ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਨਵੰਬਰ:
ਲਾਲਾ ਲਾਜਪਤ ਰਾਏ ਭਵਨ ਚੰਡੀਗੜ੍ਹ ਵਿਖੇ ਪਰਮਜੀਤ ਮਾਨ ਦੀ ਪੁਸਤਕ ‘ਸਮੁੰਦਰਨਾਮਾ’ ਉੱਤੇ ‘ਬੈਠਕ’ ਦੌਰਾਨ ਇੱਕ ਵਿਲੱਖਣ ਗੋਸ਼ਟੀ ਹੋਈ। ਇਸ ਬੈਠਕ ਵਿੱਚ ਡਾ. ਲਾਭ ਸਿੰਘ ਖੀਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਵੱਲੋਂ ਪ੍ਰਧਾਨਗੀ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਪੁਸਤਕ ਨੂੰ ਇਸੇ ਸਾਲ ਭਾਸ਼ਾ ਵਿਭਾਗ, ਪੰਜਾਬ ਵੱਲੋਂ ਡਾ. ਐੱਮ. ਐੱਸ. ਰੰਧਾਵਾ ਪੁਰਸਕਾਰ (ਨਵੀਂ ਸਾਹਿਤਿਕ ਵਿਧਾ ਗਿਆਨ ਸਾਹਿਤ) ਨਾਲ਼ ਸਨਮਾਨਿਤ ਕੀਤਾ ਗਿਆ ਹੈ।
ਇਸ ਵਿਚਾਰ ਚਰਚਾ ਵਿੱਚ ਡਾ. ਲਾਭ ਸਿੰਘ ਖੀਵਾ, ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਇੰਦਰਜੀਤ ਪ੍ਰੇਮੀ, ਡਾ. ਅਵਤਾਰ ਸਿੰਘ ਪਤੰਗ, ਸਰੂਪ ਸਿਆਲਵੀ, ਸੁਰਜੀਤ ਸੁਮਨ, ਦਰਸ਼ਨ ਸਿੰਘ ਕੰਸਾਲਾ ਅਤੇ ਡਾ. ਜਤਿੰਦਰ ਮਾਨ ਵੱਲੋਂ ਰਵਾਇਤੀ ਸਾਹਿਤਕ ਸਮਾਗਮਾਂ ਦੇ ਉਲਟ ‘ਸਮੁੰਦਰਨਾਮਾ’ ਦੇ ਲੇਖਕ ਪਰਮਜੀਤ ਮਾਨ ਦੀ ਸੰਗਤ ਵਿੱਚ ਬੈਠ ਕੇ ਗੰਭੀਰ ਸੰਵਾਦ ਰਚਾਇਆ ਗਿਆ। ‘ਸਮੁੰਦਰਨਾਮਾ’ ਦੇ ਲਿਖਣ ਅਨੁਭਵ ਬਾਰੇ ਲੇਖਕ ਨਾਲ਼ ਸਵਾਲ ਕੀਤੇ ਗਏ। ਪਰਮਜੀਤ ਮਾਨ ਨੇ ਬੜੇ ਵਿਸਥਾਰ ਵਿੱਚ ਇਨ੍ਹਾਂ ਸਵਾਲਾਂ ਦੇ ਉੱਤਰ ਦਿੰਦਿਆਂ ਉਨ੍ਹਾਂ ਦੀ ਜਗਿਆਸਾ ਨੁੰ ਸ਼ਾਂਤ ਕਰਨ ਦਾ ਉਪਰਾਲਾ ਕੀਤਾ ਗਿਆ।
ਹਾਜ਼ਰੀਨ ਵੱਲੋਂ ਲੇਖਕ ਪਰਮਜੀਤ ਮਾਨ ਨੂੰ ‘ਸਮੁੰਦਰਨਾਮਾ’ ਪੁਸਤਕ ਵਿੱਚਲੇ ਪਾਠਕ ਨੂੰ ਅਚੰਭਿਤ ਕਰਨ ਵਾਲ਼ੇ ਬਿਰਤਾਂਤ ਬਾਰੇ ਉਤਸੁਕਤਾਵਸ ਸਵਾਲ ਪੁੱਛੇ ਗਏ। ਪਰਮਜੀਤ ਮਾਨ ਵੱਲੋਂ ਹਰੇਕ ਸਵਾਲ ਦੀ ਘੁੰਡੀ ਨੂੰ ਬੜੇ ਠਰੰਮੇ ਨਾਲ਼ ਖੋਲ੍ਹਦਿਆਂ ਜਗਿਆਸਾ ਨੂੰ ਸ਼ਾਂਤ ਕੀਤਾ ਗਿਆ। ‘ਸਮੁੰਦਰਨਾਮਾ’ ਬਾਰੇ ਹੋਈ ਇਸ ਵਿਚਾਰ-ਚਰਚਾ ਨੂੰ ਸਮੇਟਦਿਆਂ ਪੁਸਤਕ ਦੇ ਲੇਖਕ ਪਰਮਜੀਤ ਮਾਨ ਨੇ ਸਮੁੰਦਰੀ ਜੀਵਨ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਕਈ ਕਈ ਮਹੀਨੇ ਧਰਤੀ ਦੇਖਣ ਲਈ ਤਰਸ ਜਾਂਦੇ ਸਨ। ਉਸ ਨੇ ਸਮੁੰਦਰੀ ਡਾਕੂਆਂ, ਵੱਖ ਵੱਖ ਬੰਦਰਗਾਹਾਂ, ਪਨਾਮਾ ਨਹਿਰ ਅਤੇ ਸਮੁੰਦਰੀ ਜਹਾਜ਼ ਦੇ ਅੰਦਰਲੇ ਮਾਹੌਲ ਬਾਰੇ ਕਾਫ਼ੀ ਵਿਸਤਾਰ ਵਿੱਚ ਚਾਨਣਾ ਪਾਇਆ। ਲੇਖਕ ਦੇ ਕਹਿਣ ਮੁਤਾਬਕ ਪਾਠਕਾਂ ਦੀ ਮੰਗ ‘ਤੇ ਇਹ ਕਿਤਾਬ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਜਲਦੀ ਛਪ ਰਹੀ ਹੈ।
ਪ੍ਰਿੰਸੀਪਲ ਸਤਨਾਮ ਸਿੰਘ ਨੇ ਕਿਹਾ ਕਿ ਇਹ ਕਿਤਾਬ ਇੱਕ ਅਨੌਖੀ ਵਿਧਾ ਹੈ। ਕਹਾਣੀ, ਆਪ-ਬੀਤੀ, ਜੀਵਨੀ, ਸਫ਼ਰਨਾਮਾ ਆਦਿ ਬਹੁਤ ਸਾਰੀਆਂ ਵਿਧਾਵਾਂ ਦਾ ਅਨੌਖਾ ਸੁਮੇਲ ਹੈ, ਪੁਸਤਕ ਸਮੁੰਦਰਨਾਮਾ। ਉਨ੍ਹਾਂ ਕਿਹਾ ਕਿ ਅਜਿਹੀ ਕਿਤਾਬ ਯੂਨੀਵਰਸਿਟੀ ਦੇ ਸਲੇਬਸ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ। ਅੰਤ ਵਿੱਚ ਮੈਂ ਕਹਿ ਸਕਦਾ ਹਾਂ ਅਜਿਹੀ ਖੁੰਢ ਚਰਚਾ ਬਹੁਤ ਸਾਰਥਿਕ ਹੈ ਅਤੇ ਅਜਿਹੀ ਚਰਚਾ ਵੱਖ ਵੱਖ ਕਿਤਾਬਾਂ ਉੱਤੇ ਹੁੰਦੀ ਰਹਿੰਣੀ ਚਾਹੀਦੀ ਹੈ। ਇਹ ਅੱਠ ਦਸ ਲੇਖਕਾਂ ਦਾ ਇਕੱਠੇ ਬੈਠ ਕੇ ਅਪਣੇ ਅਪਣੇ ਅਨੁਭਵ ਸੁਣਨ ਅਤੇ ਸੁਣਾਉਣ ਦਾ ਵਧੀਆਂ ਜ਼ਰੀਆ ਹੈ। ਅਜਿਹੀ ਚਰਚਾ ਲੇਖਕਾਂ ਨੂੰ ਲਿਖਦੇ ਰਹਿਣ ਲਈ ਹਲੂਣਾ ਦੇਣ ਦਾ ਸਾਰਥਿਕ ਢੰਗ ਵੀ ਹੈ।
‘ਬੈਠਕ’ ਦੇ ਕਨਵੀਨਰ ਸੁਰਜੀਤ ਸੁਮਨ ਨੇ ਅਗਲੀ ਵਾਰ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦੀ ਨਵ-ਪ੍ਰਕਾਸਿ਼ਤ ਪੁਸਤਕ ‘ਵਰਗ (ਵਰਣ) ਸੰਘਰਸ਼ ਅਤੇ ਸੰਸਕ੍ਰਿਤੀਆਂ ਦੀ ਆਪਸੀ-ਨਿਰਭਰਤਾ’ ਉੱਤੇ ਗੋਸ਼ਟੀ ਕਰਵਾਉਣ ਦਾ ਮਤਾ ਪੇਸ਼ ਕੀਤਾ ਗਿਆ, ਜੋ ਪਾਸ ਕਰ ਦਿੱਤਾ ਗਿਆ। ਆਖਰ ਵਿੱਚ ਡਾ.ਜਤਿੰਦਰ ਮਾਨ ਨੇ ਸਾਰਿਆਂ ਦਾ ਧੰਨਵਾਦ ਕੀਤਾ।