ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ:


ਪ੍ਰਸਿੱਧ ਹਿੰਦੀ ਲੇਖਿਕਾ ਡਾ. ਸੁਮਿਤਾ ਮਿਸ਼ਰਾ ਦੇ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’, ਜਿਸ ਨੂੰ ਉੱਘੇ ਲੇਖਕ ਸੁਭਾਸ਼ ਭਾਸਕਰ ਵੱਲੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ, ਨੂੰ ਚੰਡੀਗੜ੍ਹ ਲਿਟਰੇਰੀ ਸੁਸਾਇਟੀ ਵੱਲੋਂ ਕਰਵਾਏ ਗਏ 12ਵੇਂ ਲਿੱਟ ਫੈੱਸਟ 2024 (ਸੀ.ਐਲ.ਐਫ) ਦੌਰਾਨ ਡਾ. ਮਾਧਵ ਕੌਸ਼ਿਕ, ਨਵਤੇਜ ਸਿੰਘ ਸਰਨਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਮਨਰਾਜ ਗਰੇਵਾਲ਼, ਕਿਸ਼ਤਵਰ ਦਿਸਾਈ ਵੀ ਹਾਜ਼ਰ ਸਨ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਦਾ ਮੁੱਖ ਬੰਦ ਪਦਮਸ੍ਰੀ ਡਾ. ਸੁਰਜੀਤ ਪਾਤਰ ਵੱਲੋਂ ਲਿਖਿਆ ਗਿਆ ਸੀ, ਜਿਨ੍ਹਾਂ ਵੱਲੋਂ ਡਾ. ਸੁਮਿਤਾ ਮਿਸ਼ਰਾ ਦੇ ਕਾਵਿ ਸੰਗ੍ਰਹਿ ‘ਪਲਾਂ ਦੀ ਸ਼ਬਨਮ’ ਦੀਆਂ ਕਵਿਤਾਵਾਂ ਅਤੇ ਸੁਭਾਸ਼ ਭਾਸਕਰ ਦੁਆਰਾ ਕੀਤੇ ਗਏ ਪੰਜਾਬੀ ਅਨੁਵਾਦ ਦੀ ਪ੍ਰਸੰਸਾ ਕੀਤੀ ਗਈ ਹੈ । ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਵੱਲੋਂ ਵੀ ਇਨ੍ਹਾਂ ਕਵਿਤਾਵਾਂ ਨੂੰ ਸਲਾਹਿਆ ਗਿਆ ਹੈ।

