ਸਭਾ ਦੀ ਮਹੀਨੇਵਾਰ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ
ਦੋਰਾਹਾ ਮੰਡੀ (ਸੁਰ ਸਾਂਝ ਡਾਟ ਕਾਮ ਬਿਊਰੋ), 3 ਦਸੰਬਰ:
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਮੀਟਿੰਗ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪਿਛਲੇ ਦਿਨੀਂ ਸਦਾ ਲਈ ਵਿਛੜੇ ਜ਼ਿਲ੍ਹਾ ਲੁਧਿਆਣਾ ਦੇ ਲੰਮਾਂ ਸਮਾਂ ਸਕੱਤਰ ਰਹੇ ਕਾਮਰੇਡ ਕਰਤਾਰ ਬੁਆਣੀ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਉਹਨਾਂ ਵਲੋਂ ਕੀਤੇ ਗਏ ਸੰਘਰਸ਼ ਬਾਰੇ ਹਾਜ਼ਰ ਕਹਾਣੀਕਾਰ ਗੁਰਦਿਆਲ ਦਲਾਲ, ਬਲਦੇਵ ਝੱਜ, ਬੁੱਧ ਸਿੰਘ ਨੀਲੋਂ ਅਤੇ ਸੁਰਿੰਦਰ ਰਾਮਪੁਰੀ ਵਲੋਂ ਉਨ੍ਹਾਂ ਨਾਲ ਜੁੜੀਆਾਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਦਸੰਬਰ ਮਹੀਨੇ ਦੀ ਇਸ ਮੀਟਿੰਗ ਵਿੱਚ ਹਰਲੀਨ ਕੌਰ, ਜਸ਼ਨਪ੍ਰੀਤ ਕੌਰ ਅਤੇ ਮੋਨੂੰ ਕੁਮਾਰ ਪਹਿਲੀ ਵਾਰ ਸ਼ਾਮਿਲ ਹੋਏ। ਸਭਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਰਲੀਨ ਕੌਰ ਅੰਗਰੇਜ਼ੀ ਵਿੱਚ ਇੱਕ ਕਿਤਾਬ ਲਿਖ ਚੁੱਕੇ ਹਨ। ਉਨ੍ਹਾਂ ਨੇ ਆਪਣੀ ਕਿਤਾਬ ਬਾਰੇ ਬੋਲਦਿਆ ਦੱਸਿਆ ਕਿ ਇਸ ਕਿਤਾਬ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੇ ਅਨੁਭਵਾਂ ਨੂੰ ਕਲਮਬੰਦ ਕੀਤਾ ਹੈ।
ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਵੀ ਹਰਲੀਨ ਕੌਰ ਦੀ ਕਵਿਤਾ ‘ਮੇਰਾ ਸੰਘਰਸ਼’ ਨਾਲ ਹੋਈ। ਉਨ੍ਹਾਂ ਤੋਂ ਬਾਅਦ ਜਸਵੀਰ ਕੌਰ ਨੇ ਕਵਿਤਾ ‘ਮੇਰੇ ਦੇਸ਼ ਦੇ ਵੀਰ ਜਵਾਨੋਂ ‘ ਕਹੀ। ਕਰਨੈਲ ਸਿੰਘ ਸਿਵੀਆ ਨੇ ਕਵਿਤਾ ‘ਰੂਹ ਦੀ ਆਵਾਜ਼’ ਕਹੀ। ਸਿਵੀਆ ਦੀ ਇਸ ਕਵਿਤਾ ‘ਤੇ ਸਭਾ ਵਿੱਚ ਚੰਗੀ ਚਰਚਾ ਹੋਈ।ਗੁਰਦਿਆਲ ਦਲਾਲ ਤੇ ਬੁੱਧ ਸਿੰਘ ਨੀਲੋਂ ਨੇ ਆਤਮਾ-ਪਰਮਾਤਮਾ ਦੇ ਨਾ ਹੋਣ ਬਾਰੇ ਤਰਕ ਦਿੱਤੇ ਤਾਂ ਸੁਰਿੰਦਰ ਰਾਮਪੁਰੀ, ਅਮਨ ਆਜ਼ਾਦ, ਬਲਦੇਵ ਝੱਜ ਤੇ ਬਲਵੰਤ ਮਾਂਗਟ ਕਵਿਤਾ ਦੇ ਪੱਖ ਵਿੱਚ ਖੜ੍ਹੇ। ਸਭਾ ਵਿੱਚ ਕਹੀ ਕਿਸੇ ਰਚਨਾ ਤੇ ਸਾਰਥਿਕ ਸੰਵਾਦ ਦੀ ਇਹ ਰਵਾਇਤ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਦਹਾਕਿਆਂ ਪਰਾਣੀ ਹੈ।
