ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਦਸੰਬਰ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ ਤੇ ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ, ਸੈਕਟਰ 16 ਵਿਖੇ 26 ਤੋਂ 30 ਦਸੰਬਰ ਤੱਕ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਕਰਵਾਈ ਜਾ ਰਹੀ ਹੈ।


ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕੋਆਰਡੀਨੇਟਰ ਜਗਦੀਪ ਸਿੱਧੂ ਨੇ ਦੱਸਿਆ ਕਿ ਇਸ ਕਵਿਤਾ ਵਰਕਸ਼ਾਪ ਦੇ ਪਹਿਲੇ ਦਿਨ 26 ਦਸੰਬਰ ਨੂੰ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡਾ. ਆਤਮ ਸਿੰਘ ਰੰਧਾਵਾ ਵੱਲੋਂ ਕੀਤੀ ਜਾਵੇਗੀ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਵਰਨਜੀਤ ਸਵੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਅਰਵਿੰਦਰ ਸਿੰਘ ਢਿੱਲੋਂ ਸ਼ਾਮਿਲ ਹੋ ਰਹੇ ਹਨ । ਇਸੇ ਤਰ੍ਹਾਂ ਮੁੱਖ ਵਕਤਾ ਵਜੋਂ ਡਾ. ਯੋਗਰਾਜ ਅਤੇ ਡਾ. ਪਵਨ ਸ਼ਾਮਿਲ ਹੋ ਰਹੇ ਹਨ। ਇਸ ਵਰਕਸ਼ਾਪ ਦੇ ਕਨਵੀਨਰ ਡਾ. ਅਮਰਜੀਤ ਸਿੰਘ ਹਨ।
ਉਨ੍ਹਾਂ ਦੱਸਿਆ ਕਿ 27 ਦਸੰਬਰ ਨੂੰ ਕਵਿਤਾ ਵਰਕਸ਼ਾਪ ਦਾ ਵਿਸ਼ਾ; ਕਵਿਤਾ ਨੂੰ ਸਮਝਦਿਆਂ ਹੋਵੇਗਾ, ਜਿਸ ਦੇ ਮੁੱਖ ਵਕਤਾ ਡਾ. ਮਨਮੋਹਨ ਅਤੇ ਵਿਸ਼ੇਸ਼ ਸ਼ਾਇਰ ਗੁਰਪ੍ਰੀਤ ਹੋਣਗੇ।
28 ਦਸੰਬਰ ਦਾ ਵਿਸ਼ਾ; ਗ਼ਜ਼ਲ ਨੂੰ ਸਮਝਦਿਆਂ ਹੋਵੇਗਾ, ਜਿਸ ਦੇ ਮੁੱਖ ਵਕਤਾ ਡਾ. ਸ਼ਮਸ਼ੇਰ ਮੋਹੀ ਅਤੇ ਵਿਸ਼ੇਸ਼ ਸ਼ਾਇਰ ਐਸ. ਨਸੀਮ ਹੋਣਗੇ। 29 ਦਸੰਬਰ ਦਾ ਵਿਸ਼ਾ; ਗੀਤ ਨੂੰ ਸਮਝਦਿਆਂ ਹੋਵੇਗਾ, ਜਿਸ ਦੇ ਮੁੱਖ ਵਕਤਾ ਡਾ. ਪ੍ਰਵੀਨ ਅਤੇ ਵਿਸ਼ੇਸ਼ ਸ਼ਾਇਰ ਧਰਮ ਕੰਮੇਆਣਾ ਹੋਣਗੇ। ਵਰਕਸ਼ਾਪ ਦੇ ਅੰਤਲੇ ਦਿਨ ਮਿਤੀ 30 ਦਸੰਬਰ ਨੂੰ ਵਿਦਾਇਗੀ ਸੈਸ਼ਨ ਹੋਵੇਗਾ, ਜਿਸ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਗਰੇਵਾਲ਼ ਵੱਲੋਂ ਕੀਤੀ ਜਾਵੇਗੀ।

