ਸ੍ਰੀ ਫਤਿਹਗੜ੍ਹ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ:
ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਅਤੇ ਚੇਤਨਾ ਸਾਹਿਤ ਸਭਾ ਸਰਹਿੰਦ ਵੱਲੋਂ ਮੈਨੇਜਰ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਸ. ਗੁਰਦੀਪ ਸਿੰਘ ਕੰਗ ਮੈਨੇਜਰ ਗੁਰੂਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਪ੍ਰਧਾਨਗੀ ਵਿੱਚ ਰਚਾਏ ਇਸ ਸਮਾਗਮ ਵਿੱਚ ਸ. ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲ਼ਾ, ਮੁੱਖ ਮਹਿਮਾਨ ਅਤੇ ਸ.ਅਜਾਇਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਟਰਾਂਟੋ ਕਨੇਡਾ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ।
ਪ੍ਰਧਾਨਗੀ ਮੰਡਲ ਵਿੱਚ ਸੰਤੋਖ ਸਿੰਘ ਸੁੱਖੀ, ਭਾਸ਼ਾ ਖੋਜ ਅਫਸਰ ਭਾਸ਼ਾ ਵਿਭਾਗ ਪਟਿਆਲ਼ਾ, ਬੀਬੀ ਪਰਮਜੀਤ ਕੌਰ ਸਰਹਿੰਦ, ਬੀਬੀ ਨਿਰਮਲ ਕੌਰ ਕੋਟਲ਼ਾ ਅਤੇ ਇੰਜੀ. ਜਸਪਾਲ ਸਿੰਘ ਦੇਸੂਵੀ, ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.) ਮੁਹਾਲੀ ਸ਼ੁਸ਼ੋਭਤ ਹੋਏ। ਮੰਚ ਸੰਚਾਲਨ ਸ. ਪਿਆਰਾ ਸਿੰਘ ਰਾਹੀ ਨੇ ਬਾਖੂਬੀ ਨਿਭਾਇਆ। ਪ੍ਰੋਗਰਾਮ ਦੀ ਅਰੰਭਤਾ ਵਿੱਚ ਜਸਪਾਲ ਸਿੰਘ ਦੇਸੂਵੀ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ ਅਤੇ ਮੰਚ ਦੇ ਕੀਤੇ ਸਮਾਗਮਾਂ ਅਤੇ ਮਿੱਥੇ ਟੀਚਿਆਂ ਦਾ ਸੰਖੇਪ ਵੇਰਵਾ ਦਿੱਤਾ।
ਉਪਰੰਤ ਰਾਮ ਸਿੰਘ ਅਲਬੇਲਾ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਆਪਣਾ ਗੀਤ ਤੂੰਬੀ ਨਾਲ ਗਾ ਕੇ ਸਰੋਤਿਆਂ ਨੂੰ ਭਾਵਕ ਕਰ ਦਿੱਤਾ। ਉਸ ਤੋਂ ਬਾਅਦ ਗੁਰਜੋਧ ਕੌਰ ਮੁਹਾਲੀ, ਗੁਰਦਰਸ਼ਨ ਸਿੰਘ ਗੁਸੀਲ, ਹਰਜਿੰਦਰ ਸਿੰਘ ਗੁਪਾਲੋਂ, ਮਲਕੀਅਤ ਸਿੰਘ ਨਾਗਰਾ, ਭਾਈ ਰਣਜੀਤ ਸਿੰਘ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਢਿੱਲੋਂ, ਪਰਮਜੀਤ ਕੌਰ ਸਰਹਿੰਦ, ਦਰਸ਼ਨ ਤਿਓਣਾ, ਤਜਿੰਦਰ ਅਣਜਾਣ, ਇਕਬਾਲ ਸਿੰਘ, ਗੁਰਚਰਨ ਸਿੰਘ ਪੱਬਾਰਾਲੀ, ਨਿਰਮਲ ਕੌਰ ਕੋਟਲ਼ਾ, ਬਲਵਿੰਦਰ ਕੌਰ ਪੰਧੇਰ, ਸੁਰਿੰਦਰ ਕੌਰ ਸਰਾਏ, ਹਾਕਮ ਸਿੰਘ ਨੱਤਿਆਂ, ਸੁਰਿੰਦਰ ਕੌਰ ਬਾੜਾ, ਜਸਵਿੰਦਰ ਸਿੰਘ ਕਾਈਨੌਰ, ਬਾਜਵਾ ਸਾਹਿਬ, ਗੁਰਮੀਤ ਕੱਲਰਮਾਜਰੀ, ਤਰਸੇਮ ਸਿੰਘ ਕਾਲੇਵਾਲ, ਸਿਮਰਜੀਤ ਗਰੇਵਾਲ਼, ਚਮਕੌਰ ਸਿੰਘ ਚਹਿਲ, ਡਾ.ਰਜਿੰਦਰ ਰੇਨੂ, ਮੰਗਤ ਖਾਨ, ਸ਼ਾਇਰ ਭੱਟੀ, ਅਮਰਜੀਤ ਕੌਰ ਮੁਰਿੰਡਾ, ਮਹਿੰਦਰ ਮਿੰਦੀ, ਬਲਵਿੰਦਰ ਭੱਟੀ, ਕੇਸਰ ਸਿੰਘ ਇੰਸਪੈਕਟਰ, ਸ਼ਾਮ ਸਿੰਘ ਬਗਲੀ, ਮਨਮੋਹਨ ਸਿੰਘ ਨਾਭਾ, ਰਤਨ ਬਾਬਕਵਾਲਾ, ਬਲਤੇਜ ਬਠਿੰਡਾ, ਗੁਰਨਾਮ ਸਿੰਘ ਬਿਜਲੀ, ਜਸਵਿੰਦਰ ਸਿੰਘ ਖਾਰਾ, ਓਂਕਾਰ ਸਿੰਘ ਦਿਆਲਪੁਰੀ, ਜਸਪਾਲ ਦੇਸੂਵੀ, ਪਿਆਰਾ ਸਿੰਘ ਰਾਹੀ, ਸੰਤ ਸਿੰਘ ਸੋਹਲ ਅਤੇ ਸੰਤੋਖ ਸਿੰਘ ਸੁੱਖੀ ਜੀ ਨੇ ਆਪਣੀਆਂ ਭਾਵ- ਭਿੰਨੀਆਂ ਰਚਨਾਵਾਂ ਸੁਣਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਦੌਰਾਨ ਸਰੋਤਿਆਂ ਨੂੰ ਸ਼ਰਧਾ ਅਤੇ ਭਾਵਨਾ ਦੀਆ ਲਹਿਰਾਂ ਨਾਲ ਝੂਮਦੇ, ਜੋਸ਼ ਵਿੱਚ ਜੈਕਾਰੇ ਬੁਲਾਉਂਦੇ ਅਤੇ ਸ਼ਹੀਦੀ ਸਾਕੇ ਬਾਰੇ ਸੁਣਦਿਆ ਹੰਝੂ ਵਹਾਉਂਦੇ ਵੇਖ ਕੇ ਮਨ ਮੱਲੋ-ਮੱਲੀ ਸ਼ਹੀਦਾਂ ਦੇ ਸਤਿਕਾਰ ਵਿੱਚ ਸਿਜਦੇ ਕਰਨ ਲਈ ਝੁਕਦਾ ਰਿਹਾ। ਜਸਪਾਲ ਸਿੰਘ ਦੇਸੂਵੀ ਨੇ ਸਮਾਗਮ ਵਿੱਚ ਸੁਣਾਈਆਂ ਸਾਰੀਆਂ ਰਚਨਾਵਾਂ ਨੂੰ ਕਿਤਾਬ ਦੇ ਰੂਪ ਵਿੱਚ ਛਪਾਉਣ ਦਾ ਐਲਾਨ ਕੀਤਾ। ਸ. ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲ਼ਾ ਨੇ ਸਮਾਗਮ ਦੀ ਸਫਲਤਾ ਦੀ ਵਧਾਈ ਦਿੰਦਿਆਂ ਕਿਹਾ ਕਿ ਲੇਖਕਾਂ ਅਤੇ ਕਵੀਆਂ ਨੂੰ ਪਿੰਡ ਪਿੰਡ ਜਾ ਕੇ ਅਜਿਹੇ ਸਮਾਗਮ ਅੰਤ ਸੰਵਾਦ ਰਚਾਉਣੇ ਚਾਹੀਦੇ ਹਨ ਤਾਂ ਕਿ ਨਵੀਂ ਪੀੜ੍ਹੀ ਨੂੰ ਇਤਿਹਾਸ ਅਤੇ ਵਿਰਸੇ ਨਾਲ ਜੋੜਿਆ ਜਾ ਸਕੇ। ਸ.ਅਜਾਇਬ ਸਿੰਘ ਚੱਠਾ ਨੇ ਨੈਤਿਕਤਾ ਦੇ ਵਿਸ਼ੇ ਤੇ ਕਵਿਤਾਵਾਂ ਅਤੇ ਗੀਤ ਲਿਖਣ ਲਈ ਹਾਜ਼ਰ ਕਵੀਆਂ ਨੂੰ ਬੇਨਤੀ ਕੀਤੀ ਤਾਂ ਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾ ਸਕੇ। ਆਖੀਰ ਵਿੱਚ ਸ. ਸੰਤ ਸਿੰਘ ਸੋਹਲ ਨੇ ਹਾਜ਼ਰ ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਕੁੱਲ ਮਿਲਾ ਕੇ ਇਹ ਸਮਾਗਮ ਸਫਲਤਾ ਦੀਆਂ ਬੁਲੰਦੀਆਂ ਛੂੰਹਦਾ ਨਵੀਆਂ ਨਵੀਆਂ ਪੈੜਾ ਪਾਉਂਦਾ ਹੋਇਆ ਸਫਲ ਰਿਹਾ।