ਚੰਡੀਗੜ੍ਹ 23 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਮੋਹਾਲੀ ਵਿਖੇ ਫੋਰੈਸਟ ਹਿੱਲ, ਪਿੰਡ ਕਰੋਰਾ ਵਿਖੇ ਚੱਲ ਰਹੇ ਰਾਜ ਪੱਧਰੀ ਘੋੜਸਵਾਰੀ ਮੁਕਾਬਲਿਆਂ ਦੌਰਾਨ ਅੱਜ “ਫ਼ਾਲਟ ਐਂਡ ਆਊਟ“ ਈਵੈਂਟ ਕਰਵਾਇਆ ਗਿਆ।
ਅੱਜ ਮੁੱਖ ਮਹਿਮਾਨ ਵਜੋਂ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਜਨਰਲ) ਡਾ. ਅੰਕਿਤਾ ਕਾਂਸਲ ਅਤੇ ਕੁਸ਼ਲ ਸਿੰਗਲਾ ਸਿਵਲ ਜੱਜ ਨੇ ਸ਼ਮੂਲੀਅਤ ਕੀਤੀ ਅਤੇ ਘੋੜ ਸਵਾਰੀ ਮੁਕਾਬਲਿਆਂ ਚ ਭਾਗ ਲੈ ਰਹੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਜ਼ਿਲ੍ਹੇ ਦੇ ਖੇਡ ਅਫ਼ਸਰ ਰੂਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਅੰਡਰ-14, 17 ਅਤੇ 21 ਉਮਰ ਵਰਗ ਦੇ ਇਨ੍ਹਾਂ ਮੁਕਾਬਲਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਖਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਨਤੀਜਿਆਂ ਵਿੱਚ “ਫ਼ਾਲਟ ਐਂਡ ਆਊਟ“ 21 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਗੁਰਤੇਰਾ ਸਿੰਘ ਦੇ ਘੋੜੇ ਮਸਤਾਨਾ ਨੇ ਪਹਿਲਾ, ਸ਼ੁਭਪਾਲ ਸਿੰਘ ਦੇ ਘੋੜੇ ਸ਼ਾਨ-ਏ-ਪੰਜਾਬ ਨੇ ਦੂਜਾ ਅਤੇ ਵਿਸ਼ਾਲ ਕੁਮਾਰ ਦੇ ਘੋੜੇ ਵਿਕਟਰ ਨੇ ਤੀਜਾ ਸਥਾਨ ਹਾਸਲ ਕੀਤਾ।
21 ਸਾਲ ਤੋਂ ਘੱਟ ਉਮਰ ਵਰਗ ਵਿੱਚ ਫ਼ਤਿਹਜੀਤ ਸਿੰਘ ਦੇ ਘੋੜੇ ਸਿਲਵਰ ਪੈਗ ਨੇ ਪਹਿਲਾ, ਕੰਵਰ ਜੈ ਦੀਪ ਸਿੰਘ ਦੇ ਘੋੜੇ ਰੈਡ ਕਲਾਊਡ ਨੇ ਦੂਜਾ ਅਤੇ ਕੰਵਰ ਜੈ ਦੀਪ ਸਿੰਘ ਦੇ ਹੀ ਘੋੜੇ ਟਿਊਲਿਪ ਨੇ ਤੀਸਰਾ ਸਥਾਨ ਲਿਆ। ਐਤਵਾਰ ਨੂੰ ਇਨ੍ਹਾਂ ਖੇਡ ਮੁਕਾਬਲਿਆਂ ਦਾ ਆਖ਼ਰੀ ਦਿਨ ਹੋਵੇਗਾ, ਜਿਸ ਦੌਰਾਨ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।