ਇਸ ਤੋਂ ਬਾਅਦ ਗੁਰਦਿਆਲ ਦਲਾਲ ਨੇ ਗ਼ਜ਼ਲ ‘ਦਰਦਾਂ ਨੂੰ ਛੇੜੋ ਨਾ ਭਾਈ ਮੁਸ਼ਕਿਲ ਨਾਲ ਸਲ਼ਾਏ ਨੇ , ਸੁਰਿੰਦਰ ਰਾਮਪੁਰੀ ਨੇ ਕਵਿਤਾ ‘ਖੇਡ ਤੇ ਜੰਗ’, ਅਮਰਿੰਦਰ ਸੋਹਲ ਨੇ ਗ਼ਜ਼ਲ ‘ਉਹਨੇ ਵੀ ਦਿਲ ਦਾ ਬੂਹਾ ਖੋਲ੍ਹ ਦਿੱਤਾ ਹੈ’, ਬਲਦੇਵ ਝੱਜ ਨੇ ਕਵਿਤਾ ‘ਇੱਕ ਦਿਨ ਦੇਖਿਆ ਵਿੱਚ ਬਗੀਚੀ’ , ਕਮਲਜੀਤ ਨੀਲੋਂ ਨੇ ਕਹਾਣੀ ‘ਉਡਾਰੀ’, ਮਲਕੀਤ ਮਾਲੜਾ ਨੇ ਕਵਿਤਾ ‘ਖੂਨ ਪਸੀਨੇ ਦੀ ਕਮਾਈ ਵਿੱਚ ਬਰਕਤ ਹੁੰਦੀ ਵਾਧੂ ਜੀ’, ਪ੍ਰਭਜੋਤ ਰਾਮਪੁਰ ਨੇ ਗ਼ਜ਼ਲ ‘ਇੱਕ ਅਨੋਖਾ ਵਰ ਕੋਲੇ ਹੈ’, ਤਰਣ ਰਾਮਪੁਰੀ ਨੇ ਗ਼ਜ਼ਲ ‘ਕਿੰਨਾ ਸੋਹਣਾ ਪਲ ਹੁੰਦਾ ਹੈ’, ਸੋਨੂੰ ਕੁਮਾਰ ਨੇ ਆਪਣੀ ਰਚਨਾ ‘ਨਿਗਾਹੇਂ ਹੈਂ ਆਪਕੀ ਪਹਿਚਾਣ ਹੈ ਹਮਾਰੀ’, ਅਨਿਲ ਫ਼ਤਿਹਗੜ ਜੱਟਾਂ ਨੇ ਕੈਦੋਂ ਦਾ ਕਿੱਸਾ’ ਅਤੇ ਸ਼ੇਰ ਸਿੰਘ ਨੇ ਗੀਤ ‘ਜਦੋਂ ਪੰਜਾ ਸੀ ਪਹਾੜ ਨੂੰ ਲਾਇਆ’, ਸੁਣਾਇਆ।
ਇਸ ਮੀਟਿੰਗ ਵਿੱਚ ਅਮਨ ਆਜ਼ਾਦ, ਜਸ਼ਨਪ੍ਰੀਤ ਕੌਰ, ਬੁੱਧ ਸਿੰਘ ਨੀਲੋਂ ਅਤੇ ਜਗਦੇਵ ਮਕਸੂਦੜਾ ਨੇ ਸੁਣਾਈਆਂ ਰਚਨਾਵਾਂ ‘ਤੇ ਹੋਈ ਚਰਚਾ ਵਿੱਚ ਭਾਗ ਲਿਆ। ਅੰਤ ਵਿਚ ਸਭਾ ਦੇ ਪ੍ਰਧਾਨ ਅਨਿਲ ਫ਼ਤਹਿਗੜ੍ਹ ਜੱਟਾਂ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਸਾਹਿਤਕਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਰਲੀਨ ਕੌਰ ਨੇ ਆਪਣੀ ਕਿਤਾਬ ਸਭਾ ਦੀ ਲਾਇਬ੍ਰੇਰੀ ਨੂੰ ਭੇਟ ਕੀਤੀ। ਸਭਾ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਦੁਆਰਾ ਬਹੁਤ ਭਾਵਪੂਰਨ ਤਰੀਕੇ ਨਾਲ ਨਿਭਾਈ ਗਈ। ਸਭਾ ਦੀ ਕਾਰਵਾਈ ਦੌਰਾਨ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ ਤੇ ਤਰਨ ਰਾਮਪੁਰ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ।
ਬਲਵੰਤ ਮਾਂਗਟ, ਜਨਰਲ ਸਕੱਤਰ, ਪੰਜਾਬੀ ਲਿਖਾਰੀ ਸਭਾ ਰਾਮਪੁਰ