ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ:
ਤ੍ਰੈ-ਭਾਸ਼ੀ ਸਾਹਿਤਕ ਮੰਚ, ਚੰਡੀਗੜ੍ਹ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ, ਤ੍ਰੈ-ਭਾਸ਼ੀ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 07 ਦਸੰਬਰ ਨੂੰ ਬਾਅਦ ਦੁਪਹਿਰ 2.30 ਵਜੇ ਸੈਣੀ ਭਵਨ, ਸੈਕਟਰ 24, ਚੰਡੀਗੜ੍ਹ (ਸਾਹਮਣੇ ਬੱਤਰਾ ਥੀਏਟਰ) ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਾਬਕਾ ਸਕੱਤਰ ਸੁਭਾਸ਼ ਭਾਸਕਰ ਸ਼ਾਮਿਲ ਹੋ ਰਹੇ ਹਨ, ਜਦਕਿ ਪ੍ਰਧਾਨਗੀ ਨਾਮੀ ਪੱਤਰਕਾਰ ਤੇ ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿੱਜ ਕਰ ਰਹੇ ਹਨ। ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਮੈਡਲ ਹਰਦੀਪ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ। ਮੁੱਖ ਬੁਲਾਰੇ ਵਜੋਂ ਪ੍ਰਸਿੱਧ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਸ਼ਾਮਿਲ ਹੋ ਰਹੇ ਹਨ।
ਮੰਚ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸੁਰ ਸਾਂਝ ਡਾਟ ਕਾਮ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਮਾਗਮ ਵਿੱਚ ਨਾਮੀ ਪੱਤਰਕਾਰ ਅਤੇ ਪ੍ਰਸਿੱਧ ਸਾਹਿਤਕਾਰ ਗੁਰਪ੍ਰੀਤ ਸਿੰਘ ਨਿਆਮੀਆਂ, ਪੰਜਾਬ ਸਿਵਲ ਸਕੱਤਰੇਤ ਦੇ ਸਾਬਕਾ ਡਿਪਟੀ ਸੈਕਟਰੀ ਤੇ ਪ੍ਰਸਿੱਧ ਸਾਹਿਤਕਾਰ ਰਾਜ ਕੁਮਾਰ ਸਾਹੋਵਾਲੀਆ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਹੈ।