਵੱਲੋਂ ਗੂੜ੍ਹੀ ਨੀਂਦ ਤੋਂ ਜਾਗਦਿਆਂ ਸਰਵ ਭਾਰਤੀ ਪੰਜਾਬੀ ਸ਼ਾਰਟਹੈਂਡ ਅਤੇ ਪੰਜਾਬੀ ਟਾਈਪ ਮੁਕਾਬਲੇ ਸਾਲ 2025-26 ਤੋਂ ਮੁੜ ਤੋਂ ਸ਼ੁਰੂ ਕਰਵਾਉਣ ਅਤੇ ਇਨ੍ਹਾਂ ਲਈ ਦਿੱਤੀ ਜਾਣ ਵਾਲ਼ੀ ਇਨਾਮ ਰਾਸ਼ੀ 5,000/- ਤੋਂ ਵਧਾ ਕੇ 20,000/- ਰੁਪਏ ਕਰਨ ਸਬੰਧੀ ਹਾਲ ਹੀ ਵਿੱਚ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਦੌਰਾਨ ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਔਜਲਾ ਵੱਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਗਿਆ ਕਿ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਵਿਭਾਗ ਨਾਲ਼ ਲੰਮੇ ਸਮੇਂ ਤੋਂ ਲਿਖਾ-ਪੜ੍ਹੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਲੈ ਕੇ ਪੰਜਾਬੀ ਸ਼ਾਰਟਹੈਂਡ ਅਤੇ ਪੰਜਾਬੀ ਟਾਈਮ ਦੀ ਸਿਖਲਾਈ ਨਾਲ਼ ਜੁੜੇ ਵਿਦਿਆਰਥੀਆਂ ਦੇ ਉਤਸ਼ਾਹ ਵਿੱਚ ਵਾਧਾ ਕਰਦਿਆਂ ਉਨ੍ਹਾਂ ਨੂੰ ਮੁਕਾਬਲੇ ਲਈ ਤਿਆਰ ਕਰਨਾ ਸਮੇਂ ਦੀ ਲੋੜ ਹੈ।
ਚੇਤੇ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਵੱਲੋਂ ਭਲੇ ਵੇਲ਼ਿਆਂ ਵਿੱਚ ਸਰਵ ਭਾਰਤੀ ਪੰਜਾਬੀ ਸ਼ਾਰਟਹੈਂਡ ਅਤੇ ਪੰਜਾਬੀ ਟਾਈਪ ਮੁਕਾਬਲੇ ਕਰਵਾਏ ਜਾਂਦੇ ਸਨ। ਵਿਭਾਗ ਦੀ ਸੁਸਤ ਚਾਲ ਤੇ ਫੰਡਾਂ ਦੀ ਘਾਟ ਜਿਹੀਆਂ ਅਲਾਮਤਾਂ ਕਾਰਨ ਇਨ੍ਹਾਂ ਮੁਕਾਬਲਿਆਂ ਦੀ ਪਾਈ ਪਿਰਤ ਹੌਲ਼ੀ ਹੌਲ਼ੀ ਕਿਸੇ ਹਨ੍ਹੇਰੀ ਗੁਫਾ ਵਿੱਚ ਦਫਨ ਹੁੰਦੀ ਚਲੀ ਗਈ। ਸਿੱਟੇ ਵਜੋਂ ਪੰਜਾਬੀ ਸ਼ਾਰਟਹੈਂਡ ਅਤੇ ਪੰਜਾਬੀ ਟਾਈਪ ਵੱਲ ਨੌਜਵਾਨ ਪੀੜ੍ਹੀ ਦਾ ਆਕਰਸ਼ਨ ਘਟਦਾ ਚਲਾ ਗਿਆ। ਹੁਣ ਇਨ੍ਹਾਂ ਮੁਕਾਬਲਿਆਂ ਦੇ ਮੁੜ ਸ਼ੁਰੂ ਹੋਣ ਨਾਲ਼ ਫਿਰ ਇੱਕ ਆਸ ਬੱਝੀ ਹੈ।
