ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਦਸੰਬਰ:
ਪੁਰਾਤਨ ਮਿੱਥਾਂ ਦੇ ਆਰ-ਪਾਰ
ਪੁਰਾਤਨ ਸਮੇਂ ਵਿੱਚ ਸਿਆਣੇ ਲੋਕਾਂ ਵੱਲੋਂ ਸਮਾਜ ਨੂੰ ਆਪਣੇ ਢੰਗ ਨਾਲ ਮੋੜਾ ਦੇਣ ਲਈ ਲੋੜ ਅਨੁਸਾਰ ਸਮੇਂ-ਸਮੇਂ ‘ਤੇ ਆਪਣੀ ਸੂਝ ਅਨੁਸਾਰ ਕੁਝ ਸੇਧਾਂ ਦੇਣ ਦਾ ਉਪਰਾਲਾ ਕੀਤਾ ਜਾਂਦਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਬਹੁਤ ਸਾਰੀਆਂ ਮਿੱਥਾਂ (ਮਿੱਥੀਆਂ ਹੋਈਆਂ ਗੱਲਾਂ, ਜਿਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਸੀ ਹੁੰਦਾ) ਸੀਨਾ-ਬ-ਸੀਨਾ ਹੀ ਅੱਗੇ ਵਿਰਸੇ ਵਜੋਂ ਤੁਰਦੀਆਂ ਸਨ। ਮਨੁੱਖ ਨੂੰ ਜਿਸ ਵੀ ਵਸਤੂ ਤੋਂ ਡਰ/ਭੈਅ ਲੱਗਦਾ ਸੀ ਜਾਂ ਲਾਲਚਵੱਸ ਉਸ ਨੂੰ ਆਪਣਾ ਦੇਵੀ ਜਾਂ ਦੇਵਤਾ ਮੰਨ ਲੈਂਦੇ ਸੀ ਅਤੇ ਉਹ ਨਰਾਜ਼ ਨਾ ਹੋ ਜਾਵੇ, ਇਸ ਕਰਕੇ ਸਮੇਂ-ਸਮੇਂ ‘ਤੇ ਉਸ ਦੀ ਪੂਜਾ ਅਰਚਨਾ ਦਾ ਰਿਵਾਜ਼ ਵੀ ਪ੍ਰਚੱਲਿਤ ਹੁੰਦਾ ਗਿਆ। ਸਮਾਜ ਨੂੰ ਸੇਧ ਦੇਣ ਲਈ ਕੋਈ ਵੀ ਗੱਲ ਸਿਆਣਿਆਂ ਵੱਲੋਂ ਜਦੋਂ ਸਮਝਾਈ ਜਾਂਦੀ ਸੀ ਤਾਂ ਉਸ ਪ੍ਰਤੀ ਸਮਾਜ ਦੇ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ ਤਾਂ ਜੋ ਸਾਰੇ ਲੋਕ ਉਸ ਗੱਲ ਨੂੰ ਇੱਕ ਮੀਲ ਪੱਥਰ ਦੀ ਤਰ੍ਹਾਂ ਮੰਨ ਲੈਣ ਅਤੇ ਕਿਸੇ ਕਿਸਮ ਦੇ ਦੁਰ-ਪ੍ਰਭਾਵ ਤੋਂ ਬਚੇ ਰਹਿਣ। ਇਸ ਤਰ੍ਹਾਂ ਹੀ ਲੋਕ ਵਿਸ਼ਵਾਸ਼ ਹੌਲੀ-ਹੌਲੀ ਮਿੱਥ ਦਾ ਰੂਪ ਧਾਰਨ ਕਰਦੇ ਗਏ ਪਰ ਉਸ ਦੇ ਪਿੱਛੇ ਛੁਪੇ ਰਹੱਸ ਤੋਂ ਕੋਰੇ ਹੀ ਰਹਿ ਜਾਂਦੇ ਸਨ। ਇਸ ਲੇਖ ਦਾ ਪ੍ਰਯੋਜਨ ਇਨ੍ਹਾਂ ਮਿੱਥਾਂ ਪਿੱਛੇ ਛੁਪੇ ਰਹੱਸ ਜਾਂ ਕਾਰਨ ਨੂੰ ਉਜਾਗਰ ਕਰਨਾ ਹੈ। ਆਓ ਇੱਕ-ਇੱਕ ਕਰਕੇ ਪੁਰਾਤਨ ਮਿੱਥਾਂ ਦੇ ਰਹੱਸ ਨੂੰ ਜਾਨਣ ਦਾ ਯਤਨ ਕਰੀਏ:-
ਨਵ ਵਿਆਹੀ ਜੋੜੀ ਤੋਂ ਮਾਂ ਪਾਣੀ ਕਿਉਂ ਵਾਰਦੀ ਹੈ?
