www.sursaanjh.com > ਅੰਤਰਰਾਸ਼ਟਰੀ > 31ਵੀਆਂ ਕਮਲਜੀਤ ਖੇਡਾਂ-2024 ਮੌਕੇ  ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

31ਵੀਆਂ ਕਮਲਜੀਤ ਖੇਡਾਂ-2024 ਮੌਕੇ  ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਖਿਡਾਰੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ

31ਵੀਆਂ ਕਮਲਜੀਤ ਖੇਡਾਂ-2024 ਮੌਕੇ  ਭਾਰਤੀ ਹਾਕੀ ਦੇ ਉਲੰਪਿਕਸ -24 ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਤੂਰ, ਅਰਜੁਨ ਚੀਮਾ ਤੇ ਮੁਹੰਮਦ ਇਆਸਰ ਨੂੰ ਪਹਿਲੀ ਦਸੰਬਰ ਨੂੰ ਕੋਟਲਾ ਸ਼ਾਹੀਆ (ਬਟਾਲਾ) ਵਿੱਚ ਸਨਮਾਨਿਤ ਕੀਤਾ ਜਾਵੇਗਾ 
ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 26 ਨਵੰਬਰ:
ਬਟਾਲਾ ਦੀ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ 28 ਨਵੰਬਰ ਤੋਂ 1 ਦਸੰਬਰ 2024 ਤੱਕ ਹੋ ਰਹੀਆਂ ਓਲੰਪਿਕ ਚਾਰਟਰ ਦੀਆਂ 31ਵੀਆਂ ਕਮਲਜੀਤ ਖੇਡਾਂ-2024 ਮੌਕੇ ਸਨਮਾਨਤ ਕੀਤੇ ਜਾਣ ਵਾਲੇ ਛੇ ਓਲੰਪੀਅਨ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਬਣਾਈ ਕਮੇਟੀ ਦੇ ਮੁਖੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਦਸੰਬਰ ਨੂੰ ਇਸ ਵਾਰ ਪੈਰਿਸ ਓਲੰਪਿਕ ਖੇਡਾਂ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਛੇ ਖਿਡਾਰੀਆਂ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ ਤੂਰ, ਅਰਜੁਨ ਸਿੰਘ ਚੀਮਾ ਤੇ ਮੁਹੰਮਦ ਇਆਸਰ ਨੂੰ 1 ਦਸੰਬਰ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ, ਜੋਸ਼ੀਲਾ ਤੇ ਖੇਡਾਂ, ਵਿਰਾਸਤ ਤੇ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਔਨਲਾਈਨ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਚੇਅਰਮੈਨ ਦਰੋਣਾਚਾਰੀਆ ਐਵਾਰਡੀ ਗੁਰਬਖਸ਼ ਸਿੰਘ ਸੰਧੂ, ਕਮੇਟੀ ਮੈਂਬਰ ਪ੍ਰਿੰਸੀਪਲ ਮੁਸ਼ਤਾਕ ਗਿੱਲ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਹਿੱਸਾ ਲਿਆ ਅਤੇ ਵੱਖ-ਵੱਖ ਖਿਡਾਰੀਆਂ ਦੀਆਂ ਪ੍ਰਾਪਤੀਆਂ ਉਤੇ ਵਿਚਾਰ ਵਟਾਂਦਰਾ ਕਰਕੇ ਸਨਮਾਨਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਫੈਸਲਾ ਕੀਤਾ ਗਿਆ ਹੈ। ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਹਾਕੀ ਟੀਮ ਦੇ 3 ਖਿਡਾਰੀਆਂ ਨੂੰ ਐਵਾਰਡ ਲਈ ਚੁਣਿਆ ਗਿਆ।ਇੱਕ ਅਥਲੀਟ, ਇੱਕ ਨਿਸ਼ਾਨੇਬਾਜ਼ ਤੇ ਇੱਕ ਪੈਰਾ ਅਥਲੀਟ ਨੂੰ ਚੁਣਿਆ ਗਿਆ ਜਿਸ ਨੇ ਪੈਰਿਸ ਵਿਖੇ ਹਿੱਸਾ ਲਿਆ।
