www.sursaanjh.com > ਅੰਤਰਰਾਸ਼ਟਰੀ > ਪੁਰਾਤਨ ਮਿੱਥਾਂ ਦੇ ਆਰ-ਪਾਰ – ਰਾਜ ਕੁਮਾਰ ਸਾਹੋਵਾਲੀਆ

ਪੁਰਾਤਨ ਮਿੱਥਾਂ ਦੇ ਆਰ-ਪਾਰ – ਰਾਜ ਕੁਮਾਰ ਸਾਹੋਵਾਲੀਆ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ:

(ਰਾਜ ਕੁਮਾਰ ਸਾਹੋਵਾਲੀਆ ਇੱਕ ਜ਼ਹੀਨ ਵਿਅਕਤੀ ਹਨ ਜੋ ਸਮਾਜ ਵਿੱਚ ਹੋਈਆਂ-ਵਾਪਰੀਆਂ ‘ਤੇ ਪੈਨੀ ਨਜ਼ਰ ਰੱਖਦੇ ਹਨ। ਹਰ ਸ਼ਬਦ ਦੇ ਅਰਥਾਂ ਨੂੰ ਗਹੁ ਨਾਲ਼ ਵਾਚਦੇ ਹੋਏ ਉਸ ਦੀ ਤਹਿ ਤੱਕ ਪਹੁੰਚਣ ਲਈ ਯਤਨਸ਼ੀਲ ਰਹਿ ਕੇ ਪਾਠਕਾਂ ਅੱਗੇ ਪਰੋਸਦੇ ਹਨ। ਸਾਡੇ ਆਮ ਜਨ-ਜੀਵਨ ਵਿੱਚ ਮਿੱਥ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਇਨ੍ਹਾਂ ਮਿੱਥਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਵਿਚਾਰਦੇ ਹੋਏ ਆਮ ਪਾਠਕ ਸਾਹਮਣੇ ਰੱਖ ਰਹੇ ਹਨ ਆਪਣੇ ਲੇਖ ਪੁਰਾਤਨ ਮਿੱਥਾਂ ਦੇ ਆਰ-ਪਾਰ ਰਾਹੀਂ ਜੋ ਸੁਰ ਸਾਂਝ ਡਾਟ ਕਾਮ ਦੇ ਪਾਠਕਾਂ ਲਈ ਪੇਸ਼ ਕਰਨ ਦੀ ਖੁਸ਼ੀ ਲੈਰਿਹਾ ਹਾਂ … ਸੁਰਜੀਤ ਸੁਮਨ, ਸੰਪਾਦਕ ਸੁਰ ਸਾਂਝ ਡਾਟ ਕਾਮ)।

ਪੁਰਾਤਨ ਮਿੱਥਾਂ ਦੇ ਆਰ-ਪਾਰ

ਪੁਰਾਤਨ ਸਮੇਂ ਵਿੱਚ ਸਿਆਣੇ ਲੋਕਾਂ ਵੱਲੋਂ ਸਮਾਜ ਨੂੰ ਆਪਣੇ ਢੰਗ ਨਾਲ ਮੋੜਾ ਦੇਣ ਲਈ ਲੋੜ ਅਨੁਸਾਰ ਸਮੇਂ-ਸਮੇਂ ਤੇ ਆਪਣੀ ਸੂਝ ਅਨੁਸਾਰ ਕੁਝ ਸੇਧਾਂ ਦੇਣ ਦਾ ਉਪਰਾਲਾ ਕੀਤਾ ਜਾਂਦਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਸਾਰੀਆਂ ਮਿੱਥਾਂ (ਮਿੱਥੀਆਂ ਹੋਈਆਂ ਗੱਲਾਂ ਜਿਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਸੀ) ਸੀਨਾ-ਬ-ਸੀਨਾ ਹੀ ਅੱਗੇ ਵਿਰਸੇ ਵਜੋਂ ਤੁਰਦੀਆਂ ਸਨ। ਮਨੁੱਖ ਨੂੰ ਜਿਸ ਵੀ ਵਸਤੂ ਤੋਂ ਡਰ/ਭੈਅ ਲੱਗਦਾ ਸੀ ਜਾਂ ਲਾਲਚ ਵੱਸ ਉਸ ਨੂੰ ਆਪਣਾ ਦੇਵੀ ਜਾਂ ਦੇਵਤਾ ਮੰਨ ਲੈਂਦੇ ਸੀ ਅਤੇ ਉਹ ਨਰਾਜ ਨਾ ਹੋ ਜਾਵੇ ਇਸ ਕਰਕੇ ਸਮੇਂ-ਸਮੇਂ ਤੇ ਉਸ ਦੀ ਪੂਜਾ ਅਰਚਨਾ ਦਾ ਰਿਵਾਜ਼ ਵੀ ਪ੍ਰਚੱਲਿਤ ਹੁੰਦਾ ਗਿਆ। ਸਮਾਜ ਨੂੰ ਸੇਧ ਦੇਣ ਲਈ ਕੋਈ ਵੀ ਗੱਲ ਸਿਆਣਿਆਂ ਵੱਲੋਂ ਜਦੋਂ ਸਮਝਾਈ ਜਾਂਦੀ ਸੀ ਤਾਂ ਉਸ ਪ੍ਰਤੀ ਸਮਾਜ ਦੇ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ ਤਾਂ ਜੋ ਸਾਰੇ ਲੋਕ ਉਸ ਗੱਲ ਨੂੰ ਇੱਕ ਮੀਲ ਪੱਥਰ ਦੀ ਤਰ੍ਹਾਂ ਮੰਨ ਲੈਣ ਅਤੇ ਕਿਸੇ ਕਿਸਮ ਦੇ ਦੁਰ-ਪ੍ਰਭਾਵ ਤੋਂ ਬਚੇ ਰਹਿਣ। ਇਸ ਤਰ੍ਹਾਂ ਹੀ ਲੋਕ ਵਿਸ਼ਵਾਸ਼ ਹੌਲੀ-ਹੌਲੀ ਮਿੱਥ ਦਾ ਰੂਪ ਧਾਰਨ ਕਰਦੇ ਗਏ ਪਰ ਉਸ ਦੇ ਪਿੱਛੇ ਛੁਪੇ ਰਹੱਸ ਤੋਂ ਕੋਰੇ ਹੀ ਰਹਿ ਜਾਂਦੇ ਸਨ। ਇਸ ਲੇਖ ਦਾ ਪ੍ਰਯੋਜਨ ਇਨ੍ਹਾਂ ਮਿੱਥਾਂ ਪਿੱਛੇ ਛੁਪੇ ਰਹੱਸ ਜਾਂ ਕਾਰਨ ਨੂੰ ਉਜਾਗਰ ਕਰਨਾ ਹੈ। ਆਓ ਇੱਕ-ਇੱਕ ਕਰਕੇ ਪੁਰਾਤਨ ਮਿੱਥਾਂ ਦੇ ਰਹੱਸ ਨੂੰ ਜਾਨਣ ਦਾ ਯਤਨ ਕਰੀਏ:-

ਨਵ ਵਿਆਹੀ ਜੋੜੀ ਤੋਂ ਮਾਂ ਪਾਣੀ ਕਿਉਂ ਵਾਰਦੀ ਹੈ?

ਜਦੋਂ ਲੜਕਾ ਵਿਆਹ ਕੇ ਬਹੂ ਨੂੰ ਆਪਣੇ ਘਰ ਲਿਆਉਂਦਾ ਸੀ ਤਾਂ ਲੜਕੇ ਦੀ ਮਾਂ ਘਰ ਦੇ ਦਰਵਾਜੇ ਤੇ ਖਲੋ ਕੇ ਮਿੱਠੇ ਜਲ ਨਾਲ ਭਰੀ ਗੜ੍ਹਵੀ ਲੈ ਕੇ ਨੂੰਹ-ਪੁੱਤ ਤੋਂ ਪਾਣੀ ਵਾਰ ਕੇ ਪੀਣ ਦੀ ਰਸਮ ਨਿਭਾਉਂਦੀ ਸੀ ਤੇ ਲੜਕਾ ਮਾਂ ਨੂੰ ਵਾਰ-ਵਾਰ ਪਾਣੀ ਪੀਣ ਤੋਂ ਰੋਕਦਾ ਸੀ। ਇਸ ਪਿਛੇ ਧਾਰਨਾ ਸੀ ਕਿ ਲੜਕੇ ਦੀ ਮਾਂ, ਨੂੰਹ-ਪੁੱਤ ਦੀਆਂ ਸਾਰੀਆਂ ਮੁਸ਼ਕਿਲਾਂ ਆਪਣੇ ਸਿਰ ਲੈਣ ਲਈ ਵਾਰ-ਵਾਰ ਗੜ੍ਹਵੀ ਵਿਚਲੇ ਮਿੱਠੇ ਪਾਣੀ ਨੂੰ ਵਾਰ ਕੇ ਪੀਣ ਦਾ ਯਤਨ ਇਸ ਕਰਕੇ ਕਰਦੀ ਸੀ ਕਿ ਨਵੀਂ ਜੋੜੀ ਨੂੰ ਕਿਸੇ ਕਿਸਮ ਦਾ ਕੋਈ ਦੁੱਖ/ਤਕਲੀਫ ਨਾ ਆਵੇ। ਸੱਚ ਪੁਛੋ ਤਾਂ ਵਿਆਹ ਵਾਲੇ ਦਿਨ ਦਾ ਚਾਅ ਹੀ ਏਨਾ ਹੁੰਦਾ ਸੀ ਕਿ ਸੱਸ ਆਪਣੀ ਨਵੀਂ ਨੂੰਹ ਤੋਂ ਸਦਕੇ ਜਾਂਦੀ ਨਹੀਂ ਸੀ ਥੱਕਦੀ। ਇਕ ਹੋਰ ਪਾਤਰ ਲੜਕੇ ਦੀ ਭੈਣ ਜੋ ਨਣਦ ਬਣਦੀ ਹੈ, ਉਹ ਵੀ ਭਰਜਾਈ ਤੋਂ ਜਾਨ ਵਾਰਣ ਤੱਕ ਜਾਂਦੀ ਸੀ ਪਰ ਇਹ ਬਨਾਉਟੀ ਪਿਆਰ ਜਲਦੀ ਹੀ ਰੰਗ ਦਿਖਾਉਣ ਲੱਗ ਪੈਂਦਾ ਸੀ ਤੇ ਵਧੇਰੇ ਕਰਕੇ ਕਲੇਸ਼ ਦਾ ਕਾਰਨ ਬਣਦਾ ਸੀ। ਇਹ ਰਸਮ ਅੱਜ ਵੀ ਨਿਰੰਤਰ ਜਾਰੀ ਹੈ। ਮੇਰੀ ਜਾਚੇ ਇਹ ਰਸਮ ਘਰ ਵਿੱਚ ਪਹਿਲਾਂ ਰਹਿ ਰਹੀਆਂ ਤੇ ਨਵੀਂ ਆਈ ਔਰਤ ਵਿੱਚ ਪਿਆਰ ਵਧਾਉਣ ਦਾ ਇਕ ਸੰਕੇਤ/ਨਸੀਹਤ ਹੁੰਦੀ ਸੀ ਤਾਂ ਜੋ ਘਰ ਵਿੱਚ ਸਾਰੀਆਂ ਔਰਤਾਂ ਖੁਸ਼ ਰਹਿਣ ਤੇ ਘਰ ਨੂੰ ਖੁਸ਼ ਗਵਾਰ ਬਣਾਉਣ। ਨਵੀਂ ਨੂੰਹ ਤੇ ਪੁੱਤ ਇਸ ਮੌਕੇ ਤੇ ਮਾਂ ਦੇ ਪੈਰੀਂ ਹੱਥ ਲਾ ਕੇ ਅਸੀਰਵਾਦ ਲੈਂਦੇ ਸਨ ਪਰ ਹੈਰਾਨੀਂ ਉਦੋਂ ਹੁੰਦੀ ਜਦੋਂ  ਵਿਆਹ ਤੋਂ ਕੁਝ ਸਮੇਂ ਬਾਦ ਹੀ ਇਹਨਾਂ ਇਸਤਰੀ ਪਾਤਰਾਂ ਵਿੱਚ ਆਪਸੀ ਖਹਿਬਾਜ਼ੀ ਆਰੰਭ ਹੋ ਜਾਂਦੀ ਹੈ ਤੇ ਘਰ ਦਾ ਮਾਹੌਲ ਖ਼ਰਾਬ ਹੋਣ ਲੱਗ ਜਾਂਦਾ। ਕਿੱਥੇ ਤਾਂ ਮਾਂ, ਵਿਆਹ ਵਾਲੇ ਦਿਨ ਬਹੂ ਤੇ ਪੁੱਤ ਦੇ ਸਾਰੇ ਦੁੱਖ ਆਪਣੀ ਝੋਲੀ ਪਾਉਣ ਲਈ ਝੱਟ ਪੱਟ ਤਿਆਰ ਹੋ ਜਾਂਦੀ ਸੀ ਤੇ ਉਸੇ ਮਾਂ ਨੂੰ ਥੋੜ੍ਹੇ ਸਮੇਂ ਬਾਦ ਨੂੰਹ ਬੁਰੀ ਵੀ ਲੱਗਣ ਲੱਗ ਜਾਂਦੀ ਸੀ। ਇਸ ਦੋਹਰੇ ਕਿਰਦਾਰ ਕਰਕੇ ਦੁੱਖ ਮਿਟਣ ਦੀ ਜਗ੍ਹਾ ਹੋਰ ਗਹਿਰਾ ਹੋ ਜਾਂਦਾ ਤੇ ਨੌਬਤ ਚੁੱਲ੍ਹੇ ਵੱਖ ਹੋਣ ਤੱਕ ਆ ਜਾਂਦੀ ਤੇ ਨੂੰਹ ਵੀ ਕੁਝ ਸਮਾਂ ਤਾਂ ਸੱਸ ਦੀ ਇੱਜਤ ਕਰਦੀ ਤੇ ਫਿਰ ਛੇਤੀ ਹੀ ਆਪਣਾ ਅਸਲੀ ਰੰਗ ਦਿਖਾ ਦੇਂਦੀ ਹੈ। ਜੇ ਵਿਆਹ ਵਾਲੇ ਦਿਨ ਦੀ ਤਰ੍ਹਾਂ ਹੀ ਇਕ ਦੂਜੀ ਦੀ ਇੱਜਤ ਕਰਨ ਤਾਂ ਘਰ, ਘਰ ਨਹੀਂ ਮੰਦਿਰ ਬਣ ਜਾਵੇਗਾ ਅਤੇ ਪਾਣੀ ਵਾਰ ਕੇ ਪੀਣ ਵਾਲੀ ਰਸਮ ਦੇ ਪਿੱਛੇ ਕੰਮ ਕਰਦੀ ਬਜ਼ੁਰਗਾਂ ਦੀ ਮਨਸਾ ਵੀ ਸਹੀ ਅਰਥਾਂ ਵਿੱਚ ਸਾਰਥਿਕ ਬਣ ਸਕੇਗੀ ਤੇ ਨੂੰਹ-ਸੱਸ ਦੇ ਰਿਸਤੇ ਦੀ ਮਿਠਾਸ ਵੀ ਬਰਕਰਾਰ ਰਹੇਗੀ।

ਨਵ ਜੰਮੇ ਬੱਚੇ ਨੂੰ ਗੁੜ੍ਹਤੀ ਕਿਉਂ ਦਿੱਤੀ ਜਾਂਦੀ ਹੈ?

ਇਸ ਪਿੱਛੇ ਧਾਰਨਾ ਹੈ ਕਿ ਕਿਸੇ ਗੁਣਵਾਣ ਵਿਅਕਤੀ ਤੋਂ ਜੇ ਨਵ ਜੰਮੇ ਬੱਚੇ ਨੂੰ ਗੁੜ੍ਹਤੀ (ਸ਼ਹਿਦ, ਮਿਸ਼ਰੀ ਜਾਂ ਗੁੜ ਆਦਿ ਕੋਈ ਮਿੱਠੀ ਵਸਤੂ ਗੁੜ੍ਹਤੀ ਅਖਵਾਉਂਦੀ ਹੈ ਜੋ ਉਂਗਲ ਨਾਲ ਬੱਚੇ ਦੇ ਮੂੰਹ ਵਿੱਚ ਫੇਰੀ ਜਾਂਦੀ ਹੈ ਤੇ ਬੱਚਾ ਚੱਠਖਾਰੇ ਲਗਾਉਂਦਾ ਹੈ) ਦਿੱਤੀ ਜਾਵੇ ਤਾਂ ਉਸ ਮਨੁੱਖ ਦਾ ਸੁਭਾਅ ਤੇ ਗੁਣ ਬੱਚੇ ਅੰਦਰ ਵੀ ਆ ਜਾਂਦੇ ਨੇ ਪਰ ਇਹ ਗੱਲ ਤਰਕ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਸਗੋਂ ਸੱਚ ਤਾਂ ਇਹ ਹੈ ਕਿ ਬੱਚਾ ਮਾਂ ਦੇ ਗਰਭ ਵਿੱਚ ਪੁੱਠਾ ਲਟਕਿਆ ਹੁੰਦਾ ਹੈ ਤੇ ਉਸ ਦੀ ਸੁਰੱਖਿਆ ਲਈ ਉਸਦੇ ਦੁਆਲੇ ਜੇਰ ਰੂਪੀ ਘੇਰਾ ਬਣਿਆ ਰਹਿੰਦਾ ਤੇ ਨਾੜੂਏ ਰਾਹੀਂ ਹੀ ਮਾਂ ਦੇ ਭੋਜਨ ਵਿੱਚੋਂ ਬੱਚਾ ਭੋਜਨ ਗ੍ਰਹਿਣ ਕਰਦਾ ਹੈ। ਇਸ ਤਰ੍ਹਾਂ ਬੱਚੇ ਦੇ ਮੂੰਹ ਵਿੱਚ ਜੇਰ ਰੂਪੀ ਜਾਲਾ ਆਦਿ ਨਾ ਰਹਿ ਜਾਵੇ ਇਸ ਲਈ ਜਨਮ ਉਪਰੰਤ ਮਿੱਠੀ ਚੀਜ਼ ਬੱਚੇ ਨੂੰ ਚੂਸਾਈ/ਚੁੰਗਾਈ ਜਾਂਦੀ ਹੈ ਤਾਂ ਜੋ ਬੱਚੇ ਦੇ ਮੂੰਹ ਦੀ ਚੰਗੀ ਤਰ੍ਹਾਂ ਸਫਾਈ ਹੋ ਸਕੇ ਤੇ ਬੱਚੇ ਨੂੰ ਕਿਸੇ ਕਿਸਮ ਦੀ ਇਨਫੈਕਸ਼ਨ/ਲਾਗ ਨਾ ਲੱਗੇ ਤੇ ਬੱਚਾ ਤੰਦਰੁਸਤ ਰਹੇ।

ਸਤੈਲੀ ਦੀ ਰਸਮ ਕਿਵੇਂ ਤੇ ਕਿਉਂ ਕੀਤੀ ਜਾਂਦੀ ਹੈ?

ਸਤੈਲੀ ਵਿਆਹ ਤੋਂ ਅਗਲੇ ਦਿਨ ਕੀਤੀ ਜਾਣ ਵਾਲੀ ਇਕ ਰਸਮ ਹੈ। ਨਵੀਂ ਵਿਆਹੀ ਜੋੜੀ ਤੇ ਪਰਿਵਾਰ ਦੇ ਸਾਰੇ ਜੀ ਰਲ਼ ਕੇ ਇਕ ਫ਼ਲਦਾਰ ਬੇਰੀ ਦੀ ਟਾਹਣੀ ਕੰਡਿਆਂ ਸਮੇਤ ਵੇਹੜੇ ਵਿੱਚ ਗੱਡ ਕੇ ਉਸਦੇ ਦੁਆਲੇ ਸੱਤ ਫ਼ੇਰੇ ਲੈਂਦੇ ਹੋਏ, ਮੌਲੀ (ਲਾਲ ਰੰਗ ਦਾ ਧਾਗਾ, ਜਿਸ ਨੂੰ ਸ਼ੁਭ ਮੰਨਦੇ ਨੇ) ਲਪੇਟਦੇ ਨੇ ਤੇ ਉਹ ਧਾਗਾ ਏਨੀ ਬੁਰੀ ਤਰ੍ਹਾਂ ਬੇਰੀ ਦੀ ਟਾਹਣੀ ਨਾਲ ਲਿਪਟ/ਉਲਝ ਜਾਂਦਾ ਹੈ ਕਿ ਯਤਨ ਕਰਨ ਉਪਰੰਤ ਵੀ ਟਾਹਣੀ ਨਾਲੋਂ ਧਾਗੇ ਨੂੰ ਮੁੜ ਵੱਖ ਨਹੀਂ ਕੀਤਾ ਜਾ ਸਕਦਾ। ਕੁਝ ਇਹੋ ਜਿਹੀ ਹੀ ਪਰਿਵਾਰ ਦੀ ਮਨਸਾ ਹੁੰਦੀ ਹੈ ਕਿ ਦੂਸਰੇ ਖਾਨਦਾਨ ਵਿੱਚੋਂ ਬਹੂ ਦੇ ਰੂਪ ਵਿੱਚ ਆਈ ਲੜਕੀ ਧਾਗੇ ਦੀ ਤਰ੍ਹਾਂ ਪਰਿਵਾਰ ਨਾਲ ਪਲਚ ਜਾਏ ਭਾਵ ਰਚਮਿਚ ਜਾਏ ਤੇ ਜਿਵੇਂ ਬੇਰੀ ਮਿੱਠੇ ਬੇਰ ਦੇਂਦੀ ਹੈ, ਉਸੇ ਤਰ੍ਹਾਂ ਬਹੂ ਵੀ ਔਲਾਦ ਦੇ ਰੂਪ ਵਿੱਚ ਪਰਿਵਾਰ ਨੂੰ ਮਿੱਠੇ ਫਲ/ਖੁਸ਼ੀਆਂ ਦੇਵੇ। ਅੰਤ ਵਿੱਚ ਸਾਰੇ ਆਪਣੀ ਸ਼ਰਧਾ ਤੇ ਹੈਸੀਅਤ ਮੁਤਾਬਿਕ ਧਨ ਤੇ ਅਨਾਜ ਰੱਖ ਕੇ ਬੇਰੀ ਨੂੰ ਮੱਥਾ ਟੇਕਦੇ ਹਨ ਤੇ ਮਗਰੋਂ ਉਹ ਅਨਾਜ ਤੇ ਧਨ ਕਿਸੇ ਗਰੀਬ ਗੁਰਬੇ ਨੂੰ ਦਾਨ ਵਜੋਂ ਦੇ ਦਿੱਤਾ ਜਾਂਦਾ ਹੈ। ਇਸ ਰਸਮ ਤੋਂ ਵੇਹਲੇ ਹੋ ਕੇ ਸਾਰਾ ਪਰਿਵਾਰ ਤੇ ਸਕੇ ਸੰਬੰਧੀ ਪਕਵਾਨਾਂ ਦਾ ਲੁਤਫ਼ ਉਠਾਉਂਦੇ ਨੇ ਸੋ ਕਹਿਣ ਦਾ ਭਾਵ ਪਰਿਵਾਰ ਚਾਹੁੰਦਾ ਹੈ ਕਿ ਬਹੂ ਆਪਣੇ ਪਿਛਲੇ ਪਰਿਵਾਰ ਨੂੰ ਭੁੱਲ ਕੇ ਨਵੇਂ ਪਰਿਵਾਰ ਵਿੱਚ ਰਚ ਮਿਚ ਜਾਵੇ ਤੇ ਸੁਭ ਫ਼ਲ ਦੇਣ ਵਾਲੀ ਹੋਵੇ। ਐਸੀ ਆਸ/ਉਮੀਦ ਨਾਲ ਹੀ ਇਹ ਰਸਮ ਨਿਭਾਈ ਜਾਂਦੀ ਹੈ। ਰਿਸ਼ਤਿਆਂ ਦੇ ਰੰਗ ਨੂੰ ਗੂੜ੍ਹਾ ਕਰਨ ਦੇ ਪ੍ਰਤੀਕ ਵਜੋਂ ਹੀ ਇਹ ਰਸਮ ਕੀਤੀ ਜਾਂਦੀ ਹੈ। ਅਜੋਕੇ ਯੁੱਗ ਵਿੱਚ ਭਾਵੇਂ ਇਹਨਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਰਿਹਾ ਪਰ ਫਿਰ ਵੀ ਰਸਮ ਅਕਸਰ ਨਿਭਾਈ ਜਾਂਦੀ ਹੈ। ਉਂਞ ਮੇਰੀ ਜਾਚੇ ਰਿਸ਼ਤਾ ਕੋਈ ਵੀ ਹੋਵੇ ਉਹ ਤਾਂ ਹੀ ਨਿਭਦਾ ਜੇਕਰ ਦੋਵੇਂ ਪਰਿਵਾਰਾਂ ਦੇ ਪ੍ਰੇਮ ਦੀ ਡੋਰ ਮਜਬੂਤ ਹੋਵੇ ਤੇ ਗ਼ਲਤ ਫਹਿਮੀਆਂ ਲਈ ਕੋਈ ਥਾਂ ਨਾ ਹੋਵੇ।

ਕਬੂਤਰਾਂ ਨੂੰ ਦਾਣਾ ਪਾਉਣ ਪਿੱਛੇ ਮਨੁੱਖ ਦੀ ਮਨਸਾ ਕੀ ਹੈ?

ਮਨੁੱਖ ਕੋਈ ਵੀ ਕੰਮ ਬਿਨਾਂ ਸੁਆਰਥ ਨਹੀਂ ਕਰਦਾ। ਜੋਤਿਸ਼ੀ ਗ੍ਰਹਿਆਂ ਦੇ ਬੁਰੇ ਪ੍ਰਭਾਵਾਂ ਨੂੰ ਟਾਲਣ ਲਈ ਮਾਨਸਿਕ ਤੌਰ ਤੇ ਰੋਗੀ ਮਨੁੱਖਾਂ ਨੂੰ ਪੰਛੀਆਂ ਨੂੰ ਦਾਣਾ ਪਾਉਣ ਦੀ ਸਲਾਹ ਦੇਂਦੇ ਅਕਸਰ ਵੇਖਿਆ ਜਾ ਸਕਦਾ ਹੈ ਤੇ ਮਾਨਸਿਕ ਰੋਗੀਆਂ ਨੂੰ ਵੀ ਅਕਸਰ ਚੁਰਾਹੇ ਆਦਿ ਵਿੱਚ ਕਬੂਤਰਾਂ, ਚਿੜੀਆਂ ਨੂੰ ਦਾਣਾ ਪਾਉਂਦੇ ਵੇਖਿਆ ਜਾ ਸਕਦਾ ਹੈ। ਆਪਣਾ ਭਲਾ ਕਰਦੇ ਕਰਦੇ ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਚਲਦਾ ਕਿ ਉਹ ਬੇਜ਼ੁਬਾਨੇ ਪੰਛੀਆਂ ਤੇ ਜ਼ੁਲਮ ਕਰ ਰਹੇ ਹਨ, ਕਿਉਂਕਿ ਕੁਦਰਤ ਨੇ ਚੋਗ ਪਹਿਲਾਂ ਹੀ ਖਿੰਡਾਈ ਹੋਈ ਹੈ ਤੇ ਪੰਛੀ ਉਡਾਰੀ ਮਾਰ ਕੇ ਆਪਣੀ ਰੋਜ਼ੀ ਲੱਭਦੇ ਹਨ ਤੇ ਜਿੰਨੀ ਲੋੜ ਹੈ। ਓਨੀ ਹੀ ਚੁਗਦੇ ਨੇ, ਸਟੋਰ ਨਹੀਂ ਕਰਦੇ ਤੇ ਉਡਾਣ ਭਰ ਜਾਂਦੇ ਨੇ ਪਰ ਜਦੋਂ ਬਿਨਾਂ ਮਿਹਨਤ ਦੇ ਲੋੜ ਤੋਂ ਵੱਧ ਚੋਗ ਇਕ ਜਗ੍ਹਾ ਮਿਲ ਜਾਂਦੀ ਹੈ ਤਾਂ ਪੰਛੀ ਜ਼ਿਆਦਾ ਖਾ ਕੇ ਭਾਰੇ ਹੋ ਜਾਂਦੇ ਨੇ ਤੇ ਸਰੀਰ ਭਾਰਾ ਹੋਣ ਕਰਕੇ ਪਰਾਂ ਨਾਲ ਉੱਚੀ ਉਡਾਨ ਨਹੀਂ ਭਰ ਸਕਦੇ। ਨਤੀਜਾ ਨੇੜੇ ਤੇੜੇ ਹੀ ਫੜ ਫੜ੍ਹਾਉਂਦੇ ਹਨ ਤੇ ਆਖ਼ਰ ਸਮੇਂ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤੇ ਮਨੁੱਖ ਆਪਣੇ ਲਾਲਚ ਲਈ ਅਣਜਾਣੇ ਵਿੱਚ ਕਿੱਡਾ ਵੱਡਾ ਪਾਪ ਕਰ ਬੈਠਦੇ ਨੇ।

ਪੂ ਨਦੀ ਕੀ ਹੈ?

