www.sursaanjh.com > ਅੰਤਰਰਾਸ਼ਟਰੀ > ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਸੈਮੀਨਾਰ ਆਰੰਭ

ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਸੈਮੀਨਾਰ ਆਰੰਭ

ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ ਤਹਿਤ ਸੈਮੀਨਾਰ ਆਰੰਭ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਦਸੰਬਰ:
ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ “ਸਾਹਿਤ ਅਤੇ ਦਰਸ਼ਨ: ਅੰਤਰ-ਸੰਵਾਦ” ਤਹਿਤ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ ਦੇ ਉਦਘਾਟਨੀ ਸੈਸ਼ਨ ਵਿਚ ਸਾਹਿਤ ਅਕਾਦਮੀ, ਦਿੱਲੀ ਵੱਲੋਂ ਕੁਮਾਰ ਅਨੁਪਮ ਵੱਲੋਂ ਸੁਆਗਤੀ ਸ਼ਬਦ ਕਹੇ ਗਏ;  ਉਹਨਾਂ ਕਿਹਾ ਕਿ ਦਰਸ਼ਨ ਦਾ ਆਪਣਾ ਸਾਹਿਤ ਹੁੰਦਾ ਹੈ ਅਤੇ ਸਾਹਿਤ ਦਾ ਆਪਣਾ ਦਰਸ਼ਨ ਹੁੰਦਾ ਹੈ।
ਇਸ ਤੋਂ ਬਾਅਦ ‘ਵਿਸ਼ੇ ਨਾਲ ਜਾਣ – ਪਛਾਣ’ ਡਾ. ਰਵੇਲ ਸਿੰਘ, ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਭਾਰਤੀ ਸਾਹਿਤ, ਅਕਾਦਮੀ ਵੱਲੋਂ ਕਰਵਾਈ ਗਈ; ਉਹਨਾਂ ਵਿਸ਼ੇ ਬਾਰੇ ਬੋਲਦਿਆਂ ਕਿਹਾ ਕਿ ਇਹ ਦੋਵੇਂ ਵਿਧਾਵਾਂ ਬੜੀਆਂ ਜਟਲ ਨੇ ਪਰ ਅੰਤਰ ਸੰਬੰਧਿਤ ਵੀ ਨੇ; ਇਹਨਾ ਵਿਚ ਬੜਾ ਹੀ ਮਹੀਨ ਫਰਕ ਹੈ; ਕੋਈ  ਵੀ ਚੰਗੀ ਰਚਨਾ ਇਸ ਦੇ ਸੁਮੇਲ ਤੋਂ ਹੀ ਬਣਦੀ ਹੈ।
ਕੁੰਜੀਵਤ ਭਾਸ਼ਣ, ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਵੱਲੋਂ ਦਿੱਤਾ ਗਿਆ; ਉਹਨਾਂ ਕਿਹਾ ਜੋ ਲੋਕ ਸਾਹਿਤ ਵਿਚ ਦਰਸ਼ਨ ਲਿਖਦੇ ਨੇ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ; ਸਾਹਿਤ ਤਜਰਬਾ ਦਿੰਦਾ ਹੈ ਤੇ ਦਰਸ਼ਨ ਗਿਆਨ ਦਿੰਦਾ ਹੈ। ਮੁੱਖ ਮਹਿਮਾਨ ਦੇ ਤੌਰ ‘ਤੇ ਭਾਰਤੀ ਸਾਹਿਤ ਅਕਾਦਮੀ ਵੱਲੋਂ ਮਾਧਵ ਕੌਸ਼ਿਕ ਹੋਰਾਂ ਨੇ ਵਿਚਾਰਿਆ ਕਿ ਸਾਡੇ ਸਾਰੇ ਪੁਰਾਣੇ ਦਾਰਸ਼ਿਨਕ, ਸੰਤ ਕਵੀ ਸਨ। ਦਰਸ਼ਨ ਦਾ ਜ਼ੀਰੋ ਸਾਹਿਤ ਵਿਚ ਮੁੱਲਵਾਨ ਬਣ ਜਾਂਦਾ ਹੈ; ਸਾਹਿਤ ਦੇ ਦਰਸ਼ਨ ਨੂੰ ਨਿਖੇੜਿਆ ਨਹੀਂ ਜਾ ਸਕਦਾ। ਉਹਨਾਂ ਅੱਗੇ ਜੋੜਿਆ ਕਿ ਸਾਹਿਤ, ਦਰਸ਼ਨ ਦੀ ਖੁਸ਼ਕੀ ਨੂੰ ਖਤਮ ਕਰਦਾ ਹੈ।
