ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 23 ਦਸੰਬਰ:
ਤਾਇਆ ਸੀ ਚਲੇ ਗਏ ਪਰ ਸੋਚਿਆ ਨਹੀਂ ਸੀ ਕਿ ਐਨੀ ਛੇਤੀ ਤੁਰ ਜਾਣਗੇ। ਹਾਲੇ ਪਿਛਲੇ ਮਹੀਨੇ ਦੀ 19 ਨੂੰ ਉਨ੍ਹਾਂ ਮੇਰੇ ਸਿਰ ‘ਤੇ ਹੱਥ ਧਰਿਆ ਸੀ। ਚਿਹਰੇ ‘ਤੇ ਉਹੀ ਮੁਸਕੁਰਾਹਟ, ਗੱਲ ਕਰਨ ਦਾ ਉਹੀ ਅੰਦਾਜ਼, ਜਿਹੜਾ ਬਚਪਨ ਤੋਂ ਵੇਖਦੀ ਆ ਰਹੀ ਸਾਂ। ਜਦੋਂ ਅਸੀਂ ਪਿੰਡ ਰਹਿੰਦੇ ਸਾਂ, ਉਹਨਾਂ ਦੀ ਉਡੀਕ ਹੁੰਦੀ ਸੀ। ਜਦੋਂ ਉਹ ਆਉਂਦੇ ਤਾਂ ਸਾਰੇ ਜੀਅ ਉਹਨਾਂ ਦੇ ਸੁਆਗਤ ਲਈ ਮਨ ਦੇ ਬੂਹੇ ਖੋਲ੍ਹ ਕੇ ਅੱਖਾਂ ਰਾਹਾਂ ‘ਤੇ ਲਾ ਲੈਂਦੇ। ਥੋੜ੍ਹੀ ਜਿਹੀ ਬਿੜਕ ਹੋਣ ‘ਤੇ ਦਰਵਾਜ਼ੇ ਵੱਲ ਵੇਖਦੇ। ਰਸੋਈ ‘ਚੋਂ ਤੜਕਿਆਂ ਦੀ ਮਹਿਕ ਨੱਕ ਦੀਆਂ ਕਰੂੰਬਲਾਂ ਨੂੰ ਛੇੜ-ਛੇੜ ਲੰਘਦੀ। ਬੀਬੀ (ਦਾਦੀ ਸਾਡੀ ) ਤਾਂ ਦੁਪਹਿਰ ਤੋਂ ਈ ਗਲ਼ੀ ‘ਚ ਚੱਕਰ ਕੱਢਣ ਲੱਗਦੀ ਤੇ ‘ਕੱਲੇ-‘ਕੱਲੇ ਨੂੰ ਦੱਸਦੀ, “ਅੱਜ ਭਾਗ ਨੇ ਆਣਾ।” ਮੇਰੇ ਤਾਇਆ ਜੀ ਭਾਗ ਸਿੰਘ। ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚੁਣੇ ਗਏ ਤੇ ਬਾਅਦ ਵਿੱਚ ਪੰਜਾਬ ਅਨੁਸੂਚਿਤ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ।
ਮੈਨੂੰ ਯਾਦ ਆਉਂਦਾ ਹੈ। ਜਦੋਂ ਬਰੋਟੇ ਥੱਲੇ 26 ਨੰਬਰ ਮਰੂਤੀ ਖੜ੍ਹਦੀ ਤਾਂ ਨਿਆਣੇ ਭੱਜੇ ਆਉਂਦੇ। ਸਾਰੇ ਘਰ ‘ਚ ਚਾਅ ਹੁੰਦਾ। 13 ਅਪ੍ਰੈਲ 1937 ਨੂੰ ਨਾਨਕੇ ਉੱਚਾ ਪਿੰਡ ਸੰਘੋਲ ‘ਚ ਪਹਿਲਾ ਸਾਹ ਲੈਣ ਵਾਲੇ ਇਸ ਬੱਚੇ ਦਾ ਨਾਂ ਭਾਗ ਸਿੰਘ ਬੜੇ ਚਾਵਾਂ ਨਾਲ਼ ਰੱਖਿਆ ਸੀ ਘਰਦਿਆਂ ਨੇ। ਸੱਚੀਂ-ਮੁੱਚੀ ਉਹ ਸਾਰੇ ਖ਼ਾਨਦਾਨ ਦਾ ਭਾਗ ਬਣਕੇ ਚਮਕਿਆ। ਗਰੀਬੀ ‘ਚੋਂ ਉੱਠ ਕੇ, ਆਪਣੇ ਪੈਰਾਂ ‘ਤੇ ਖੜਨ ਦੀ ਮਿਸਾਲ ਬਣ ਗਈ ਪਿਤਾ ਪ੍ਰੀਤਮ ਸਿੰਘ ਅਤੇ ਮਾਤਾ ਕਰਤਾਰ ਕੌਰ ਦੀ ਇਹ ਔਲਾਦ। ਦੋ ਭੈਣਾਂ ਅਤੇ ਚਾਰ ਭਰਾਵਾਂ ਦੇ ਪਰਿਵਾਰ ਦਾ ਇਹ ਜੇਠਾ ਪੁੱਤ ਪਿੰਡ ‘ਬੰਦੇ ਮਹਿਲ ਕਲਾਂ’ ਦੇ ਨਾਲ਼- ਨਾਲ਼ ਰੋਪੜ ਸ਼ਹਿਰ ਦਾ ਵੀ ਮਾਣ ਬਣਿਆ। ਕਦੇ ਫਾਂਟਾ ਵਾਲ਼ਾ ਪਜਾਮਾ ਕੱਛ ‘ਚ ਦੇ ਕੇ ਘਰੋਂ ਨਿਕਲਦਾ, ਬੁੱਧਕੀ ਨਦੀਂ ਦੇ ਰੇਤੇ ਨੂੰ ਪੈਰਾਂ ਨਾਲ਼ ਮਿੱਧਦਾ ਰੋਪੜ ਪੁਰਾਣੇ ਪੁਲ ਕੋਲ਼ ਆ ਆਪਣੇ ਮੋਢੇ ‘ਤੇ ਰੱਖਿਆ ਪਜਾਮਾ ਪਾ ਕਾਲਜ ਦੇ ਰਾਹ ਪੈ ਜਾਂਦਾ। ਸ਼ਰੀਕ ਮਸ਼ਕਰੀਆਂ ਕਰਦੇ, “ਲੈ! ਕੀ ਕਰਨਾ ਤੂੰ ਪੜ੍ਹ ਕੇ?”
ਪਰ ਉਹ ਵੱਡੇ ਟੱਬਰ ਦੇ ਹਿੱਸੇ ਆਏ ਇੱਕੋ-ਇੱਕ ਕਮਰੇ ਦੀ ਪੜਛੱਤੀ ‘ਤੇ ਲਾਲਟੈਣ ਜਗਾ ਕੇ ਲਾ ਲੈਂਦਾ ਆਪਣਾ ਆਸਣ। ਰਾਤ ਨੂੰ ਪੜ੍ਹਦਾ। ਦਿਨੇ ਕਾਲਜ ਪੜ੍ਹਨ ਜਾਂਦਾ ਤੇ ਛੁੱਟੀ ਵਾਲੇ ਦਿਨ ਆਪਣੇ ਘਰ ਦੇ ਸੌ ਕੰਮ ਸੁਆਰਦਾ। ਉਹਨਾਂ ਭਲੇ ਸਮਿਆਂ ‘ਚ ਕਲਰਕੀ ਕਰ, ਆਪਣੇ ਮਾਂ-ਪਿਓ ਨੂੰ ਆਸਰਾ ਦਿੰਦਿਆ ਹੋਇਆਂ ਵੀ ਅੱਗੇ ਵਧਣ ਲਈ ਪੜ੍ਹਾਈ ਦਾ ਪੱਲਾ ਕੱਸ ਕੇ ਫੜੀ ਰੱਖਿਆ। ਕਲਰਕੀ ਦੇ ਨਾਲ਼-ਨਾਲ਼ ਵਕਾਲਤ ਦਾ ਇਮਤਿਹਾਨ ਪਾਸ ਕਰ ਆਪਣੇ ਹਿੱਸੇ ਦੇ ਅਸਮਾਨ ਨੂੰ ਆਪ ਚੁਣਿਆ।
ਜਦੋਂ ਪਿੰਡ ਵਾਸੀਆਂ ਨੇ 1975 ਵਿੱਚ ਸਰਬ ਸੰਮਤੀ ਨਾਲ਼ ਸਰਪੰਚ ਚੁਣਿਆ, ਉਦੋਂ ਇਹਨੇ ਵੀ ਬਾਹਾਂ ਫੈਲਾ ਲਈਂਆਂ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਤੇ ਪੈਰ ਧਰੇ ਆਪਣੇ ਰਾਜਨਿਤਕ ਸਫ਼ਰ ਦੀ ਸ਼ੁਰੂਆਤ ਲਈ ਇੱਕ ਸਧਾਰਨ ਘਰ ਦੇ ਮੁੰਡੇ ਨੇ। ਪਿੰਡ ਦੀ ਦਸ ਸਾਲਾਂ ਦੀ ਸਰਪੰਚੀ ਦੇ ਨਾਲ਼ ਨਾਲ਼ ਆਪਣੇ ਤਜ਼ਰਬਿਆਂ ਨੂੰ ਸਮੋਈ ਬੈਠਾ ਸੀ, ਇਹ ਨੌਜਵਾਨ ਰਾਜਨੀਤੀ ਦੀ ਪੌੜੀ ਦੇ ਅਗਲੇ ਡੰਡੇ ‘ਤੇ ਪੈਰ ਧਰਨ ਲਈ। ਭਾਵੇਂ 1975 ‘ਚ ਵਿਧਾਇਕ ਲਈ ਚੋਣ ਲੜੀ ਪਰ 339 ਵੋਟਾਂ ਦੇ ਫ਼ਰਕ ਨਾਲ਼ ਮਿਲੀ ਅਸਫ਼ਲਤਾ ਨੂੰ ਵੀ ਖਿੜੇ ਮੱਥੇ ਸਵੀਕਾਰਿਆ। ਇਸ ਅਸਫ਼ਲਤਾ ਨੂੰ ਹਰ ਘੜੀ ਯਾਦ ਰੱਖਣ ਵਾਲੀ ਇਸ ਸਖਸ਼ੀਅਤ ਨੇ ਮੁੜ ਕਾਂਗਰਸ ਪਾਰਟੀ ਵੱਲੋਂ ਚਮਕੌਰ ਸਾਹਿਬ ਹਲਕੇ ਤੋਂ 1985 ਈ. ਇਲੈੱਕਸ਼ਨ ਲੜੀ ਤੇ ਸਫ਼ਲਤਾ ਨੂੰ ਆਪਣੇ ਹੱਕ ਵਿੱਚ ਖੜ੍ਹਨ ਲਈ ਸਿਰੜ ਤੇ ਮਿਹਨਤ ਦਾ ਪੱਲਾ ਫੜੀ ਰੱਖਿਆ। ਹਰ ਇੱਕ ਦੇ ਦੁੱਖ-ਸੁੱਖ ‘ਚ ਖੜ੍ਹਨ ਵਾਲੇ ਆਪਣੇ ਵਿਧਾਇਕ ਨੂੰ ਜਦੋਂ ਭਰੀਆਂ ਅੱਖਾਂ ਨਾਲ਼ 14/12/24 ਦਿਨ ਸ਼ਨੀਵਾਰ ਨੂੰ ਇਸ ਦੁਨੀਆਂ ਤੋਂ ਤੋਰਿਆ, ਉਦੋਂ ਇਸ ਦੀ ਸ਼ਖ਼ਸੀਅਤ ਦੇ ਕਿੰਨੇ ਹੀ ਰੰਗ ਉੱਘੜ ਕੇ ਸਾਹਮਣੇ ਆਏ। ਅੱਜ ਭਾਵੇਂ ਇਹ ਪਿਆਰੀ ਸ਼ਖਸ਼ੀਅਤ ਇਸ ਦੁਨੀਆਂ ‘ਤੇ ਨਹੀਂ ਪਰ ਹਰ ਕਿਸੇ ਦੇ ਦਿਲ ‘ਚ ਵਸਦੀ ਹੈ। ਸ਼ੁੱਕਰਵਾਰ 13/12/24 ਨੂੰ ਸੰਖੇਪ ਜਿਹੀ ਬਿਮਾਰੀ ‘ਚ ਆਪਣੇ ਘਰ, ਆਪਣੇ ਪੁੱਤਰ ਡਾ. ਗੁਰਵਿੰਦਰ ਸਿੰਘ ਟੋਨੀ ਦੀਆਂ ਬਾਹਾਂ ‘ਚ ਜਦੋਂ ਆਖਰੀ ਸਾਹ ਭਰੇ, ਉਦੋਂ ਕੋਲ਼ ਖੜੀ ਹਮਸਫ਼ਰ ਸ੍ਰੀਮਤੀ ਰਣਜੀਤ ਕੌਰ ਕੁਝ ਸਮਝ ਨਾ ਸਕੀ ਕਿ ਕੀ ਹੋ ਗਿਆ? ਨੂੰਹ ਬਲਵਿੰਦਰ ਕੌਰ ਵੇਖਦੀ ਰਹਿ ਗਈ ਕਿ ਪਲਾਂ ‘ਚ ਕਿਹੋ-ਜਿਹਾ ਭਾਣਾ ਵਾਪਰ ਗਿਆ! ਇਥੋਂ ਤੱਕ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਮੇਰੀ ਬੀਬੀ ਦਾ ਭਾਗ, ਬੀਬੀ ਕੋਲ਼ ਚਲਾ ਗਿਆ। ਡੈਡੀ ਸ. ਰਤਨ ਸਿੰਘ ਦਾ ਵੀਰ, ਸਾਡੇ ਤਾਇਆ ਜੀ ਚਲੇ ਗਏ ਕਿਸੇ ਹੋਰ ਦੁਨੀਆਂ ‘ਚ, ਜਿੱਥੋਂ ਕਦੇ ਕੋਈ ਵਾਪਿਸ ਨਹੀਂ ਪਰਤਿਆ। ਡੈਡੀ ਜੀ ਦਾ ਕੋਈ ਵੀ ਫ਼ੈਸਲਾ ਆਪਣੇ ਵੀਰ ਦੀ ਸਲਾਹ ਤੋਂ ਬਿਨਾਂ ਅਧੂਰਾ ਹੁੰਦਾ। ਮੈਨੂੰ ਯਾਦ ਐ ਜਦੋਂ ਮੈਂ ਈ.ਟੀ. ਟੀ ਕਰਦੀ ਸੀ ਤਾਂ ਇੱਕ ਵਾਰ ਤਾਇਆ ਜੀ ਘਰ ਆਏ। ਮੈਂ ਬੀਬੀ ਕੋਲ਼ ਬੈਠੀ ਸਾਂ ਰਜ਼ਾਈ ‘ਚ। ਬੀਬੀ ਨੂੰ ਕਹਿਣ ਲੱਗੇ, “ਲੈ! ਦੇਖ ਇਹਨੇ ਭੈਣ ਜੀ ਲੱਗ ਜਾਣਾ।”
ਉਹਨਾਂ ਦਾ ਇੰਜ ਭੈਣ ਜੀ ਕਹਿਣਾ ਮੇਰੇ ਮਨ ਨੂੰ ਬਹੁਤ ਚੰਗਾ ਲੱਗਿਆ। ਇੰਜ ਲੱਗਦਾ ਜਿਵੇਂ ਅੱਜ ਦੀ ਹੀ ਗੱਲ ਹੋਵੇ। ਜਦੋਂ ਮੈਂ ਆਪਣੇ ਸਕੂਲ ਰੈਲੋਂ ਕਲਾਂ ਪਹਿਲੇ ਦਿਨ ਆਪਣੀ ਹਾਜ਼ਰੀ ਰਿਪੋਰਟ ਦਿੱਤੀ, ਉਸੇ ਦਿਨ ਦੁਪਹਿਰ ਨੂੰ ਮੇਰੇ ਸਕੂਲ ਆਏ ਮੈਨੂੰ ਮਿਲਣ ਲਈ। ਆਪਣਿਆਂ ਦੀਆਂ ਕੁਝ ਯਾਦਾਂ ਸਦੀਵੀ ਮਨ ‘ਚ ਹਮੇਸ਼ਾ ਲਈ ਉੱਘੜੀਆਂ ਰਹਿੰਦੀਆਂ। ਨਾ ਵਕਤ ਦੀ ਧੂੜ ਉਹਨਾਂ ਦੇ ਜੰਮਦੀ ਤੇ ਨਾ ਵੀ ਹੋਰ ਯਾਦਾਂ ਉਹਨਾਂ ਨੂੰ ਆਪਣੇ ਪਰਛਾਂਵਿਆਂ ‘ਚ ਕੈਦ ਕਰ ਸਕਦੀਆਂ। ਉਂਝ ਵੀ ਇਹ ਲਹੂ ਦੀ ਖਿੱਚ ਹੁੰਦੀ।
ਆਪਣੀ ਸਿਹਤ ਪ੍ਰਤੀ ਕਦੇ ਵੀ ਅਵੇਸਲਾ ਨਾ ਹੋਣਾ ਉਹਨਾਂ ਦੀ ਸਖਸ਼ੀਅਤ ਦਾ ਅਹਿਮ ਗੁਣ ਸੀ। ਭਾਵੇਂ ਸੰਘਣੀ ਧੁੰਦ ਹੀ ਕਿਉਂ ਨਾ ਹੋਵੇ, ਸਵੇਰੇ ਪੰਜ ਵਜੇ ਉਹਨਾਂ ਹੈੱਡ ‘ਤੇ ਸੈਰ ਲਈ ਆਪਣੀ ਹਾਜ਼ਰੀ ਭਰ ਦੇਣੀ। ਸ਼ਾਮ ਨੂੰ ਵੀ ਉਹਨਾਂ ਦੀ ਸੈਰ ਕਦੇ ਨਾ ਟਲਦੀ। ਕੋਈ ਫਾਲਤੂ ਬਜ਼ਾਰੂ ਚੀਜ਼ ਨਾ ਜੀਭ ‘ਤੇ ਧਰਨੀ। ਘਰ ਦੀ ਸਾਦੀ ਰੋਟੀ ਦੇ ਸ਼ੌਕੀਨ। ਸਭ ਨਾਲ਼ ਹੱਸ ਕੇ ਬੋਲਣਾ ਮੁਸਕੁਰਾ ਕੇ ਸਭ ਨੂੰ ਜੀ ਆਇਆਂ ਕਹਿਣਾ।
ਪਰ ਪਤਾ ਨਹੀਂ ਸੀ ਕਿ ਉਹਨਾਂ ਦੇ ਜਾਣ ਦੀਆਂ ਘੜੀਆਂ ਨਜ਼ਦੀਕ ਨੇ। ਜੇ ਪਤਾ ਹੁੰਦਾ ਤਾਂ ਜਦੋਂ ਡੈਡੀ ਜੀ ਨੇ ਦੱਸਿਆ ਸੀ ਕਿ ਵੀਰ ਬਿਮਾਰ ਐ … ਮੈਂ ਉਹਨਾਂ ਦੇ ਵੀਰ ਨੂੰ ਉਦੋਂ ਈ ਮਿਲ ਕੇ ਆਉਂਦੀ। ਪਰ ਮੈਨੂੰ ਨਹੀਂ ਸੀ ਪਤਾ ਕਿ ਐਨੇ ਬਿਮਾਰ ਨੇ। ਅਸੀਂ ਦੋਵੇਂ ਭੈਣਾਂ ਤਾਂ ਸ਼ਨੀਵਾਰ ਦੀ ਛੁੱਟੀ ਉਡੀਕ ਰਹੀਆਂ ਸਾਂ ਕਿ ਸ਼ਨੀਵਾਰ ਨੂੰ ਮਿਲ ਕਿ ਆਵਾਂਗੀਆਂ ਪਰ ਪਤਾ ਨਹੀਂ ਸੀ ਕਿ ਸ਼ਨੀਵਾਰ ਨੂੰ ਮਿਲ ਨਹੀਂ ਹੋਣਾ, ਕੋਈ ਗੱਲ ਨਹੀਂ ਹੋਣੀ। ਸਿਰਫ਼ ਉਹਨਾਂ ਨੂੰ ਬੇਸੁੱਧ ਮੌਤ ਦੀ ਬੁੱਕਲ ‘ਚ ਪਿਆਂ ਨੂੰ ਹੀ ਵੇਖ ਹੋਣਾ, ਲੋਕਾਂ ਵਾਂਗੂੰ। ਕਾਸ਼! ਪਤਾ ਹੁੰਦਾ ਕਿ ਉਹ ਜਾਣ ਵਾਲੇ ਨੇ।
ਕਦੇ ਕਲਰਕੀ ਤੋਂ ਵਕਾਲਤ ਤੱਕ ਉਹਨਾਂ ਦੀ ਮਿਹਨਤ ਤੇ ਸਿਰੜ ਦੇ ਸਫ਼ਰ ਦੀ ਗੱਲ ਹੁੰਦੀ ਸੀ। ਮਗਰੋਂ ਸਰਪੰਚੀ ਤੋਂ ਵਿਧਾਇਕ ਤੱਕ ਦੇ ਉਹਨਾਂ ਦਾ ਸਫ਼ਰ ਵੀ ਉਹਨਾਂ ਦੇ ਜਾਣਕਾਰਾਂ ਕੋਲੋਂ ਲੁਕਿਆ ਨਹੀਂ ਰਿਹਾ। ਮੇਰੇ ਤਾਇਆ ਜੀ ਸ. ਭਾਗ ਸਿੰਘ ਸਾਡਾ ਪਰਿਵਾਰ ਸੁੰਨਾ ਕਰ ਗਏ ਹਨ।
ਮਨਦੀਪ ਰਿੰਪੀ – 9814385918