ਪੁਰਾਤਨ ਸਮੇਂ ਤੋਂ ਹੀ ਇਹ ਮਿਥੀ ਹੋਈ ਗੱਲ ਹੈ ਕਿ ਵਿਅਕਤੀ ਨੂੰ ਮੌਤ ਉਪਰੰਤ “ਪੂ” ਨਾਂ ਦੀ ਨਦੀ ਜੋ ਨਰਕ ਵਿੱਚ ਵਗਦੀ ਕਿਆਸ ਕੀਤੀ ਜਾਂਦੀ ਹੈ, ਵਿੱਚੋਂ ਲੰਘਣਾ ਪੈਂਦਾ ਹੈ ਤੇ ਇਸ ਨਦੀ ਨੂੰ ਉਹੀ ਪਾਰ ਕਰ ਸਕਦਾ ਹੈ ਜਿਸਦੀ ਔਲਾਦ ਹੋਵੇ। ਇਹ ਗੱਲ ਤਰਕ ਦੀ ਕਸਵੱਟੀ ‘ਤੇ ਭਾਵੇਂ ਪੂਰੀ ਨਾ ਉੱਤਰੇ ਪਰ ਇਹ ਔਲਾਦ ਦੇ ਨਾਂ ਜ਼ਰੂਰ ਸਿਰਜ ਗਈ ਹੈ, ਪੁੱਤਰ ਤੇ ਪੁੱਤਰੀ। ਸ਼ਾਇਦ ਇਹ ਮੁਹਾਵਰਾ ਵੀ ਇਸ ਕਰਕੇ ਹੀ ਹੋਂਦ ਵਿੱਚ ਆਇਆ ਹੈ ਕਿ “ਪੁੱਤੀਂ ਗੰਢ ਪਵੇ ਸੰਸਾਰ।” ਪੁੱਤਰ ਦਾ ਹੀ ਬਦਲਵਾਂ ਰੂਪ ਪੁੱਤ ਬਣਿਆ। “ਪੂ” ਨਾਂ ਦੀ ਨਦੀ ਨਰਕ ਵਿੱਚ ਹੈ ਜਾਂ ਨਹੀਂ, ਇਸ ਬਾਰੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮੇਰੀ ਜਾਚੇ ਸ਼ਾਇਦ ਬਜ਼ੁਰਗਾਂ ਵੱਲੋਂ ਪੁਰਾਤਨ ਸਮੇਂ ਵਿੱਚ ਮਨੁੱਖ ਨੂੰ ਬੁਰੇ ਕੰਮਾਂ ਤੋਂ ਵਰਜ ਕੇ ਚੰਗੇ ਕੰਮ ਕਰਨ ਦੀ ਪ੍ਰੇਰਨਾ ਦੇ ਮਨਸੇ ਨਾਲ ਹੀ ਅਜਿਹੀ ਨਦੀ ਦਾ ਡਰਾਵਾ ਦਿੱਤਾ ਗਿਆ ਹੋਵੇ ਕਿਉਂਕਿ ਜਦੋਂ ਮਨੁੱਖ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਮੁੜ ਪਰਤ ਕੇ ਨਹੀਂ ਆਉਂਦਾ, ਜਿਸ ਤੋਂ ਪਤਾ ਲੱਗ ਸਕੇ ਕਿ ਮ੍ਰਿਤਕ ਨਾਲ ਮੌਤ ਉਪਰੰਤ ਕੀ ਵਾਪਰਿਆ?

ਵਿਆਹੀ ਔਰਤ ਆਪਣੇ ਮੱਥੇ ਤੇ ਬਿੰਦੀ ਕਿਉਂ ਲਗਾਉਂਦੀ ਹੈ?

ਪੁਰਾਤਨ ਸਮੇਂ ਤੋਂ ਹੀ ਇਹ ਧਾਰਨਾ ਰਹੀ ਹੈ ਕਿ ਮੱਥੇ ਉੱਤੇ ਜਿਸ ਥਾਂ ਬਿੰਦੀ ਲਗਾਈ ਜਾਂਦੀ ਹੈ, ਉੱਥੇ ਆਗਿਆ ਚੱਕਰ ਹੈ, ਜਿਸ ਦਾ ਸਿੱਧਾ ਸੰਬੰਧ ਮਨ ਨਾਲ ਹੈ ਤੇ ਇਸ ਜਗ੍ਹਾ ਬਿੰਦੀ ਲਗਾਉਣ ਨਾਲ ਮਨ ਦੀ ਇਕਾਗਰਤਾ ਬਣੀ ਰਹਿੰਦੀ ਹੈ। ਸਿਆਣੇ ਲੋਕਾਂ ਨੇ ਇਸ ਪ੍ਰੰਪਰਾ ਨੂੰ ਵਿਆਹੀ ਔਰਤ ਨਾਲ ਜੋੜ ਦਿੱਤਾ ਤਾਂ ਜੋ ਪਰਿਵਾਰ ਵਿੱਚ ਸੁੱਖ ਸਮਰਿੱਧੀ ਬਣੀ ਰਹੇ। ਉਂਝ ਓਪਰੀ ਨਜ਼ਰੇ ਇਹ ਔਰਤ ਦੇ ਵਿਆਹੇ ਹੋਣ ਦਾ ਇਕ ਸੰਕੇਤ ਵੀ ਕਿਹਾ ਜਾ ਸਕਦਾ ਹੈ।

ਰਾਤ ਨੂੰ ਨਹੁੰ ਕੱਟਣੇ ਕਿਉਂ ਵਰਜਿਤ ਹਨ?

ਇਸ ਪਿੱਛੇ ਕਾਰਨ ਇਹ ਸੀ ਕਿ ਪੁਰਾਣੇ ਸਮੇਂ ਵਿੱਚ ਰਾਤ ਨੂੰ ਕੇਵਲ ਦੀਵੇ ਦੀ ਲੋਅ ਨਾਲ ਹੀ ਕੰਮ ਸਾਰਿਆ ਜਾਂਦਾ ਸੀ ਤੇ ਅੱਜ ਵਾਂਗ ਬਿਜਲੀ ਦੀ ਵਿਵਸਥਾ ਨਹੀਂ ਸੀ ਹੁੰਦੀ। ਰਾਤ ਨੂੰ ਰੋਸ਼ਨੀ ਘੱਟ ਹੋਣ ਕਾਰਨ ਨਹੁੰ ਦੇ ਨਾਲ-ਨਾਲ ਕਿਤੇ ਮਾਸ ਹੀ ਨਾ ਕਟਿਆ ਜਾਵੇ। ਇਸ ਕਰਕੇ ਸਿਆਣਿਆਂ ਨੇ ਰਾਤ ਨੂੰ ਨਹੁੰ ਕੱਟਣ ਤੋਂ ਲੋਕਾਂ ਨੂੰ ਵਰਜਿਆ ਸੀ ਅਤੇ ਇਸ ਪਿੱਛੇ ਕੋਈ ਹੋਰ ਬਦ-ਸ਼ਗਨੀ ਵਾਲੀ ਗੱਲ ਨਜ਼ਰ ਨਹੀਂ ਆਉਂਦੀ।

ਰਾਤ ਨੂੰ ਝਾੜੂ ਕਿਉਂ ਨਹੀਂ ਲਗਾਉਣਾ ਚਾਹੀਦਾ?

ਜਿਵੇਂ ਕਿ ਪਹਿਲਾਂ ਹੀ ਉਪਰ ਦੱਸਿਆ ਜਾ ਚੁੱਕਾ ਹੈ ਕਿ ਪੁਰਾਤਨ ਸਮੇਂ ਵਿੱਚ ਰਾਤ ਨੂੰ ਦੀਵੇ ਦੀ ਮੱਧਮ ਲੋਅ ਆਸਰੇ ਹੀ ਲੋਕ ਰਹਿੰਦੇ ਸਨ ਅਤੇ ਅੱਜ ਵਾਂਗ ਜਗਮਗ-ਜਗਮਗ ਕਰਦੀ ਰੋਸ਼ਨੀ ਨਹੀਂ ਸੀ ਹੁੰਦੀ। ਇਸ ਲਈ ਰਾਤ ਨੂੰ ਮੱਧਮ ਰੋਸ਼ਨੀ ਵਿੱਚ ਝਾੜੂ ਲਗਾਉਣ ਨਾਲ ਕਿਤੇ ਘਰ ਦੀ ਕੋਈ ਕੀਮਤੀ ਚੀਜ਼ ਹੀ ਨਾ ਹੂੰਝੀ ਜਾਵੇ ਇਸ ਗੱਲ ਤੋਂ ਬਚਣ ਲਈ ਹੀ ਸਿਆਣਿਆਂ ਨੇ ਰਾਤ ਨੂੰ ਘਰ ਵਿੱਚ ਝਾੜੂ ਨਾ ਲਗਾਉਣ ਦੀ ਲੋਕਾਂ ਨੂੰ ਨਸੀਹਤ ਕੀਤੀ ਸੀ ਅਤੇ ਇਸ ਸਬੰਧੀ ਹੋਰ ਕੋਈ ਭਰਮ ਪਾਲਣ ਦੀ ਲੋੜ ਨਹੀਂ ਹੈ।

ਪਿਤਾ ਦੀ ਮੌਤ ਉਪਰੰਤ ਉਸਦੇ ਵੱਡੇ ਸਪੁੱਤਰ ਦੇ ਸਿਰ ਪਗੜੀ ਕਿਉਂ ਸਜਾਈ ਜਾਂਦੀ ਹੈ?

ਭਾਰਤੀ ਸਮਾਜ ਮਰਦ ਪ੍ਰਧਾਨ ਸਮਾਜ ਹੈ। ਮਰਦ ਮਿਹਨਤ ਕਰਕੇ ਪਰਿਵਾਰ ਲਈ ਧਨ ਜੁਟਾਉਂਦਾ ਹੈ, ਜਦਕਿ ਔਰਤ ਪਰਿਵਾਰ ਦੀ ਦੇਖ ਭਾਲ ਕਰਦੀ ਤੇ ਘਰ ਸੰਭਾਲਦੀ ਹੈ। ਜਦੋਂ ਘਰ ਦੇ ਮੁੱਖੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਘਰ ਦੀ ਜ਼ਿੰਮੇਵਾਰੀ ਮ੍ਰਿਤਕ ਦੇ ਵੱਡੇ ਪੁੱਤਰ ਨੂੰ ਦਿੱਤੀ ਜਾਂਦੀ ਹੈ। ਇਸ ਕਰਕੇ ਜ਼ਿੰਮੇਵਾਰੀ ਰੂਪੀ ਪਗੜੀ ਮ੍ਰਿਤਕ ਦੇ ਭੋਗ ਵਾਲੇ ਦਿਨ ਸਾਰੇ ਸਾਕ ਸੰਬੰਧੀ ਇਕੱਠੇ ਹੋ ਕੇ ਵੱਡੇ ਬੇਟੇ ਦੇ ਸਿਰ ਤੇ ਸਜਾਅ ਕੇ ਘਰ ਦੀ ਜਿੰਮੇਵਾਰੀ ਉਸਨੂੰ ਸੌਂਪਦੇ ਹਨ ਤੇ ਕੁਝ ਮਾਇਆ ਵੀ ਉਸਦੀ ਝੋਲੀ ਵਿੱਚ ਪਾ ਕੇ ਉਸ ਨੂੰ ਨਵੀਂ ਜ਼ਿੰਮੇਵਾਰੀ ਨੂੰ ਨਿਭਾਉਂਣ ਲਈ ਅਸ਼ੀਰਵਾਦ ਦਿੱਤਾ ਜਾਂਦਾ ਹੈ ਅਤੇ ਉਹ ਖੜ੍ਹਾ ਹੋ ਕੇ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ, ਵਾਅਦਾ ਕਰਦਾ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰੇਗਾ।

ਭਗਤ ਕੌਣ ਹੁੰਦਾ ਹੈ ਅਤੇ ਭਗਤੀ ਕਿਵੇਂ ਬਣਦੀ ਹੈ?

ਕਿਸੇ ਦਾ ਬੁਰਾ ਸੋਚਣ/ਕਰਨ ਦੀ ਬਜਾਏ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਭੈਅ (ਡਰ) ਰੱਖਣ ਦੀ ਬਿਰਤੀ, ਆਪਣੇ ਮਨ ਨੂੰ ਪ੍ਰਮਾਤਮਾ ਦੇ ਸੱਚੇ ਗਿਆਨ ਨਾਲ ਰੁਸ਼ਨਾਉਂਣਾ ਅਤੇ ਵਿਸ਼ੇ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਦਾ ਤਿਆਗ ਕਰਨ ਵਾਲੀ ਬਿਰਤੀ ਰੱਖਣਾ ਹੀ ਅਜੇਹੇ ਤਿੰਨ ਗੁਣ ਹਨ ਜੋ ਮਨੁੱਖ ਨੂੰ ਭਗਤ ਨੂੰ ਜਿਉਂਦੇ ਜੀ ਉਪਾਧੀ ਦਿਵਾਉਂਦੇ ਹਨ ਤੇ ਜਿਹੜਾ ਨਰ ਤੇ ਨਾਰੀ ਇਹਨਾਂ ਤਿੰਨਾਂ ਗੁਣਾਂ ਤੇ ਆਪਣਾ ਜੀਵਨ ਬਸਰ ਕਰਨ ਲੱਗਦਾ ਹੈ, ਉਸਨੂੰ ਕਿਸੇ ਹੋਰ ਥਾਂ ਜਾਣ ਦੀ ਲੋੜ ਨਹੀਂ ਹੈ ਸਗੋਂ ਉਸਦਾ ਸਰੀਰ ਹੀ ਪ੍ਰਮਾਤਮਾ ਦੀ ਘਰ ਬਣ ਜਾਂਦਾ ਹੈ। ਸ਼ਾਇਦ ਇਸ ਕਰਕੇ ਹੀ ਸਿਆਣੇ ਲੋਕਾਂ ਨੇ ਭੈਅ ਮੁਕਤ, ਗਿਆਨ ਯੁਕਤ ਤੇ ਤਿਆਗ ਦੀ ਭਾਵਨਾ ਜਿਹੇ ਗੁਣਾਂ ਨੂੰ ਇਕੱਠੇ ਕਰਕੇ (ਭ+ਗ+ਤ=ਭਗਤ) ਲਫ਼ਜ਼ ਭਗਤ ਬਣਾਇਆ ਹੈ ਤੇ ਇਹਨਾਂ ਗੁਣਾਂ ਤੇ ਚੱਲਣਾ ਹੀ ਭਗਤੀ ਅਖਵਾਉਂਦੀ ਹੈ।

ਕੁੱਤੀ ਚੋਰਾਂ ਨਾਲ ਰਲ਼ ਗਈ ਮੁਹਾਵਰੇ ਪਿੱਛੇ ਕਥਾਨਿਕ ਕੀ ਹੈ?

ਪੁਰਾਤਨ ਸਮੇਂ ਵਿੱਚ ਦੂਰ ਦੁਰਾਡੇ ਪਿੰਡਾਂ ਵਿੱਚ ਘਰਾਂ ਦੀ ਸੁਰੱਖਿਆ ਲਈ ਅਕਸਰ ਕੁੱਤੇ ਰੱਖਣ ਦਾ ਰਿਵਾਜ਼ ਸੀ, ਕਿਉਂਕਿ ਕੁੱਤੇ ਨੂੰ ਸ਼ੁਰੂ ਤੋਂ ਹੀ ਇਕ ਵਫ਼ਾਦਾਰ ਜਾਨਵਰ ਮੰਨਿਆ ਗਿਆ ਹੈ ਤੇ ਘਰਾਂ ਦੀ ਰਾਖੀ ਦਾ ਜ਼ਿੰਮਾਂ ਕੁੱਤਿਆਂ ਤੇ ਨਿਰਭਰ ਸੀ। ਭਾਵੇਂ ਹੋਰ ਵੀ ਜਾਨਵਰ ਪਾਲੇ ਜਾਂਦੇ ਸਨ, ਜਿਨ੍ਹਾਂ ਵਿੱਚ ਬਿੱਲੀ, ਖ਼ਰਗੋਸ਼ ਆਦਿ ਵੀ ਸ਼ਾਮਿਲ ਹੁੰਦੇ ਸਨ ਪਰ ਸੁਰੱਖਿਆ ਦਾ ਜ਼ਿੰਮਾ ਕੇਵਲ ਕੁੱਤੇ ਦਾ ਹੀ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਇਕ ਅਮੀਰ ਨੇ ਆਪਣੇ ਘਰ ਦੀ ਰਾਖੀ ਲਈ ਕੁੱਤੀ ਪਾਲ ਰੱਖੀ ਸੀ ਜੋ ਬੜੀ ਵਫ਼ਾਦਾਰ ਸੀ। ਕਈ ਵਾਰ ਉਸ ਦੇ ਘਰ ਸੰਨ੍ਹ ਲਾਉਣ ਦਾ ਚੋਰਾਂ ਨੇ ਯਤਨ ਕੀਤਾ ਪਰ ਕੁੱਤੀ ਉਨ੍ਹਾਂ ਦਾ ਹਰ ਵਾਰ ਫੇਲ੍ਹ ਕਰ ਰਹੀ ਸੀ। ਚੋਰਾਂ ਨੇ ਤਰਕੀਬ ਸੋਚੀ ਤੇ ਇਕ ਮੱਝ ਦੇ ਟੁੱਟੇ ਹੋਏ ਸਿੰਗ ਦਾ ਖੋਲ੍ਹ ਲੈ ਕੇ, ਉਸ ਵਿੱਚ ਮਾਸ ਭਰ ਲਿਆ ਤੇ ਜਦੋਂ ਉਸ ਘਰ ਰਾਤ ਨੂੰ ਚੋਰ ਚੋਰੀ ਕਰਨ ਲਈ ਗਏ ਤਾਂ ਉਨ੍ਹਾਂ ਨੇ ਕੁੱਤੀ ਨੂੰ ਵਰਗਲਾਉਣ ਲਈ ਇਕ ਪਾਸੇ ਉਹ ਮਾਸ ਨਾਲ ਭਰਿਆ ਸਿੰਗ ਸੁੱਟ ਦਿੱਤਾ। ਕੁੱਤੀ ਵਾਰ ਵਾਰ ਉਸ ਵਿੱਚੋਂ ਮਾਸ ਕਢਣ ਦੇ ਆਹਰ ਵਿੱਚ ਲੱਗ ਗਈ ਤੇ ਆਪਣੀ ਜ਼ਿੰਮੇਵਾਰੀ ਭੁੱਲ ਗਈ।

