ਮਾਛੀਵਾੜਾ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ:
ਰਾਜਿਆ ਰਾਜ ਕਰੇਂਦਿਆ – ਦਲਜਿੰਦਰ ਰਹਿਲ
ਰਾਜਿਆ ਰਾਜ ਕਰੇਂਦਿਆ,
ਤੇਰੇ ਰਾਜ, ਤੜਫਦੇ ਲੋਕ।
ਖੂਨ ਜਿਨ੍ਹਾਂ ਦਾ ਚੂਸ ਕੇ,
ਤੂੰ ਭੱਠ ਵਿੱਚ ਦੇਂਦਾ ਝੋਕ।
ਰਾਜਿਆ ਰਾਜ ਕਰੇਂਦਿਆ,
ਤੇਰੇ ਰਾਜ ਦਾ ਕੀ ਇਨਸਾਫ।
ਜੋ ਸੱਚ ਨੂੰ ਸੂਲੀ ਚਾੜ੍ਹਦਾ,
ਤੇ ਝੂਠ ਨੂੰ ਕਰਦਾ ਮੁਆਫ।
ਰਾਜਿਆ ਰਾਜ ਕਰੇਂਦਿਆ,
ਤੇਰੇ ਰਾਜ ਦਾ ਮੰਦੜਾ ਹਾਲ।
ਜਿੱਥੇ ਮਿਹਨਤ ਦਾ ਮੁੱਲ ਡਾਂਗ ਹੈ,
ਤੇ ਇੱਜ਼ਤ ਦਾ ਮੁੱਲ ਗਾਲ਼।
ਰਾਜਿਆ ਰਾਜ ਕਰੇਂਦਿਆ,
ਤੇਰੇ ਰਾਜ ਨੇ ਚੁੱਕੀ ਅੱਤ।
ਕਹਿ ਕੰਜਕਾਂ ਪੂਜਣ ਜਿਨ੍ਹਾਂ ਨੂੰ,
ਫਿਰ ਲੁੱਟ ਕਿਉਂ ਲੈਂਦੇ ਪੱਤ?
ਰਾਜਿਆ ਰਾਜ ਕਰੇਂਦਿਆ,
ਤੈਂ ਰੱਖੇ ਜਿਹੜੇ ਦਲਾਲ।
ਉਹ ਮੁਲਕ ਵੇਚ ਕੇ ਖਾ ਗਏ,
ਤੇ, ਤੂੰ ਵੀ ਰਲ਼ਿਆ ਨਾਲ।
ਰਾਜਿਆ ਰਾਜ ਕਰੇਂਦਿਆ,
ਤੇਰੇ ਰਾਜ ਨੂੰ ਲੱਗੇ ਅੱਗ।
ਜਿੱਥੇ ਚੁੰਨੀਆਂ ਲੀਰੋ ਲੀਰ ਨੇ,
ਪੈਰਾਂ ਵਿੱਚ ਰੁਲਦੀ ਪੱਗ।
ਰਾਜਿਆ ਰਾਜ ਕਰੇਂਦਿਆ,
ਤੇਰਾ ਰਾਜ ਨਾ ਬਹੁਤੀ ਦੇਰ।
ਜਦ ਹੜ੍ਹ ਲੋਕਾਂ ਦਾ ਵਗਦਾ
ਫਿਰ ਹੂੰਝਾ ਦਿੰਦਾ ਫੇਰ।
ਦਲਜਿੰਦਰ ਰਹਿਲ – 00393272244388