ਜਦੋਂ ਲੜਕਾ ਵਿਆਹ ਕੇ ਬਹੂ ਨੂੰ ਆਪਣੇ ਘਰ ਲਿਆਉਂਦਾ ਸੀ ਤਾਂ ਲੜਕੇ ਦੀ ਮਾਂ, ਘਰ ਦੇ ਦਰਵਾਜ਼ੇ ‘ਤੇ ਖਲੋ ਕੇ ਮਿੱਠੇ ਜਲ ਨਾਲ ਭਰੀ ਗੜ੍ਹਵੀ ਲੈ ਕੇ ਨੂੰਹ-ਪੁੱਤ ਤੋਂ ਪਾਣੀ ਵਾਰ ਕੇ ਪੀਣ ਦੀ ਰਸਮ ਨਿਭਾਉਂਦੀ ਸੀ ਤੇ ਲੜਕਾ ਮਾਂ ਨੂੰ ਵਾਰ-ਵਾਰ ਪਾਣੀ ਪੀਣ ਤੋਂ ਰੋਕਦਾ ਸੀ। ਇਸ ਪਿਛੇ ਧਾਰਨਾ ਸੀ ਕਿ ਲੜਕੇ ਦੀ ਮਾਂ, ਨੂੰਹ-ਪੁੱਤ ਦੀਆਂ ਸਾਰੀਆਂ ਮੁਸ਼ਕਿਲਾਂ ਆਪਣੇ ਸਿਰ ਲੈਣ ਲਈ ਵਾਰ-ਵਾਰ ਗੜਵੀ ਵਿਚਲੇ ਮਿੱਠੇ ਪਾਣੀ ਨੂੰ ਵਾਰ ਕੇ ਪੀਣ ਦਾ ਯਤਨ ਇਸ ਕਰਕੇ ਕਰਦੀ ਸੀ ਕਿ ਨਵੀਂ ਜੋੜੀ ਨੂੰ ਕਿਸੇ ਕਿਸਮ ਦਾ ਕੋਈ ਦੁੱਖ/ਤਕਲੀਫ ਨਾ ਆਵੇ।
ਸੱਚ ਪੁਛੋਂ ਤਾਂ ਵਿਆਹ ਵਾਲੇ ਦਿਨ ਦਾ ਚਾਅ ਹੀ ਏਨਾ ਹੁੰਦਾ ਸੀ ਕਿ ਸੱਸ ਆਪਣੀ ਨਵੀਂ ਨੂੰਹ ਤੋਂ ਸਦਕੇ ਜਾਂਦੀ ਨਹੀਂ ਸੀ ਥੱਕਦੀ। ਇਕ ਹੋਰ ਪਾਤਰ ਲੜਕੇ ਦੀ ਭੈਣ ਜੋ ਨਣਦ ਬਣਦੀ ਹੈ, ਉਹ ਵੀ ਭਰਜਾਈ ਤੋਂ ਜਾਨ ਵਾਰਨ ਤੱਕ ਜਾਂਦੀ ਸੀ ਪਰ ਇਹ ਬਨਾਉਟੀ ਪਿਆਰ ਜਲਦੀ ਹੀ ਰੰਗ ਦਿਖਾਉਣ ਲੱਗ ਪੈਂਦਾ ਸੀ। ਵਧੇਰੇ ਕਰਕੇ ਕਲੇਸ਼ ਦਾ ਕਾਰਨ ਬਣਦਾ ਸੀ। ਇਹ ਰਸਮ ਅੱਜ ਵੀ ਨਿਰੰਤਰ ਜਾਰੀ ਹੈ। ਮੇਰੀ ਜਾਚੇ ਇਹ ਰਸਮ ਘਰ ਵਿੱਚ ਪਹਿਲਾਂ ਰਹਿ ਰਹੀਆਂ ਤੇ ਨਵੀਂ ਆਈ ਔਰਤ ਵਿੱਚ ਪਿਆਰ ਵਧਾਉਣ ਦਾ ਇਕ ਸੰਕੇਤ/ਨਸੀਹਤ ਹੁੰਦੀ ਸੀ ਤਾਂ ਜੋ ਘਰ ਵਿੱਚ ਸਾਰੀਆਂ ਔਰਤਾਂ ਖੁਸ਼ ਰਹਿਣ ਤੇ ਘਰ ਨੂੰ ਖੁਸ਼ਗਵਾਰ ਬਣਾਉਣ।