ਚੋਰ ਘਰ ਦਾ ਸਮਾਨ ਚੋਰੀ ਕਰਕੇ ਲੈ ਗਏ। ਸਵੇਰੇ ਰੌਲਾ ਪਿਆ ਕਿ ਫਲਾਣੇ ਦੇ ਘਰ ਚੋਰੀ ਹੋ ਗਈ ਹੈ। ਸਾਰੇ ਲੋਕ ਹੌਲੀ ਹੌਲੀ ਜਿਸ ਘਰ ਚੋਰੀ ਹੋਈ ਸੀ, ਇਕੱਠੇ ਹੋ ਗਏ। ਘਰ ਦੇ ਮਾਲਕ ਨੂੰ ਸਾਰੇ ਪੁੱਛਣ ਕਿ ਤੁਹਾਡੇ ਤਾਂ ਬੜੀ ਵਫਾਦਾਰ ਕੁੱਤੀ ਰੱਖੀ ਹੋਈ ਸੀ, ਫਿਰ ਇਹ ਘਟਨਾ ਕਿਵੇਂ ਵਾਪਰ ਗਈ? ਘਰ ਵਾਲੇ ਦਾ ਇੱਕੋ ਜਵਾਬ ਸੀ ਕਿ ਭਰਾਵੋ ਕੁੱਤੀ ਚੋਰਾਂ ਨਾਲ ਰਲ ਗਈ ਸੀ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਇਸ ਉਪਰੰਤ ਜਦੋਂ ਵੀ ਕੋਈ ਵਫਾਦਾਰ, ਬੇਵਫਾਈ ਕਰਦਾ ਹੈ ਤਾਂ ਲੋਕ ਝੱਟ ਹੀ ਕਹਿ ਦਿੰਦੇ ਨੇ ਕਿ ਪਈ ਕੁੱਤੀ ਚੋਰਾਂ ਨਾਲ ਰਲ ਗਈ ਹੈ। ਇੱਥੋਂ ਹੀ ਇਹ ਗੱਲ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਗਈ ਤੇ ਮੁਹਾਵਰਾ ਬਣ ਗਈ। ਉਂਞ ਮੁਹਾਵਰੇ ਦਾ ਅਰਥ ਵੀ ਤਾਂ ਮੂੰਹ ਤੇ ਚੜ੍ਹੀ ਹੋਈ ਗੱਲ ਹੀ ਹੁੰਦਾ ਹੈ।

ਬਾਭੂ ਲਫ਼ਜ਼ ਦਾ ਮਤਲਬ ਹੁੰਦਾ ਹੈ?

ਪੁਰਾਤਨ ਸਮੇਂ ਵਿੱਚ ਲਫ਼ਜ਼ ਬਾਭੂ ਬਾਕਾਇਦਾ ਭੂਮੀ ਦੇ ਮਾਲਿਕ ਲਈ ਵਰਤਿਆ ਜਾਂਦਾ ਸੀ ਅਤੇ ਇਹੋ ਲਫ਼ਜ਼ ਹੌਲੀ-ਹੌਲੀ ਬਾਭੂ ਤੋਂ ਹੀ ਬਾਪੂ ਹੋ ਗਿਆ ਜੋ ਅੱਜ ਪ੍ਰਚੱਲਿਤ ਹੈ। ਉਹ ਇਸਤਰੀ ਜਿਸ ਦਾ ਨਾ ਭੂਮੀ ਤੇ ਨਾ ਹੀ ਔਲਾਦ ਤੇ ਕੋਈ ਅਧਿਕਾਰ ਹੁੰਦਾ ਸੀ ਉਸ ਨੂੰ ਬੇਬੇ ਲਕਬ ਨਾਲ ਬੁਲਾਇਆ ਜਾਂਦਾ ਸੀ। ਦੂਜੇ ਲਫ਼ਜ਼ਾਂ ਵਿੱਚ ਜੇ ਕਹੀਏ ਤਾਂ ਮਾਦਾ ਪਾਤਰ ਜਿਸ ਕੋਲ ਕੋਈ ਅਧਿਕਾਰ ਕਦੇ ਰਿਹਾ ਹੀ ਨਹੀਂ, ਉਸ ਨੂੰ ਬੇਬੇ ਕਿਹਾ ਜਾਂਦਾ ਸੀ। ਇਸ ਤਰ੍ਹਾਂ ਬਾਪੂ ਤੇ ਬੇਬੇ ਲਫ਼ਜ਼ ਹੋਂਦ ਵਿੱਚ ਆਏ ਅਤੇ ਉਸ ਸਮੇਂ ਬਾਪ ਦੇ ਬਾਪ ਨੂੰ ਬਾਬਾ ਕਹਿਣ ਦਾ ਰਿਵਾਜ਼ ਸੀ। ਹੌਲੀ-ਹੌਲੀ ਪਿਓ ਲਫ਼ਜ਼ ਵੀ ਪ੍ਰਚੱਲਿਤ ਹੋਇਆ ਜੋ ਦੋ ਲਫ਼ਜ਼ਾਂ ਪਿਤਾ+ਓਪਰਾ=ਪਿਓ ਤੋਂ ਬਣਿਆ ਹੈ। ਜਦੋਂ ਕਿਸੇ ਔਰਤ ਦੇ ਬੱਚੇ ਹੋਣ ਉਪਰੰਤ ਉਹ ਵਿਧਵਾ ਹੋ ਜਾਂਦੀ ਸੀ ਤੇ ਉਸਦੀ ਦੁਬਾਰਾ ਕਿਸੇ ਮਰਦ ਨਾਲ ਸ਼ਾਦੀ ਕਰ ਦਿੱਤੀ ਜਾਂਦੀ ਤਾਂ ਉਸਦੇ ਪਹਿਲੇ ਬੱਚਿਆਂ ਲਈ ਇਹ ਓਪਰਾ ਪਿਓ, ਪਿਤਾ ਬਣਦਾ ਸੀ ਜੋ ਉਨ੍ਹਾਂ ਨਾਲ ਹਮੇਸ਼ਾ ਭੇਦ-ਭਾਵ ਰੱਖਦਾ ਸੀ, ਜਿਸ ਕਰਕੇ ਔਰਤ ਦੇ ਪਹਿਲੇ ਬੱਚਿਆਂ ਲਈ ਇਹ ਓਪਰਾ ਪਿਓ, ਪਤੰਦਰ ਵੀ ਅਖਵਾਉਂਦਾ ਸੀ।

ਵਿਆਹੀ ਔਰਤ ਦੀ ਮਾਂਗ ਵਿੱਚ ਸੰਧੂਰ ਕਿਉਂ ਪਾਇਆ ਜਾਂਦਾ ਹੈ?

ਧਾਰਮਿਕ ਬਿਰਤੀ ਤੋਂ ਸੰਧੂਰ ਸੁਹਾਗ ਦੀ ਨਿਸ਼ਾਨੀ ਮੰਨੀ ਗਈ ਹੈ। ਸੰਧੂਰ ਪਾਰੇ, ਹਲਦੀ ਅਤੇ ਚੂਨੇ ਦੇ ਮਿਸ਼ਰਣ ਤੋਂ ਤਿਆਰ ਹੁੰਦਾ ਹੈ। ਸਿਰ ਦੇ ਜਿਹੜੇ ਭਾਗ ਵਿੱਚ ਸੰਧੂਰ ਲਗਾਇਆ ਜਾਂਦਾ ਹੈ, ਉੱਥੇ ਦਿਮਾਗ ਦੀ ਇਕ ਖਾਸ ਗ੍ਰੰਥੀ ਹੁੰਦੀ ਹੈ। ਸੰਧੂਰ ਮਾਨਸਿਕ ਤਨਾਓ ਨੂੰ ਘੱਟ ਕਰਨ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਕੇ ਇਕਾਗਰਤਾ ਵਧਾਉਂਦਾ ਤੇ ਸਾਕਾਰਆਤਮਿਕ ਊਰਜਾ ਦਾ ਸੰਚਾਰ ਕਰਦਾ ਹੈ ਤੇ ਦਿਮਾਗ ਦੀਆਂ ਨਸਾਂ ਨੂੰ ਕਾਬੂ ਰੱਖਦਾ ਹੈ। ਐਸਾ ਖਿਆਲ ਕੀਤਾ ਜਾਂਦਾ ਹੈ ਪਰ ਵਿਗਿਆਨਿਕ ਸੋਚ ਅਨੁਸਾਰ ਅਜਿਹੀ ਕੋਈ ਪੁਸ਼ਟੀ ਨਹੀਂ ਹੁੰਦੀ ਹੈ।

ਵਿਆਹ ਤੋਂ ਪਹਿਲਾਂ ਵਰ ਤੇ ਵਧੂ ਦੇ ਵਟਣਾ ਕਿਉਂ ਮਲਿਆ ਜਾਂਦਾ ਸੀ?