ਪ੍ਰਧਾਨਗੀ ਭਾਸ਼ਣ ਸਵਰਨਜੀਤ ਸਿੰਘ ਸਵੀ, ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਵੱਲੋਂ ਦਿੱਤਾ ਗਿਆ। ਉਹਨਾਂ ਆਪਣੇ ਕਥਨ ਵਿਚ ਅੱਜ ਦੇ ਉਦਘਾਟਨੀ ਸੈਸ਼ਨ ਨੂੰ ਸਾਰਥਿਕ ਦੱਸਿਆ। ਉਹਨਾਂ ਕਿਹਾ ਕਿ ਸਾਹਿਤ ਤੇ ਦਰਸ਼ਨ ਦਾ ਅੰਤਰ ਸੰਬੰਧ ਤਾਂ ਹੈ ਹੀ ਅਤੇ ਅੱਗੇ ਆਉਣ ਵਾਲ਼ੀਆਂ ਚੁਣੌਤੀਆਂ ਨੂੰ ਦੋਵਾਂ  ਨੇ ਇਕੱਠਿਆ  ਨਜਿੱਠਣਾ  ਹੈ। ਉਦਘਾਟਨੀ ਸਮਾਰੋਹ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਡਾ. ਯੋਗਰਾਜ, ਵਾਈਸ ਚੇਅਰਮੈਨ, ਪੰਜਾਬ ਕਲਾ ਪਰਿਸ਼ਦ ਵੱਲੋਂ ਕੀਤਾ ਗਿਆ।
ਪਹਿਲੇ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਉੱਘੇ ਵਿਦਵਾਨ ਡਾ. ਰੌਣਕੀ ਰਾਮ ਨੇ ਆਪਣੇ ਪਰਚੇ : ‘ਫਿਲਾਸਫੀ ਅਤੇ ਦਲਿਤ ਸਾਹਿਤ’ ‘ਤੇ ਚਾਨਣਾ ਪਾਉਂਦੇ ਇਸ ਦੀ ਮੱਧਕਾਲ ਅਤੇ ਆਧੁਨਿਕ ਜ਼ਾਵੀਏ ਤੋਂ ਵੀ ਨਿਰਖ-ਪਰਖ ਕੀਤੀ। ਨੌਜਵਾਨ ਆਲੋਚਕ ਡਾ. ਮਨਜਿੰਦਰ ਸਿੰਘ ਨੇ ‘ਗੁਰਮਤਿ ਕਾਵਿ ਵਿਚ ਅਦਵੈਦ ਦਾ ਦਾਰਸ਼ਨਿਕ ਬਿਰਤਾਂਤ’ ਤਹਿਤ ਆਪਣਾ ਪਰਚਾ ਪੜ੍ਹਦੇ ਹੋਏ ਵਿਚਾਰ ਰੱਖੇ ਕਿ ਗੁਰਬਾਣੀ ਵਿਚ ਅਦਵੈਤ ਕੇਂਦਰੀ ਧੁਰੇ ਵਜੋਂ ਆਉਂਦਾ ਹੈ; ਗੁਰਬਾਣੀ ਵਿਚ  ਦਾਰਸ਼ਨਿਕਤਾ ਵਾਲ਼ੀ ਕਾਵਿਕਤਾ ਹੈ। ਉਹਨਾਂ ਅੱਗੇ ਜੋੜਿਆ ਕਿ ਅਦਵੈਤਵਾਦ ਹੀ ਸਨਾਤਨ ਵਿੱਚੋਂ ਜਾਤੀਵਾਦ ਤੋਂ ਮੁਕਤ ਕਰ ਸਕਦਾ ਹੈ। ਇਸ ਸੈਸ਼ਨ ਦੇ ਆਖ਼ਰੀ ਬੁਲਾਰੇ ਵਜੋਂ ਡਾ. ਮਨਮੋਹਨ ਨੇ ਕਿਹਾ ਕਿ ਜੇ ਅਸੀਂ ਦਰਸ਼ਨ ਤੇ ਸਾਹਿਤ ਨੂੰ ਅਲੱਗ ਮੰਨਦੇ ਹਾਂ ਤਾਂ ਇਹ ਅਲੱਗ ਹੈ ਹੀ; ਸਾਹਿਤ ਤੇ ਦਰਸ਼ਨ ਆਪਣੀ ਭਾਸ਼ਾ ਕਰਕੇ ਅਲੱਗ ਹਨ; ਦਰਸ਼ਨ ਬਿਨਾਂ ਸਾਹਿਤ ਸਿਰਫ਼ ਆਨੰਦ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਸਰਬਜੀਤ ਨੇ ਕਿਹਾ ਕਿ ਅੱਜ ਦਾ ਸੈਸ਼ਨ ਬਹੁਤ ਭਾਵਪੂਰਤ ਰਿਹਾ। ਉਹਨਾਂ ਅਗਾਂਹ ਕਿਹਾ ਕਿ ਦਰਸ਼ਨ  ਤੇ ਸਾਹਿਤ ਸਮਾਜਿਕ ਚੇਤਨਾ ਵਿਚ ਉਹ ਰੂਪ ਹੈ ਜਿਹੜੇ ਅੰਤਰ-ਸੰਬੰਧ ਵੀ ਨੇ ਤੇ ਵੱਖਰੇ ਵੀ ਨੇ; ਸਾਰਾ ਸਾਹਿਤ ਦਰਸ਼ਨ ਨਹੀਂ ਹੁੰਦਾ, ਦਰਸ਼ਨ ਬਹੁਤ ਸੋਧੀ ਤੇ ਪਰਬੋਧੀ ਭਾਸ਼ਾ ਹੈ।
