ਸੈਂਕੜੇ ਦਰਸ਼ਕਾਂ ਨੇ ਦੇਰ ਰਾਤ ਤੱਕ ਮਾਣਿਆ ਮੇਲੇ ਦਾ ਆਨੰਦ
ਵੱਖ-ਵੱਖ ਸਭਾ, ਸੁਸਾਇਟੀਆਂ ਤੇ ਸੰਸਥਾਵਾਂ ਵੱਲੋਂ ਪ੍ਰੋ. ਦੀਪਕ ਮਨਮੋਹਨ ਸਿੰਘ ਦਾ ਕੀਤਾ ਗਿਆ ਸਨਮਾਨ
ਐਸ.ਏ.ਐਸ.ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 24 ਨਵੰਬਰ:
ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਥੋਂ ਦੇ ਫੇਜ਼ ਦਸ ਦੇ ਸਿਲਵੀ ਪਾਰਕ ਵਿਖੇ ਦੂਜਾ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ ਗਿਆ। ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਰਾਤੀਂ ਨੌਂ ਵਜੇ ਤੱਕ ਸੈਂਕੜੇ ਦਰਸ਼ਕਾਂ ਨੇ ਕਵੀਆਂ, ਸ਼ਾਇਰਾਂ ਅਤੇ ਗਾਇਕਾਂ ਦੀ ਗਾਇਕੀ ਦਾ ਆਨੰਦ ਮਾਣਿਆ। ਮੇਲੇ ਵਿਚ ਪੰਜਾਬੀ ਸਾਹਿਤ ਸਭਾ, ਨਾਮਧਾਰੀ ਦਰਬਾਰ ਭੈਣੀ ਸਾਹਿਬ ਅਤੇ ਹੋਰ ਕਈਂ ਸੰਸਥਾਵਾਂ ਵੱਲੋਂ ਪ੍ਰੋ. ਡਾ ਦੀਪਕ ਮਨਮੋਹਨ ਸਿੰਘ ਦਾ ਵੱਖ-ਵੱਖ ਐਵਾਰਡਾਂ ਨਾਲ ਸਨਮਾਨ ਕੀਤਾ ਗਿਆ।
ਮੇਲੇ ਦੇ ਪਹਿਲੇ ਦੌਰ ਵਿੱਚ ਕਵੀ ਦਰਬਾਰ ਹੋਇਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ ਜਸਵੰਤ ਜਫ਼ਰ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਭੁਪਿੰਦਰਪ੍ਰੀਤ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ ਦਵਿੰਦਰ ਸੈਫ਼ੀ, ਸੁਨੀਲ ਚੰਦਿਅਣਵੀ, ਸਿਮਰਨ ਅਕਸ਼, ਹਰਪ੍ਰੀਤ ਕੌਰ ਸੰਧੂ, ਜਸਪਾਲ ਦੇਸੂਵੀ, ਡਾ ਗੁਰਵਿੰਦਰ ਅਮਨ ਰਾਜਪੁਰਾ, ਦਰਸ਼ਨ ਤਿਊਣਾ, ਸ਼ਾਇਰ ਰਮਨ ਸੰਧੂ, ਜੈਨਿੰਦਰ ਚੌਹਾਨ, ਹਰਮੀਤ ਆਰਟਿਸਟ, ਸਿਮਰਨ ਜੋਤ ਮਾਨ, ਗੁਰਜੋਧ ਕੌਰ ਨੇ ਕਵਿਤਾਵਾਂ, ਗਜ਼ਲਾਂ ਅਤੇ ਆਪਣੀ ਸ਼ਾਇਰੀ ਰਾਹੀਂ ਰੰਗ ਬੰਨ੍ਹਿਆ। ਕਵੀ ਦਰਬਾਰ ਦਾ ਮੰਚ ਸੰਚਾਲਨ ਸੁਸ਼ੀਲ ਦੁਸਾਂਝ ਨੇ ਕੀਤਾ।