ਭਾਰਤ 70% ਪਿੰਡਾਂ ਵਿੱਚ ਵਸਦਾ ਸੀ ਤੇ ਪਿੰਡਾਂ ਦੇ ਲੋਕ ਖੇਤਾਂ ਵਿੱਚ ਜਾਂ ਹੋਰ ਮਿੱਟੀ ਘੱਟੇ ਵਾਲਾ ਕੰਮ ਕਰਦੇ ਸੀ ਤੇ ਬਹੁਤੀ ਜਨ-ਸੰਖਿਆ ਖੂਹਾਂ ਤੇ ਟੋਭਿਆਂ ਵਿੱਚ ਹੀ ਨਹਾ ਲਿਆ ਕਰਦੀ ਸੀ ਤੇ ਔਰਤਾਂ ਵੀ ਲੀੜਾ-ਕੱਪੜਾ ਅਕਸਰ ਖੂਹਾਂ ਤੇ ਟੋਭਿਆਂ ਤੇ ਹੀ ਧੋਇਆ ਕਰਦੀਆਂ ਸਨ ਤੇ ਸਾਬਣ ਆਦਿ ਵੀ ਨਹੀਂ ਸੀ ਦੇਸੀ ਜੁਗਾੜ ਨਾਲ ਹੀ ਕੰਮ ਚਲਾਇਆ ਜਾਂਦਾ ਸੀ। ਪਰ ਕਿਸੇ ਵਿਸ਼ੇਸ ਮੌਕੇ ਤੇ ਹਲਦੀ, ਪੀਸੇ ਹੋਏ ਜੌਂ ਅਤੇ ਹੋਰ ਸਮੱਗਰੀ ਰਲਾ ਕਿ ਚਮੜੀ ਵਿੱਚ ਨਿਖਾਰ ਲਿਆਉਣ ਲਈ ਵਰਤਿਆ ਜਾਂਦਾ ਸੀ ਜੋ ਪੁਰਾਣਾ ਸਾਬਣ ਹੀ ਹੁੰਦਾ ਸੀ। ਇਸੇ ਤਰ੍ਹਾਂ ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਤੋਂ ਹੀ ਵਰ-ਵਧੂ ਦੇ ਸਰੀਰ ਨੂੰ ਘਰੇਲੂ ਬਣਾਏ ਸਾਬਣ ਨਾਲ ਮਾਂਜਿਆਂ ਸੰਵਾਰਿਆ ਜਾਂਦਾ ਸੀ ਤਾਂ ਜੋ ਉਨ੍ਹਾਂ ਨੂੰ ਵਿਆਹ ਦੀ ਰਸਮ ਲਈ ਤਿਆਰ ਕੀਤਾ ਜਾ ਸਕੇ। ਮਨੁੱਖ ਦੀ ਇਸ ਮਜਬੂਰੀ ਵਿੱਚੋਂ ਹੀ ਵਟਣੇ ਦੀ ਰਸਮ ਉਪਜੀ ਜੋ ਅੱਜ ਵੀ ਬਾ ਦਸਤੂਰ ਜਾਰੀ ਹੈ ਭਾਵੇਂ ਕਿ ਹੁਣ ਬਾਜ਼ਾਰ ਵਿੱਚ ਭਾਂਤ-ਭਾਂਤ ਦੇ ਸ਼ੈਂਪੂ ਤੇ ਸਾਬਣ ਵੀ ਮੌਜੂਦ ਹਨ।

ਨੂੰਹ ਦੇ ਪੈਰਾਂ ਵਿੱਚ ਝਾਂਜਰਾਂ ਪਾਉਣ ਪਿਛੇ ਰਹੱਸ ਕੀ ਹੈ?

ਇਹ ਪ੍ਰਥਾ ਸੰਯੁਕਤ ਪਰਿਵਾਰ ਦੀ ਦੇਣ ਹੈ। ਇੱਕੋ ਪਰਿਵਾਰ ਵਿੱਚ ਦਾਦਾ, ਤਾਇਆ, ਬਾਪੂ ਸ਼ਾਮਿਲ ਹੁੰਦੇ ਸਨ ਤੇ ਨਵੀਂ ਆਈ ਬਹੂ ਇਹਨਾਂ ਤੋਂ ਸਤਿਕਾਰ ਵਜੋਂ ਘੁੰਡ ਕੱਢ ਕੇ ਰੱਖਦੀ ਸੀ ਤੇ ਘਰ ਦੇ ਕੰਮ ਨੂੰਹ ਤੇ ਘਰ ਦੀ ਬੇਟੀ ਦੇ ਹਿੱਸੇ ਹੁੰਦੇ ਸੀ। ਬਜ਼ੁਰਗਾਂ ਨੂੰ ਰੋਟੀ ਪਾਣੀ ਤੇ ਚਾਹ ਆਦਿ ਫੜਾਉਣ ਲਈ ਅਕਸਰ ਦੋਨਾਂ ਨੂੰ ਹੀ ਕਰਨਾ ਪੈਂਦਾ ਸੀ। ਰੋਟੀ ਪਾਣੀ ਘਰ ਦੇ ਬਜ਼ੁਰਗਾਂ ਨੂੰ ਦੇਣ ਵੇਲੇ ਨੂੰਹ ਤੇ ਧੀ ਵਿਚਕਾਰ ਪਹਿਚਾਣ ਲਈ ਨੂੰਹ ਦੇ ਪੈਰਾਂ ਵਿੱਚ ਝਾਂਜਰਾਂ ਪਾ ਦਿੱਤੀਆਂ ਜਾਂਦੀਆਂ ਸਨ ਤਾਂ ਜੋ ਜਦੋਂ ਬਜ਼ੁਰਗਾਂ ਵੱਲ ਰੋਟੀ ਪਾਣੀ ਦੇਣ ਆਵੇ ਤਾਂ ਝਾਂਜਰਾਂ ਦੀ ਛਣ-ਛਣ ਤੋਂ ਉਨਾਂ ਨੂੰ ਪਤਾ ਲੱਗ ਸਕੇ ਕਿ ਬਹੂ ਆ ਰਹੀ ਹੈ ਤੇ ਉਹ ਸਲੀਕੇ ਨਾਲ ਆਪਣੇ ਆਪ ਨੂੰ ਤਿਆਰ ਕਰ ਸਕਣ।

ਟੂਣਾ ਕੀ ਹੁੰਦਾ ਸੀ ਤੇ ਇਸਦਾ ਮਤਲਬ ਕੀ ਸੀ?

ਭਾਰਤ ਪਿੰਡਾਂ ਦਾ ਦੇਸ਼ ਹੈ ਤੇ ਪੁਰਾਣੇ ਸਮੇਂ ਵਿੱਚ ਪਿੰਡਾਂ ਨੂੰ ਨਾ ਤਾਂ ਅੱਜ ਵਰਗੀਆਂ ਸੜਕਾਂ ਹੁੰਦੀਆਂ ਸੀ ਤੇ ਨਾ ਹੀ ਆਵਾਜਾਈ ਦੇ ਪੁਖਤਾ ਸਾਧਨ ਮੌਜੂਦ ਸੀ। ਵੈਦ/ਹਕੀਮ ਵੀ ਕੋਈ ਟਾਵਾਂ ਟਾਵਾਂ ਹੀ ਸੀ ਤੇ ਸੰਚਾਰ ਮਾਧਿਅਮ ਵੀ ਨਾ ਦੇ ਬਰਾਬਰ ਸੀ। ਜਦੋਂ ਕਦੇ ਕਿਸੇ ਪਿੰਡ ਵਿੱਚ ਕੋਈ ਬੀਮਾਰ ਹੋ ਜਾਂਦਾ ਤਾਂ ਕੁਝ ਸੰਕੇਤਕ ਚੀਜ਼ਾਂ ਚੁਰਾਹੇ ਤੇ ਰੱਖ ਦਿੱਤੀਆਂ ਜਾਂਦੀਆਂ ਸਨ, ਜਿਸ ਤੋਂ ਆਉਂਦਾ ਜਾਂਦਾ ਰਾਹੀ ਜੇ ਵੈਦ/ਹਕੀਮ ਨੂੰ ਮਿਲੇ ਤਾਂ ਉਸ ਨੂੰ ਦੱਸਿਆ ਜਾ ਸਕੇ ਕਿ ਫਲਾਣੇ ਪਿੰਡ ਕੋਈ ਬਿਮਾਰ ਹੈ। ਇਸ ਤਰ੍ਹਾਂ ਵੈਦ/ਹਕੀਮ ਦੀ ਪਿੰਡ ਦੇ ਉਸ ਘਰ ਤੱਕ ਪਹੁੰਚ ਹੋ ਜਾਂਦੀ ਤੇ ਮਰੀਜ਼ ਨੂੰ ਦਵਾਈ ਆਦਿ ਮਿਲ ਜਾਂਦੀ ਸੀ। ਚੌਰਾਹੇ ਤੇ ਜੇ ਖਾਣ ਪੀਣ ਵਾਲੀਆਂ ਵਸਤਾਂ ਰੱਖੀਆਂ ਹੁੰਦੀਆਂ ਤਾਂ ਮਤਲਬ ਹੁੰਦਾ ਸੀ ਕਿ ਮਰੀਜ਼ ਪੇਟ ਦੀ ਬੀਮਾਰੀ ਨਾਲ ਗ੍ਰਸਤ ਹੈ ਜੇ ਨਾਰੀਅਲ ਰੱਖਿਆ ਹੁੰਦਾ ਤਾਂ ਮਤਲਬ ਮਰੀਜ਼ ਕੋਈ ਮਰਦ ਹੈ, ਜੇ ਸੰਧੂਰ, ਚੂੜੀਆਂ ਆਦਿ ਹੁੰਦੀਆਂ ਤਾਂ ਇਸ ਤੋਂ ਪਤਾ ਲੱਗਦਾ ਸੀ ਕਿ ਮਰੀਜ਼ ਕੋਈ ਔਰਤ ਹੈ। ਇਸ ਤਰ੍ਹਾਂ ਵੈਦ ਨੂੰ ਮਰੀਜ਼ ਤੱਕ ਬੁਲਾਉਣ ਦੇ ਇਹ ਸੰਕੇਤ ਹੁੰਦੇ ਸੀ ਤਾਂ ਜੋ ਮਰੀਜ਼ ਤੱਕ ਵੈਦ ਦੀ ਪੁਹੰਚ ਬਣ ਸਕੇ। ਇਸ ਕੰਮ ਲਈ ਚੋਰਾਹਾ (ਜਿੱਥੋਂ ਚਾਰ ਰਸਤੇ ਨਿਕਲਦੇ ਹੋਣ) ਹੀ ਆਮ ਤੌਰ ਤੇ ਚੁਣਿਆ ਜਾਂਦਾ ਸੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਛੇਤੀ ਤੋਂ ਛੇਤੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਤੇ ਛੇਤੀ ਤੋਂ ਛੇਤੀ ਵੈਦ ਦੀ ਮਰੀਜ਼ ਤੱਕ ਪਹੁੰਚ ਹੋ ਸਕੇ। ਇਸ ਤੋਂ ਇਲਾਵਾ ਟੂਣੇ ਦਾ ਹੋਰ ਕੋਈ ਮਕਸਦ ਨਹੀਂ ਸੀ ਹੁੰਦਾ ਪਰ ਸਮੇਂ ਦੇ ਕਰਵਟ ਬਦਲਣ ਨਾਲ ਇਸ ਰਸਮ ਨਾਲ ਵਹਿਮ-ਭਰਮ ਜੁੜਦੇ ਗਏ।

ਔਰਤ, ਔਰਤ ਹੋ ਕੇ ਵੀ ਪੁੱਤਰ ਦੀ ਹੀ ਲਾਲਸਾ ਕਿਉਂ ਰੱਖਦੀ ਹੈ?

