ਚੰਡਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ:
ਮੌਜੂਦਾ ਸਮੇਂ ’ਚ ਪੰਜਾਬੀ ਦੇ ਰਸਾਲੇ ਕੱਢਣੇ ਕੋਈ ਸੌਖੀ ਗੱਲ ਨਹੀਂ। ਬਹੁਤ ਹੀ ਜ਼ੋਖਮ ਭਰਿਆ ਕਾਰਜ ਹੈ। ਫਿਰ ਵੀ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਈ ਅਜਿਹੇ ਸੁਹਿਰਦ ਲੇਖਕ ਹੁੰਦੇ ਹਨ ਜੋ ਆਪਣੀ ਦਸਾਂ ਨੌਹਾਂ ਦੀ ਕਮਾਈ ’ਚੋਂ ਇਸ ਨੇਕ ਕਾਰਜ ਨੂੰ ਚਲਾਉਂਦੇ ਹਨ। ਇਸ ਲੇਖ ਰਾਹੀਂ ਮੈਂ ਇਸੇ ਸਾਲ ਪੰਜਾਬ ਦੀ ਧਰਤੀ ਪੁਆਧ (ਮੋਹਾਲੀ) ਦੇ ਲੇਖਕਾਂ ਵੱਲੋਂ ਸ਼ੁਰੂ ਕੀਤੇ ਪੰਜਾਬੀ ਰਸਾਲੇ ‘ਸ਼ਿਵਾਲਿਕ’ ਦੀ ਗੱਲ ਕਰਨ ਜਾ ਰਹੀ ਹਾਂ। ਇਸ ਦੇ ਪਹਿਲੇ ਤਿੰਨ ਅੰਕ ਮੈਂ ਪੜ੍ਹੇ ਹਨ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਇੱਕ ਹੋਰ ਤ੍ਰੈ-ਮਾਸਿਕ ਸਾਹਿਤਕ ਪਰਚਾ ‘ਸ਼ਿਵਾਲਿਕ’ ਨਾਂ ਦਾ ਸ਼ੁਰੂ ਕੀਤਾ ਗਿਆ ਹੈ। ਟਾਈਟਲ ਨਾਂ ‘ਸ਼ਿਵਾਲਿਕ’ ਵਧੀਆ ਹੈ। ਪੰਜਾਬੀ ਮਾਂ-ਬੋਲੀ ਲਈ ਅਜਿਹੇ ਨਵੇਂ ਯਤਨ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਇਸ ਦੀ ਪ੍ਰਕਾਸ਼ਨਾ ਨਾਲ ਪੰਜਾਬੀ ਦੇ ਕਲਮਕਾਰਾਂ ਅਤੇ ਪਾਠਕਾਂ ਦਾ ਦਾਇਰਾ ਹੋਰ ਵੀ ਵਿਸ਼ਾਲ ਹੋਵੇਗਾ। ਪੰਜਾਬੀ ਰਸਾਲੇ ਸ਼ੁਰੂ ਤਾਂ ਹੋ ਜਾਂਦੇ ਹਨ ਪਰ ਸਾਲ ਦੋ ਸਾਲ ਪਿਛੋਂ ਬੰਦ ਵੀ ਹੋ ਜ਼ਾਂਦੇ ਹਨ ਕਿਉਂਕਿ ਰੈਗੂਲਰ ਖਰੀਦਦਾਰ ਮੈਂਬਰ ਬਣਦੇ ਨਹੀਂ। ਪੈਸੇ ਦੀ ਘਾਟ ਹੋਣ ਕਰਕੇ ਸੰਪਾਦਕ ਨੂੰ ਮਜਬੂਰਨ ਬੰਦ ਕਰਨਾ ਪੈਂਦਾ ਹੈ। ਆਪਣੀ ਦਸ-ਨੌਹਾਂ ਦੀ ਕਿਰਤ ’ਚੋਂ ਪੰਜਾਬੀ ਰਸਾਲਾ ਪ੍ਰਕਾਸ਼ਿਤ ਕਰਨਾ ਪੰਜਾਬੀ ਭਾਸ਼ਾ ਪ੍ਰਤੀ ਪਿਆਰ, ਲਗਨ ਅਤੇ ਸੇਵਾ ਭਾਵਨਾ ਹੈ।