ਉਂਝ ਪੰਜਾਬੀ ਦੀ ਇੱਕ ਕਹਾਵਤ ਹੈ, ‘ਨਾ ਨੌ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ।’ ਨੌ ਮਣ ਤੇਲ ਦੀ ਗੱਲ ਨੂੰ ਵੀ ਜੇਕਰ ਪਾਸੇ ਰੱਖ ਲਿਆ ਜਾਵੇ ਤਾਂ ਇਸ ਦੀਵੇ ਲਈ ਤਾਂ ਤੇਲ ਦੀ ਇੱਕ ਪਲ਼ੀ ਵੀ ਨਹੀਂ। ਦੂਜੇ ਪਾਸੇ ਵਿਭਾਗੀ ਸੂਤਰਾਂ ਤੋਂ ਮਿਲ਼ੀ ਜਾਣਕਾਰੀ ਵੱਲ ਜੇਕਰ ਪੰਛੀ ਝਾਤ ਹੀ ਮਾਰ ਲਈ ਜਾਵੇ ਤਾਂ ਦ੍ਰਿਸ਼ ਬਹੁਤ ਧੁੰਦਲਾ ਦਿਖਾਈ ਦਿੰਦਾ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਜ਼ਿਲ੍ਹਾ ਸਦਰ-ਮੁਕਾਮਾਂ ਵਿਖੇ ਪੰਜਾਬੀ ਸ਼ਾਰਟਹੈਂਡ ਅਤੇ ਪੰਜਾਬੀ ਟਾਈਪ ਦੀ ਸਿਖਲਾਈ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਜਮਾਤਾਂ ਇੰਸਟਰਕਟਰਾਂ ਤੋਂ ਵਿਰਵੀਆਂ ਹੋਣ ਕਾਰਨ ਸੁੰਨ-ਮਸਾਨ ਹਨ। ਬੰਦ ਪਈਆਂ ਹਨ। ਕੋਈ ਇੰਸਟਰਕਟਰ ਉਪਲਬਧ ਨਹੀਂ। ਜਲੰਧਰ ਵਿਖੇ ਚੱਲ ਰਹੀਆਂ ਜਮਾਤਾਂ ਦੀ ਸਿਖਲਾਈ ਵੀ ਨੇੜ-ਭਵਿੱਖ ਵਿੱਚ, ਉੱਥੇ ਤੈਨਾਤ ਇੰਸਟਰਕਟਰ ਦੀ ਸੇਵਾ-ਮੁਕਤੀ ਨਾਲ਼ ਸਵਾਲਾਂ ਦੇ ਘੇਰੇ ਵਿੱਚ ਉਲਝ ਜਾਵੇਗੀ।
ਇਸ ਵੇਲ਼ੇ ਸਮੁੱਚੇ ਪੰਜਾਬ ਵਿੱਚੋਂ ਪਟਿਆਲ਼ਾ ਸਦਰ-ਮੁਕਾਮ, ਜਿੱਥੇ ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਦਫ਼ਤਰ ਸਥਿਤ ਹੈ, ਉੱਥੇ ਅਤੇ ਮੁਹਾਲ਼ੀ ਤੇ ਚੰਡੀਗੜ੍ਹ ਸਦਰ-ਮੁਕਾਮਾਂ ਵਿਖੇ ਹੀ ਕੁਝ ਵਿਦਿਆਰਥੀ ਸਿਖਲਾਈ ਲੈ ਰਹੇ ਹਨ। ਇਨ੍ਹਾਂ ਦਫਤਰਾਂ ਵਿੱਚ ਵੀ ਇੱਕਾ-ਦੁੱਕਾ ਇੰਸਟਰਕਟਰ ਤੈਨਾਤ ਹੋਣ ਕਾਰਨ ਵਿਦਿਆਰਥੀਆਂ ਦੀ ਸਿਖਲਾਈ ਪ੍ਰਭਾਵਿਤ ਹੋ ਰਹੀ ਹੈ। ਵਿਭਾਗ ਵੱਲੋਂ ਇੰਸਟਰਕਟਰਾਂ ਦੀ ਭਰਤੀ ਲਈ ਪੰਜਾਬ ਅਧੀਨ ਸੇਵਾ ਚੋਣ ਬੋਰਡ ਨੂੰ ਮੰਗ ਪੱਤਰ ਭੇਜਿਆ ਹੋਇਆ ਹੈ, ਜਿਸ ਦਾ ਫੈਸਲਾ ਹਾਲੇ ਭਵਿੱਖ ਦੇ ਗਰਭ ਵਿੱਚ ਹੈ।
ਉਮੀਦ ਦੀ ਕਿਰਨ ਜਗਾਉਣ ਵਾਲ਼ੀ ਇੱਕੋ ਇੱਕ ਜ਼ਿਕਰਯੋਗ ਆਸ ਇਹ ਬਚਦੀ ਹੈ ਕਿ ਭਾਸ਼ਾ ਵਿਭਾਗ, ਪੰਜਾਬ ਦੀ ਡੋਰ ਇਸ ਵੇਲ਼ੇ ਪੰਜਾਬੀ ਮਾਂ ਬੋਲੀ ਦੇ ਸਿਰਮੌਰ ਸਪੂਤ ਤੇ ਚਰਚਿਤ ਲੇਖਕ ਜਸਵੰਤ ਜ਼ਫਰ ਦੇ ਹੱਥ ਹੈ। ਇਸ ਲਈ ਉਨ੍ਹਾਂ ਤੋਂ ਢੇਰ ਆਸਾਂ ਹਨ।