ਦੂਜੇ ਦੌਰ ਵਿੱਚ ਗਾਇਕੀ ਦੀ ਸ਼ਾਨਦਾਰ ਪੇਸ਼ਕਾਰੀ ਹੋਈ। ਇਸ ਮੌਕੇ ਸਾਹਿਤ ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਡਾ. ਦੀਪਕ ਮਨਮੋਹਨ ਸਿੰਘ ਦੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਵਡਮੁੱਲੀ ਦੇਣ ਉੱਤੇ ਚਾਨਣਾ ਪਾਇਆ। ਉਨ੍ਹਾਂ ਡਾ. ਦੀਪਕ ਦੀ ਬਹੁ-ਪੱਖੀ ਸਖ਼ਸ਼ੀਅਤ ਉੱਤੇ ਚਾਨਣਾ ਪਾਇਆ। ਇਸ ਮਗਰੋਂ ਪ੍ਰਿੰਸੀਪਲ ਬਰਿੰਦਰ ਕੌਰ ਵੱਲੋਂ ਤਰਤੀਬ ਕੀਤੇ ਪ੍ਰੋਗਰਾਮ ਤਹਿਤ ਹਰਭਜਨ ਕੌਰ ਢਿਲੋਂ, ਅਮਰਜੀਤ ਕੌਰ, ਬਬੀਤਾ ਸਾਗਰ, ਗਾਇਕਾ ਸੁਚੇਤ ਬਾਲਾ, ਸੁੱਖੀ ਬਰਾਡ਼, ਪੰਜਾਬੀ ਗਾਇਕ ਪੰਮੀ ਬਾਈ, ਬਾਈ ਹਰਦੀਪ ਗਿੱਲ, ਆਰ ਦੀਪ ਰਮਨ, ਸਰਦਾਰ ਅਲੀ ਅਤੇ ਸਭ ਤੋਂ ਆਖੀਰ ਵਿਚ ਪੰਮਾ ਡੂਮੇਵਾਲ ਨੇ ਆਪੋ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਮੇਲੇ ਵਿਚ ਬਲਵਿੰਦਰ ਸਿੰਘ ਲਾਲੀ ਘੜੂਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿਚ ਦੇਵਿੰਦਰ ਗਰੇਵਾਲ (ਡੇਵਿਡ ਗਰੇਵਾਲ), ਅਮਰੀਕਾ ਤੋਂ ਆਏ ਪ੍ਰਿੰਸੀਪਲ ਡਾ. ਦਲਜੀਤ ਸਿੰਘ ਅੰਮ੍ਰਿਤਸਰ, ਪ੍ਰੋ ਐਸਐਸ ਸੰਘਾ ਬਾਦਲ ਕਾਲਜ, ਪ੍ਰਿੰਸੀਪਲ ਗੁਰਰਾਜ ਸਿੰਘ ਅਬੋਹਰ, ਐਡਵੋਕੇਟ ਮਨਜੀਤ ਸਿੰਘ ਖਹਿਰਾ, ਮੁਹਾਲੀ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਿਰਕਤ ਕੀਤੀ। ਨਾਮਧਾਰੀ ਦਰਬਾਰ ਭੈਣੀ ਸਾਹਿਬ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ। ਡਾ. ਦੀਪਕ ਮਨਮੋਹਨ ਸਿੰਘ ਨੇ ਮੇਲੇ ਦੇ ਪ੍ਰਬੰਧਕਾਂ, ਮਹਿਮਾਨਾਂ, ਗਾਇਕਾਂ, ਕਵੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮੁੱਚੇ ਜੀਵਨ ਵਿੱਚੋਂ ਮਿਲੇ ਵੱਡੇ-ਵੱਡੇ ਐਵਾਰਡਾਂ ਨਾਲੋਂ ਮੇਲੇ ਵਿਚ ਮਿਲਿਆ ਮਾਣ ਹਮੇਸ਼ਾ ਯਾਦ ਰਹੇਗਾ।
ਕੈਪਸ਼ਨ: ਮੁਹਾਲੀ ਵਿਚ ਹੋਏ ਪ੍ਰੋ. ਦੀਪਕ ਪੰਜਾਬੀ ਸੱਭਿਆਚਾਰਕ ਮੇਲੇ ਮੌਕੇ ਵੱਖ-ਵੱਖ ਸਖ਼ਸ਼ੀਅਤਾਂ ਦਾ ਸਨਮਾਨ ਕਰਦੇ ਹੋਏ ਡਾ ਦੀਪਕ ਮਨਮੋਹਨ ਸਿੰਘ ਅਤੇ ਪ੍ਰਬੰਧਕ।