ਖਾਣੇ ਤੋਂ ਬਾਅਦ ਦੂਜੇ ਸੈਸ਼ਨ ਵਿਚ ਉੱਘੇ ਗਲਪ ਆਲੋਚਕ ਜੇ. ਬੀ. ਸੇਖੋਂ ਨੇ ‘ਸਮਕਾਲੀ ਪੰਜਾਬੀ ਨਾਵਲ ਦੇ ਦਾਰਸ਼ਨਿਕ ਅਰਥ’ ‘ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਨਵੇਂ ਨਾਵਲ ਵਿਚ ਦਰਸ਼ਨ ਬਾਰੇ ਬਹੁਤ ਚੰਗੇ ਵਿਚਾਰ ਸਮਝਣ ਨੂੰ ਮਿਲਦੇ ਨੇ। ਉਹਨਾਂ ਅਗਾਂਹ ਕਿਹਾ ਕਿ ਨਾਵਲ ਵਿਚ ਦਰਸ਼ਨ ਤੇ ਜੀਵਨ ਦਰਸ਼ਨ ਦੇ ਸੰਕਲਪ ਮਿਲਦੇ ਨੇ। ਉਹਨਾਂ ਨਾਵਲਾਂ ਦਾ ਉਦਾਹਰਨ ਦੇ ਕੇ ਵਿਸਥਾਰ ਸਹਿਤ ਰੌਸ਼ਨੀ ਪਾਈ। ਇਸ ਉਪਰੰਤ ਨੌਜਵਾਨ ਆਲੋਚਕ ਡਾ. ਤੇਜਿੰਦਰ ਸਿੰਘ ਨੇ ਲੋਕ ਸਾਹਿਤ ਤੇ ਦਰਸ਼ਨ ਤੇ ਸੰਬੰਧਾਂ ਬਾਰੇ ਦੱਸ ਕੇ ਸਰੋਤਿਆਂ ਨੂੰ ਕੀਲ ਲਿਆ। ਇਸ ਉਪਰੰਤ ਡਾ. ਰਾਜਿੰਦਰਪਾਲ ਬਰਾੜ ਹੋਰਾਂ ਨੇ “ਲੋਕਧਾਰਾ ਦਾ ਦਾਰਸ਼ਨਿਕ ਸੰਵਾਦ ਤੇ ਵਿਰੋਧ” ਤੇ ਆਪਣੇ ਕਥਨ ਵਿਚ ਕਿਹਾ ਕਿ ਆਮ ਵਿਅਕਤੀ ਵੀ ਆਪਣੇ ਜੀਵਨ ਵਿਚ ਦਰਸ਼ਨ ਨੂੰ ਜਿਉਂਦਾ ਹੈ, ਇਸ ਲਈ ਵਿਅਕਤੀ ਦਾ ਦਰਸ਼ਨ ਪੜ੍ਹਨਾ ਜ਼ਰੂਰੀ ਨਹੀਂ। ਉਹਨਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਲੋਕਧਾਰਾ ਵਿਚ ਵੀ ਵਿਚਾਰਧਾਰਿਕ ਵਿਰੋਧ ਪਏ ਨੇ। ਇਸ ਸਮਗਮ ਦਾ ਮੰਚ ਸੰਚਾਲਨ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਬਾਖ਼ੂਬੀ ਕੀਤਾ।
ਇਸ ਸੈਮੀਨਾਰ ਵਿਚ ਅਸ਼ਵਨੀ ਚੈਟਲੇ, ਡਾ. ਲਾਭ ਸਿੰਘ ਖੀਵਾ, ਗੁਲ ਚੌਹਾਨ, ਪ੍ਰੋ. ਅਤੈ ਸਿੰਘ, ਪ੍ਰੀਤਮ ਰੁਪਾਲ, ਸੰਜੀਵਨ ਸਿੰਘ, ਪ੍ਰੋ ਦਿਲਭਾਗ, ਭੁਪਿੰਦਰ ਮਲਿਕ, ਪਾਲ ਅਜਨਬੀ, ਦੀਪਕ ਚਨਾਰਥਲ, ਦਵਿੰਦਰ ਦਮਨ, ਬਲੀਜੀਤ, ਸਰਬਜੀਤ ਧਾਲੀਵਾਲ, ਡਾ. ਗੁਰਮੇਲ ਸਿੰਘ, ਅਸ਼ਵਨੀ ਚੈਟਲੇ, ਜਗਦੀਪ ਸਿੱਧੂ, ਹਰਬੰਸ ਸੋਢੀ, ਜਸਪਾਲ ਫਿਰਦੌਸੀ, ਸੰਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *