www.sursaanjh.com > ਅੰਤਰਰਾਸ਼ਟਰੀ > ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ “ਹਿੰਦੀ ਸੇ ਪੰਜਾਬੀ ਸੀਖੇਂ” ਪੁਸਤਕ ’ਤੇ ਵਿਚਾਰ ਚਰਚਾ ਆਯੋਜਿਤ

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ “ਹਿੰਦੀ ਸੇ ਪੰਜਾਬੀ ਸੀਖੇਂ” ਪੁਸਤਕ ’ਤੇ ਵਿਚਾਰ ਚਰਚਾ ਆਯੋਜਿਤ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 30 ਨਵੰਬਰ:

ਮਾਣਯੋਗ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ-ਨਿਰਦੇਸ਼ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਮਿਤੀ 29.11.2024 ਨੂੰ ਉੱਘੇ ਵਿਦਵਾਨ ਤੇ ਸ਼ਾਇਰ ਹਰਵਿੰਦਰ ਸਿੰਘ ਦੀ ਕਿਤਾਬ “ਹਿੰਦੀ ਸੇ ਪੰਜਾਬੀ ਸੀਖੇਂ” ’ਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਉੱਘੇ ਸ਼ਾਇਰ ਤੇ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਸ਼੍ਰੀ ਜਸਵੰਤ ਸਿੰਘ ਜ਼ਫ਼ਰ ਸ਼ਾਮਿਲ ਹੋਏ ਤੇ ਪ੍ਰਧਾਨਗੀ ਮੰਡਲ ਵਿਚ ਉੱਘੇ ਆਲੋਚਕ, ਨਾਵਲਕਾਰ ਡਾ. ਮਨਮੋਹਨ, ਅਨੁਵਾਦਕ ਤੇ ਵਿਦਵਾਨ ਜੰਗ ਬਹਾਦੁਰ ਗੋਇਲ, ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਸਮਾਗਮ ਦੇ ਅਗਲੇ ਪੜਾਅ ਵਿਚ ਲੇਖਕ ਹਰਵਿੰਦਰ ਸਿੰਘ ਚੰਡੀਗੜ੍ਹ ਨੇ ਕਿਤਾਬ ਬਾਰੇ ਬੋਲਦਿਆਂ ਆਪਣੇ ਅਨੁਭਵ ਦੱਸੇ ਕਿ ਕਿਹੜੇ ਉਦੇਸ਼ਾਂ ਨੂੰ ਸਾਹਮਣੇ ਰੱਖ ਉਹਨਾਂ ਨੇ ਇਹ ਕਿਤਾਬ ਲਿਖੀ। ਇਸ ਤੋਂ ਬਾਅਦ ਪਹਿਲੇ ਬੁਲਾਰੇ ਉੱਘੇ ਵਿਦਵਾਨ  ਤੇ ਲੇਖਕ ਪ੍ਰੀਤਮ ਰੁਪਾਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਲੇਖਕ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀ ਸੁਭਾਅ ਨੂੰ ਸਮਝ ਕੇ ਇਹ ਕਿਤਾਬ ਲਿਖੀ ਹੈ ਇਸ ਲਈ ਇਹ ਕਿਤਾਬ ਮਹੱਤਵਪੂਰਨ ਹੈ। ਉਹਨਾਂ ਨੇ ਭਾਸ਼ਾ ਦੇ ਉਚਾਰਨ ਬਾਰੇ ਕਈ ਨੁਕਤੇ ਉਠਾਏ। ਇਸ ਤੋਂ ਬਾਅਦ ਸੰਵਾਦ ਅਧੀਨ ਕਿਤਾਬ ਬਾਰੇ ਬੋਲਦਿਆਂ ਹਿੰਦੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਉੱਘੇ ਵਿਦਵਾਨ ਪ੍ਰੋ. ਗੁਰਮੀਤ ਸਿੰਘ ਨੇ ਵਿਸਥਾਰ ਨਾਲ ਗੱਲ ਕਰਦੇ ਹੋਏ ਕਈ ਸ਼ਬਦਾਂ ‘ਤੇ ਸਵਾਲ ਉਠਾਏ ਤੇ ਲੇਖਕ ਨੂੰ ਕਈ ਗੱਲਾਂ ‘ਤੇ ਸਪਸ਼ਟ ਹੋਣ ਬਾਰੇ ਕਿਹਾ। ਸਰੋਤਿਆਂ ਵਿੱਚੋਂ ਬੋਲਦੇ ਪ੍ਰੋ. ਅਤੈ ਸਿੰਘ ਨੇ ਉਪ-ਬੋਲੀਆਂ ਦੇ ਮਹੱਤਵ ਬਾਰੇ ਦੱਸਿਆ।

ਪ੍ਰਧਾਨਗੀ ਮੰਡਲ ਵਿੱਚੋਂ ਆਲੋਚਕ  ਡਾ.ਪ੍ਰਵੀਨ ਕੁਮਾਰ ਨੇ ਕਿਤਾਬ ਨੂੰ ਸ਼ਲਾਘਯੋਗ ਕਦਮ ਮੰਨਿਆ ਪਰ ਅਗਾਂਹ ਜੋੜਦਿਆਂ ਕਿਹਾ ਭਾਸ਼ਾ ਦੇ ਸਭਿਆਚਾਰਕ ਰੂਪਾਂਤਰਨ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਜੰਗ ਬਹਾਦੁਰ ਗੋਇਲ ਜੀ ਨੇ ਕਿਤਾਬ ਨੂੰ ਸਿੱਖਣ ਦਾ ਪਹਿਲ ਪੜਾਅ ਕਿਹਾ, ਉਹਨਾਂ ਅੱਗੇ ਕਿਹਾ ਕਿ ਇਹ ਕਿਤਾਬ ਲਾਈਟ ਹਾਊਸ ਵਾਂਗ ਰਾਹ ਦਸੇਰੀ ਹੈ। ਸਮਾਗਮ ਦੇ ਮੁੱਖ ਮਹਿਮਾਨ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀ ਜਸਵੰਤ ਸਿੰਘ ਜ਼ਫ਼ਰ ਨੇ ਅੱਜ ਦੇ ਸਮਾਗਮ ਨੂੰ ਸਾਰਥਕ ਦੱਸਿਆ ਤੇ ਇਸ ਤਰ੍ਹਾਂ ਦੇ ਲੇਖਣੀ ਨੂੰ ਮਾਂ-ਬੋਲੀ ਪੰਜਾਬੀ ਦੀ ਅਸਲੀ ਸੇਵਾ  ਦੱਸਿਆ। ਉਹਨਾਂ ਮਾਂ ਬੋਲੀ ਦੇ ਮਹੱਤਵ ਬਾਰੇ ਵੀ ਚਾਨਣਾ ਪਾਇਆ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਮਨਮੋਹਨ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਅੱਜ ਦਾ ਸਮਾਗਮ ਪੰਜਾਬੀ ਮਾਹ ਦੇ ਮੌਕੇ ‘ਤੇ ਮਹੱਤਵਪੂਰਨ ਹੋ ਨਿਬੜਿਆ ਹੈ। ਉਹਨਾਂ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਅਨੁਵਾਦ ਤੇ ਅਧਿਆਪਨ ਵਿਚ ਫ਼ਰਕ ਹੁੰਦਾ ਹੈ; ਲੇਖਕ ਨੂੰ ਇਸ ਗੱਲ ਦਾ ਥੋੜ੍ਹਾ ਖ਼ਿਆਲ ਰੱਖਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿਤਾਬ ਚੰਗੀ ਕੋਸ਼ਿਸ਼ ਹੈ ਤੇ ਉਮੀਦ ਹੈ ਕਿ ਲੇਖਕ ਹੋਰ ਮਿਹਨਤ ਨਾਲ ਅਗਲੀ ਕਿਤਾਬ ਲੈ ਕੇ ਆਵੇਗਾ। ਮੰਚ ਸੰਚਾਲਨ ਲੇਖਕ ਜਗਦੀਪ ਸਿੱਧੂ ਨੇ ਕੀਤਾ।

ਇਸ ਸਮਾਗਮ ਵਿਚ ਉੱਘੇ ਸ਼ਾਇਰ, ਕਹਾਣੀਕਾਰ ਗੁਲ ਚੌਹਾਨ, ਸਿਰਮੌਰ ਕਹਾਣੀਕਾਰ ਬਲੀਜੀਤ, ਸ਼ਾਇਰ ਗੁਰਪ੍ਰੀਤ ਸੈਣੀ, ਸ਼ਾਇਰ ਡਾ.ਸੁਰਿੰਦਰ ਗਿੱਲ, ਸ਼ੁਸ਼ੀਲ ਕੌਰ, ਭੁਪਿੰਦਰ ਮਲਿਕ, ਜਗਬੀਰ ਕੌਰ, ਹਰਭਜਨ ਕੌਰ ਢਿੱਲੋਂ, ਧਿਆਨ ਸਿੰਘ ਕਾਹਲੋਂ, ਨਾਟਕਕਾਰ ਸੰਜੀਵਨ ਸਿੰਘ ਅਤੇ ਬਲਦੇਵ ਸਿੰਘ ਆਦਿ ਸ਼ਾਮਿਲ ਹੋਏ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Leave a Reply

Your email address will not be published. Required fields are marked *