ਨਵੀਂ-ਨਵੇਲੀ ਨੂੰਹ ਤੇ ਪੁੱਤ ਇਸ ਮੌਕੇ ਮਾਂ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲੈਂਦੇ ਸਨ, ਪਰ ਹੈਰਾਨੀਂ ਉਦੋਂ ਹੁੰਦੀ ਜਦੋਂ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਇਹਨਾਂ ਇਸਤਰੀ ਪਾਤਰਾਂ ਵਿੱਚ ਆਪਸੀ ਖਹਿਬਾਜ਼ੀ ਆਰੰਭ ਹੋ ਜਾਂਦੀ ਹੈ ਤੇ ਘਰ ਦਾ ਮਾਹੌਲ ਖ਼ਰਾਬ ਹੋਣ ਲੱਗ ਜਾਂਦਾ। ਕਿੱਥੇ ਤਾਂ ਮਾਂ, ਵਿਆਹ ਵਾਲੇ ਦਿਨ ਬਹੂ ਤੇ ਪੁੱਤ ਦੇ ਸਾਰੇ ਦੁੱਖ ਆਪਣੀ ਝੋਲੀ ਪਾਉਣ ਲਈ ਝੱਟ-ਪੱਟ ਤਿਆਰ ਹੋ ਜਾਂਦੀ ਸੀ ਤੇ ਉਸੇ ਮਾਂ ਨੂੰ ਥੋੜ੍ਹੇ ਸਮੇਂ ਬਾਅਦ ਨੂੰਹ ਬੁਰੀ ਵੀ ਲੱਗਣ ਲੱਗ ਜਾਂਦੀ ਸੀ।
ਇਸ ਦੋਹਰੇ ਕਿਰਦਾਰ ਕਰਕੇ ਦੁੱਖ ਮਿਟਣ ਦੀ ਜਗ੍ਹਾ ਹੋਰ ਗਹਿਰਾ ਹੋ ਜਾਂਦਾ ਤੇ ਨੌਬਤ ਚੁੱਲ੍ਹੇ ਵੱਖ ਹੋਣ ਤੱਕ ਆ ਜਾਂਦੀ। ਨੂੰਹ ਵੀ ਕੁਝ ਸਮਾਂ ਤਾਂ ਸੱਸ ਦੀ ਇੱਜਤ ਕਰਦੀ ਤੇ ਫਿਰ ਛੇਤੀ ਹੀ ਆਪਣਾ ਅਸਲੀ ਰੰਗ ਦਿਖਾ ਦੇਂਦੀ ਹੈ। ਜੇ ਵਿਆਹ ਵਾਲੇ ਦਿਨ ਦੀ ਤਰ੍ਹਾਂ ਹੀ ਇਕ ਦੂਜੀ ਦੀ ਇੱਜ਼ਤ ਕਰਨ ਤਾਂ ਘਰ, ਘਰ ਨਹੀਂ ਮੰਦਿਰ ਬਣ ਜਾਵੇਗਾ ਅਤੇ ਪਾਣੀ ਵਾਰ ਕੇ ਪੀਣ ਵਾਲੀ ਰਸਮ ਦੇ ਪਿੱਛੇ ਕੰਮ ਕਰਦੀ ਬਜ਼ੁਰਗਾਂ ਦੀ ਮਨਸ਼ਾ ਵੀ ਸਹੀ ਅਰਥਾਂ ਵਿੱਚ ਸਾਰਥਿਕ ਬਣ ਸਕੇਗੀ ਤੇ ਨੂੰਹ-ਸੱਸ ਦੇ ਰਿਸ਼ਤੇ ਦੀ ਮਿਠਾਸ ਵੀ ਬਰਕਰਾਰ ਰਹੇਗੀ।
ਰਾਜ ਕੁਮਾਰ ਸਾਹੋਵਾਲ਼ੀਆ – 89682 40914