ਇਸ ਤਰ੍ਹਾਂ ਦੇ ਪੰਜਾਬੀ ਰਸਾਲੇ ਕੱਢਣੇ ਪੰਜਾਬੀ ਸਾਹਿਤ ਦੀ ਇੱਕ ਸੱਚੀ-ਸੁੱਚੀ ਸੇਵਾ ਹੈ। ਇਨ੍ਹਾਂ ਸਾਰਥਿਕ ਯਤਨਾਂ ਲਈ ਮੈਗਜ਼ੀਨ ਦੀ ਸਮੁੱਚੀ ਸੰਪਾਦਕੀ ਟੀਮ ਵਧਾਈ ਦੀ ਹੱਕਦਾਰ ਹੈ। ਇਸ ਰਸਾਲੇ ਦੇ ਸਰਪ੍ਰਸਤ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਮੁੱਖ ਸੰਪਾਦਕ ਜੇ.ਐੱਸ. ਮਹਿਰਾ, ਸਹਿ-ਸੰਪਾਦਕ ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ, ਅਮਨ ਅਲਬੇਲਾ (ਗਰੀਸ) ਅਤੇ ਮੁੱਖ ਸਲਾਹਕਾਰ ਕਹਾਣੀਕਾਰ ਸਰੂਪ ਸਿਆਲਵੀ ਹਨ। ਸੰਪਾਦਕੀ ਮੰਡਲ ਦੀ ਲਗਨ ਨਾਲ ਇਸ ਦੇ ਹਰੇਕ ਅੰਕ ’ਚ ਨਿਖਾਰ ਆ ਰਿਹਾ ਹੈ। ਵੰਨ-ਸੁਵੰਨੀਆਂ ਰਚਨਾਵਾਂ ਸਾਰੀਆਂ ਹੀ ਵਧੀਆ ਹਨ। ਪੁਰਾਣੇ ਲੇਖਕਾਂ ਦੇ ਨਾਲ ਨਾਲ ਨਵੇਂ ਲੇਖਕਾਂ ਨੂੰ ਵੀ ਦਿੱਤੀ ਗਈ ਹੈ। ਮੈਗਜ਼ੀਨ ਦੀ ਦਿੱਖ ਬਹੁਤ ਕਮਾਲ ਦੀ ਹੈ। ਡਰਾਇੰਗ ਰੂਮ ਵਿੱਚ ਪਿਆ ਇਹ ਮੈਗਜ਼ੀਨ ਆਰਸੀ, ਪ੍ਰੀਤਲੜੀ, ਨਾਗਮਣੀ ਅਤੇ ਜਾਗਰਤੀ ਵਰਗੇ ਵੱਡੇ-ਵੱਡੇ ਮੈਗਜ਼ੀਨਾਂ ਦਾ ਭੁਲੇਖਾ ਪਾਉਂਦਾ ਹੈ। ਪੰਜਾਬੀ ਦੇ 52 ਪੰਨਿਆਂ ਵਾਲੇ ਇਸ ਮੈਗਜ਼ੀਨ ਦੀ ਕੀਮਤ ਕੇਵਲ 60 ਰੁਪਏ ਹੈ।
ਕਿਸੇ ਵੀ ਕਾਰਜ ਦੀ ਆਰੰਭਤਾ ਕਰਨੀ ਬਹੁਤ ਹੀ ਔਖੀ ਹੁੰਦੀ ਹੈ ਅਤੇ ਕਈ ਤਰਾਂ ਖਾਮੀਆਂ ਵੀ ਰਹਿ ਜਾਂਦੀਆਂ ਹਨ ਇਹ ਸੁਭਾਵਿਕ ਹੈ। ਇਸ ਵਿੱਚ ਵੀ ਅਜੇ ਕਈ ਤਰੁੱਟੀਆਂ ਹਨ। ‘ਸ਼ਿਵਾਲਿਕ’ ਦੇ ਸੰਪਾਦਕ ਨੂੰ ਅਜੇ ਹੋਰ ਵੀ ਵਧੇਰੇ ਧਿਆਨ ਦੇਣ ਦੀ ਜਰੂਰਤ ਹੈ। ਸੱਭ ਤੋਂ ਪਹਿਲਾਂ ਇਸ ਦੀ ਪਰੂਫ ਰੀਡਿੰਗ ਵੱਲ ਧਿਆਨ ਦੇਣ ਦੀ ਬਹੁਤ ਜਰੂਰਤ ਹੈ। ਮੈਗਜ਼ੀਨ ਦਾ ਸਾਈਜ਼ ਆਮ ਰਸਾਲਿਆਂ ਨਾਲੋਂ ਵੱਡਾ ਹੈ,ਜਿਸ ਨੂੰ ਕਿ ਠੀਕ ਕਰਨ ਦੀ ਜਰੂਰਤ ਹੈ। ਕਈ ਪੰਨਿਆਂ ਉੱਤੇ ਕਾਫੀ ਥਾਂ ਖਾਲੀ ਪਈ ਹੈ ਜਿੱਥੇ ਕਿ ਹੋਰ ਮੈਟਰ ਛਾਪਿਆ ਜਾ ਸਕਦਾ ਸੀ। ਸੋ ਕਾਗਜ਼ ਦੀ ਸਹੀ ਵਰਤੋਂ ਕਰਨ ਦੀ ਜਰੂਰਤ ਹੈ। ਪੰਜਾਬੀ ਪਾਠਕਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਸਾਹਿਤ ਦਾ ਅਨੁਵਾਦਿਤ ਰੂਪ ਵੀ ਛਾਪਣਾ ਚਾਹੀਦਾ ਹੈ। ਲੰਬੀਆਂ ਕਹਾਣੀਆਂ ਦੀ ਬਜਾਏ ਅਗਰ ਮਿੰਨੀ ਕਹਾਣੀਆਂ ਲਾਈਆਂ ਜਾਣ ਤਾਂ ਵਧੇਰੇ ਬਿਹਤਰ ਹੋਵੇਗਾ। ਖੈਰ, ਇਸ ਮੈਗਜ਼ੀਨ ਦੀ ਉਮਰ ਅਜੇ ਇੱਕ ਸਾਲ ਤੋਂ ਵੀ ਘੱਟ ਹੈ। ਇਸ ਨੇ ਛੋਟੀ ਉਮਰ ’ਚ ਹੀ ਆਪਣੀ ਥਾਂ ਬਣਾ ਲਈ ਹੈ। ਇਸ ਪੱਤ੍ਰਿਕਾ ਵਿੱਚ ਸਾਹਿਤ ਦੀਆਂ ਲਗਭੱਗ ਸਾਰੀਆਂ ਵਿਧਾਵਾਂ ਨੂੰ ਬਰਾਬਰ ਥਾਂ ਦੇ ਕੇ ਵਧੀਆ ਕੰਮ ਕੀਤਾ ਗਿਆ ਹੈ।
ਉਮੀਦ ਹੈ ਕਿ ਇਹ ਮੈਗਜ਼ੀਨ ਪੰਜਾਬੀ ਸਾਹਿਤ ਲਈ ਆਪਣਾ ਨਿੱਗਰ ਯੋਗਦਾਨ ਪਾਉਂਦਾ ਰਹੇਗਾ। ਇਹ ਵੀ ਤਾਂ ਹੀ ਸੰਭਵ ਹੋ ਸਕੇਗਾ ਅਗਰ ਪੰਜਾਬੀ ਦੇ ਪਾਠਕ ਇਹੋ ਜਿਹੇ ਪੰਜਾਬੀ ਰਸਾਲਿਆਂ ਨੂੰ ਆਪੋ-ਆਪਣੀਆਂ ਲਾਈਬ੍ਰੇਰੀਆਂ ਅਤੇ ਡਰਾਇੰਗ ਰੂਮਾਂ ’ਚ ਰੱਖਣ ਤਾਂ ਕਿ ਸਾਡੇ ਬੱਚਿਆਂ ਦਾ ਵੀ ਮੋਹ ਭੰਗ ਨਾ ਹੋਵੇ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਦੇ ਲਈ ਵੀ ਹਿੱਸਾ ਪਾਉੱਦੇ ਰਹੀਏ।
ਅਮਨਦੀਪ ਕੌਰ ਚੰਡਗੜ੍ਹ, ਸਪੈਸ਼ਲ ਐਜੂਕੇਟਰ; amandeep8614@gmail.com