ਸੰਸਾਰ ਦੀਆਂ ਔਰਤਾਂ, ਔਰਤਾਂ ਹੋ ਕੇ ਵੀ ਹਮੇਸ਼ਾਂ ਇਹ ਲਾਲਸਾ ਰੱਖਦੀਆਂ ਹਨ ਕਿ ਉਨ੍ਹਾਂ ਨੂੰ ਪੁੱਤਰ ਦੀ ਦਾਤ ਮਿਲੇ ਤੇ ਉਨ੍ਹਾਂ ਦੇ ਘਰ ਧੀ ਜਨਮ ਨਾ ਲਵੇ। ਦੁਨੀਆਂ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਔਰਤ ਹੀ ਔਰਤ ਜਾਤੀ ਦੇ ਪੈਦਾ ਹੋਣ ਤੇ ਪਾਬੰਧੀ ਲਗਾਉਂਦੀ ਨਜ਼ਰੀਂ ਪੈਂਦੀ ਹੈ। ਜੇਕਰ ਇਹ ਦਸਤੂਰ ਨਿਰੰਤਰ ਜਾਰੀ ਰਿਹਾ ਤਾਂ ਪੁੱਤਰ ਤੇ ਧੀ ਦੇ ਜਨਮ ਅਨੁਪਾਤ ਵਿੱਚ ਭਾਰੀ ਫੇਰ-ਬਦਲ ਨੂੰ ਹੋਣੋ ਨਹੀਂ ਰੋਕਿਆ ਜਾ ਸਕਦਾ ਅਤੇ ਇਸ ਤਰ੍ਹਾਂ ਧੀਆਂ ਦੀ ਗਿਣਤੀ ਦਿਨੋਂ-ਦਿਨ ਘੱਟਦੀ ਜਾਵੇਗੀ ਅਤੇ ਇਸਤਰੀ ਨਾਲ ਸਬੰਧਤ ਬਹੁਤ ਸਾਰੇ ਰਿਸ਼ਤੇ ਹੌਲੀ-ਹੌਲੀ ਖਤਮ ਹੋਣ ਦੀ ਕਗਾਰ ਤੇ ਆ ਜਾਣਗੇ ਜਿਨ੍ਹਾਂ ਵਿੱਚ ਭੂਆ ਤੇ ਮਾਸੀ ਰਿਸ਼ਤੇ ਸ਼ਾਮਲ ਹੋਣਗੇ।

ਪੁਰਾਤਨ ਸਮੇਂ ਵਿੱਚ ਲੋਕ ਸ਼ਾਦੀਆਂ ਨੇੜੇ ਤੇੜੇ ਹੀ ਕਰਨ ਨੂੰ ਤਰਜੀਹ ਕਿਉਂ ਦੇਂਦੇ ਸੀ?

ਪੁਰਾਤਨ ਸਮਿਆਂ ਵਿੱਚ ਆਮ ਤੌਰ ਤੇ ਇਕ ਪਿੰਡ ਤੋਂ ਦੂਸਰੇ ਪਿੰਡ ਤੱਕ ਜਾਣ ਲਈ ਕੱਚੇ ਰਾਹ ਜਾਂ ਪੱਗ ਡੰਡੀਆਂ ਹੀ ਹੁੰਦੀਆਂ ਸਨ ਤੇ ਆਵਾਜਾਈ ਦੇ ਸਾਧਨ ਵੀ ਪੈਦਲ ਜਾਂ ਬੈਲ ਗੱਡੀਆਂ ਹੀ ਸਨ। ਲੋਕ ਬਹੁਤੇ ਖੇਤੀ ਤੇ ਖੇਤੀ ਨਾਲ ਜੁੜੇ ਸਹਾਇਕ ਧੰਦੇ ਕਰਕੇ ਹੀ ਆਪਣੀ ਰੋਜ਼ੀ ਰੋਟੀ ਚਲਾਉਂਦੇ ਸਨ। ਉਨ੍ਹਾਂ ਕੋਲ ਫੁਰਸਤ ਦੇ ਪਲ ਘੱਟ ਹੁੰਦੇ ਸੀ। ਇਸ ਲਈ ਪ੍ਰਥਾ ਇਹ ਸੀ ਕਿ ਆਪਣੇ ਧੀਆਂ-ਪੁੱਤਾਂ ਦੇ ਰਿਸ਼ਤੇ ਉਨੀ ਕੁ ਦੂਰੀ ਤੱਕ ਹੀ ਜੋੜੇ/ਗੰਢੇ ਜਾਣ ਜਿਥੋਂ ਤੱਕ ਪੈਦਲ ਜਾਂ ਬੈਲ ਗੱਡੀਆਂ ਰਾਹੀਂ ਹਨੇਰੇ ਸਵੇਰੇ ਦੁੱਖ ਸੁੱਖ ਵੇਲੇ ਆਸਾਨੀ ਨਾਲ ਪਹੁੰਚ ਕੀਤੀ ਜਾ ਸਕੇ ਤੇ ਕੰਮ ਦਾ ਵੀ ਹਰਜ਼ਾ ਨਾ ਹੋਵੇ। ਇਹ ਪ੍ਰਥਾ ਵੀ ਸਮੇਂ ਦੀ ਲੋੜ ਵਿੱਚੋਂ ਉਪਜੀ ਸੀ। ਅੱਜ ਪਿੰਡ-ਪਿੰਡ ਸੜਕਾਂ ਦੇ ਜ਼ਾਲ ਵਿਛੇ ਹੋਏ ਹਨ ਤੇ ਆਵਾਜਾਈ ਦੀ ਕੋਈ ਸਮੱਸਿਆ ਨਹੀਂ ਰਹੀ ਜਿਸ ਕਰਕੇ ਹੁਣ ਰਿਸ਼ਤਿਆਂ ਦਾ ਦਾਇਰਾ ਵਸੀਹ ਹੋਇਆ ਹੈ ਭਾਵ ਪੂਰਾ ਸੰਸਾਰ ਹੀ ਇੱਕ ਪਿੰਡ ਦੀ ਨਿਆਈਂ ਹੋ ਗਿਆ ਹੈ।

ਵਿਆਹ ਵੇਲੇ ਬਾਰਾਤ ਕਿਉਂ ਲਿਜਾਈ ਜਾਂਦੀ ਸੀ?

ਪੁਰਾਤਨ ਸਮੇਂ ਵਿੱਚ ਆਵਾਜਾਈ ਦਾ ਸਾਧਨ ਟਾਂਗੇ, ਗੱਡੇ ਜਾਂ ਪੈਦਲ ਹੀ ਹੁੰਦਾ ਸੀ ਤੇ ਰਿਸ਼ਤੇਦਾਰੀਆਂ ਵੀ ਨੇੜੇ-ਨੇੜੇ ਹੀ ਗੰਢੀਆਂ ਜਾਂਦੀਆਂ ਸਨ। ਦਿਨ ਵੇਲੇ ਲੋਕ ਆਪਣੇ ਕੰਮ ਧੰਦੇ ਨਿਬੇੜ ਕੇ ਬਕਾਇਦਾ ਰਾਤ ਨੂੰ ਹੀ ਲੜਕੀ ਨੂੰ ਵਿਆਹਉਣ ਲਈ ਜਾਂਦੇ ਸਨ। ਕੱਚੇ ਰਸਤੇ ਤੇ ਆਵਾਜਾਈ ਦੇ ਦੇਸੀ ਜੁਗਾੜ ਤੇ ਉਪਰੋਂ ਰਸਤੇ ਵਿੱਚ ਲੁੱਟ ਖੋਹ ਦਾ ਡਰ। ਬੱਸ ਇਸ ਮਜ਼ਬੂਰੀ ਵਿੱਚੋਂ ਹੀ ਨਿਕਲਿਆ ਇਹ ਪ੍ਰਬੰਧ। ਇਸ ਲਈ ਆਪਣੇ ਸਾਕ ਸੰਬੰਧੀ ਤੇ ਆਂਢ-ਗਵਾਂਢ ਦੇ ਕੁਝ ਲੋਕ ਹਿਫਾਜਤ ਲਈ ਨਾਲ ਲਿਜਾਏ ਜਾਂਦੇ ਸੀ, ਜਿਸ ਨੂੰ ਬਰਾਤ ਦਾ ਨਾਂ ਦਿੱਤਾ ਗਿਆ। ਇਹ ਕਿਉਂਕਿ ਰਾਤ ਨੂੰ ਹੀ ਜਾਂਦੇ ਸਨ ਇਸ ਲਈ ਇਹ ਲਫ਼ਜ਼ (ਬਾ+ਕਾਇਦਾ+ਰਾਤ=ਬਾਰਾਤ) ਬਣਿਆ।

ਰਾਜ ਕੁਮਾਰ ਸਾਹੋਵਾਲੀਆ –  89682-40914

Leave a Reply

Your email address will not be published. Required fields are marked *