ਇਸ ਵਾਰ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸੁਰਜੀਤ ਯਾਦਗਾਰੀ ਐਵਾਰਡ, ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ, ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ ਨੂੰ ਮਾਝੇ ਦਾ ਮਾਣ ਐਵਾਰਡ ਓਲੰਪੀਅਨ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੂੰ ਕਮਲਜੀਤ ਯਾਦਗਾਰੀ ਐਵਾਰਡ, ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਅਤੇ ਓਲੰਪੀਅਨ ਪੈਰਾ ਅਥਲੀਟ ਮੁਹੰਮਦ ਇਆਸਰ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿਃ) ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਪਿਛਲੇ 18 ਸਾਲਾਂ ਦੀ ਰੀਤ ਨੂੰ ਅੱਗੇ ਤੋਰਦਿਆਂ ਖੇਡ ਮੇਲੇ ਵਿੱਚ ਭਾਗ ਲੈਣ ਵਾਲੇ ਜੇਤੂ ਖਿਡਾਰੀਆਂ ਨੂੰ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਜਾਣਗੇ। ਇਸ ਵਾਰ ਨਵਦੀਪ ਸਿੰਘ ਗਿੱਲ ਦੀ ਲਿਖੀ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਪੁਸਤਕ ਉੱਡਣਾ ਬਾਜ਼(ਉਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ),ਅਮਰੀਕਾ ਵਾਸੀ ਖੋਜੀ ਵਿਦਵਾਨ ਸ. ਧਰਮ ਸਿੰਘ ਗੋਰਾਇਆ ਦੀ ਪੁਸਤਕ ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ, ਤੇ ਪ੍ਰੋ. ਗੁਰਭਜਨ ਗਿੱਲ ਦੀ ਗ਼ਜ਼ਲ ਪੁਸਤਕ ਗੁਲਨਾਰ ਵੀ ਦਿੱਤੀ ਜਾਵੇਗੀ। ਇਹ ਸਾਰੀਆਂ ਕਿਤਾਬਾਂ ਧਰਮ ਸਿੰਘ ਗੋਰਾਇਆ, ਦਿਲਬਾਗ ਸਿੰਘ ਭੱਟੀ ਖਤਰਾਏ ਕਲਾਂ(ਅੰਮ੍ਰਿਤਸਰ) ਤੇ ਗੁਰਭਜਨ ਗਿੱਲ ਪਰਿਵਾਰ ਵੱਲੋਂ ਕਮਲਜੀਤ ਖੇਡਾਂ ਲਈ ਭੇਂਟ ਕੀਤੀਆਂ ਗਈਆਂ ਹਨ। ਸਾਡਾ ਮਨੋਰਥ ਇਹ ਹੀ ਹੈ ਕਿ ਖਿਡਾਰੀ ਕੇਵਲ ਬਾਹੂਬਲੀ ਨਾ ਸਮਝੇ ਜਾਣ ਸਗੋਂ ਉਨ੍ਹਾਂ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇ। ਪਹਿਲੀ ਦਸੰਬਰ ਨੂੰ ਖਿਡਾਰੀਆਂ ਦੇ ਸਨਮਾਨ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ , ਤਰੁਣਪ੍ਰੀਤ ਸਿੰਘ ਸੌਂਦ , ਪਿੰਡ ਦੇ ਜੰਮਪਲ ਤੇ ਖੇਡ ਆਯੋਜਨ ਕਮੇਟੀ ਦੇ ਚੇਅਰਮੈਨ ਅਮਨ਼ਸ਼ੇਰ ਸਿੰਘ ਕਲਸੀ(ਸ਼ੈਰੀ) ਵਿਧਾਇਕ ਬਟਾਲਾ  ਨਿਭਾਉਣਗੇ। ਡਿਪਟੀ ਕਮਿਸ਼ਨਰ ਸ਼੍ਰੀ ਉਮਾ ਸ਼ੰਕਰ ਤੇ ਐੱਸ ਐੱਸ ਪੀ ਬਟਾਲਾ ਸੁਹੇਲ ਮੀਰ ਵੀ ਇਸ ਮੌਕੇ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਣਗੇ।

Leave a Reply

Your email address will not be published. Required fields are marked *