ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 4 ਦਸੰਬਰ:
ਸੰਸਾਰ ਵਿੱਚ ਕੁੱਝ ਵਿਰਲੇ ਹੀ ਮਨੁੱਖ ਹੁੰਦੇ ਹਨ, ਜੋ ਦੀਵੇ ਦੀ ਲੋਅ ਵਰਗੇ, ਕਿਸੇ ਸੰਘਣੇ ਰੁੱਖ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਲੋਅ ਨਾਲ ਹੋਰ ਕਈ ਦੀਵੇ ਜਗਦੇ ਹਨ। ਅਜਿਹੀ ਹੀ ਇੱਕ ਸ਼ਖ਼ਸੀਅਤ ਗੁਰਜੀਤ ਕੌਰ ਅਜਨਾਲਾ ਹਨ। ਮਨਮੋਹਕ ਸੀਰਤ ਤੇ ਸੂਰਤ ਦੇ ਮਾਲਕ ਗੁਰਜੀਤ ਕੌਰ ਅਜਨਾਲਾ ਬੇਹੱਦ ਮਿਹਨਤੀ ਤੇ ਸਿਰੜੀ ਸੁਭਾਅ ਦੇ ਮਾਲਕ ਹਨ। ਆਪ ਪੇਸ਼ੇ ਵਜੋਂ ਸਕੂਲ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਪ ਦੁਆਰਾ ਫੇਸਬੁੱਕ ‘ਤੇ ਕਲਮਾਂ ਦਾ ਕਾਫਲਾ ਤੇ ਇਸਤਰੀ ਲਿਖਾਰੀ ਮੰਚ ਚਲਾਏ ਜਾ ਰਹੇ ਹਨ। ਕਲਮਾਂ ਦਾ ਕਾਫ਼ਲਾ ਸੱਚ ਮੁੱਚ ਹੀ ਸਾਹਿਤਕਾਰਾਂ ਦਾ ਇੱਕ ਵੱਡਾ ਕਾਫ਼ਲਾ ਹੈ, ਜਿਸ ਨਾਲ ਬਹੁਤ ਸਾਰੀਆਂ ਸਥਾਪਿਤ ਪੁਰਾਣੀਆਂ ਤੇ ਨਵੀਆਂ ਕਲਮਾਂ ਜੁੜੀਆਂ ਹੋਈਆਂ ਹਨ। ਇਸ ਕਾਫ਼ਲੇ ਨਾਲ ਜੁੜ ਕੇ ਬਹੁਤ ਸਾਰੀਆਂ ਨਵੀਆਂ ਕਲਮਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਸਾਹਿਤ ਜਗਤ ਵਿੱਚ ਆਦਰਯੋਗ ਰੁਤਬਾ ਹਾਸਲ ਕੀਤਾ।
ਨਵੀਆਂ ਕਲਮਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਗਰੁੱਪ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਪ੍ਰਤੀਯੋਗਤਾਵਾਂ ਨੇ ਮੱਹਤਵਪੂਰਨ ਰੋਲ ਅਦਾ ਕੀਤਾ ਤੇ ਨਵੀਆਂ ਕਲਮਾਂ ਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਕਵਿਤਾ, ਗੀਤ, ਕਹਾਣੀ ਵਿੱਚ ਮੁਹਾਰਤ ਹਾਸਲ ਕੀਤੀ । ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਆਪ ਵੱਲੋ ਸਾਹਿਤ ਦੀਆਂ ਵਿਭਿੰਨ ਵੰਨਗੀਆਂ ਦੀਆਂ ਲੱਗਭੱਗ 22 ਪੁਸਤਕਾਂ ਦੀ ਸੰਪਾਦਨਾ ਕੀਤੀ ਜਾ ਚੁੱਕੀ ਹੈ। ਆਪ ਦੁਆਰਾ ਹਰਫ਼ਾਂ ਦੇ ਅੰਗ ਸੰਗ ਨਾਂ ਦੀ ਪੁਸਤਕ ਵੀ ਮਾਤ ਭਾਸ਼ਾ ਦੀ ਝੋਲੀ ਪਾਈ ਜਾ ਚੁੱਕੀ ਹੈ। ਆਪ ਵੱਲੋਂ ਹਰ ਸਾਲ ਕਲਮਾਂ ਦਾ ਕਾਫ਼ਲਾ ਗਰੁੱਪ ਦਾ ਇੱਕ ਸਲਾਨਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਗਰੁੱਪ ਵੱਲੋ ਪ੍ਰਕਾਸ਼ਿਤ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ ਜਾਂਦੀ ਹੈ। ਕਲਮਾਂ ਦਾ ਕਾਫ਼ਲਾ ਤੇ ਇਸਤਰੀ ਲਿਖਾਰੀ ਮੰਚ ਨੂੰ ਆਪ ਦੁਆਰਾ ਦਿੱਤੀ ਜਾ ਰਹੀ ਸੁਚੱਜੀ ਅਗਵਾਈ ‘ਤੇ ਬਹੁਤ ਮਾਣ ਹੈ।