ਚੰਡੀਗੜ੍ਹ 26 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਭਾਰਤ ਦੇਸ਼ ਵਿੱਚ ਕਿਸਾਨ ਵੱਖਰੀ ਥਾਂ ਰੱਖਦੇ ਹਨ, ਕਿਉਂਕਿ ਦੇਸ਼ ਦੀ ਤਰੱਕੀ ਵਿੱਚ ਕਿਸਾਨਾਂ ਦਾ ਵੀ ਵੱਡਾ ਯੋਗਦਾਨ ਹੈ। ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਤੱਕ ਦੇ ਅਹੁਦੇ ‘ਤੇ ਵੀ ਕਿਸਾਨ ਪੁੱਜੇ ਹਨ। ਅੱਜ ਕਿਸਾਨ ਨੂੰ ਬਚਾਉਣ ਦੀ ਬਹੁਤ ਜਰੂਰਤ ਹੈ, ਕਿਉਂਕਿ ਜੇਕਰ ਦੇਸ਼ ਵਿੱਚ ਕਿਸਾਨ ਨਹੀਂ ਰਹੇਗਾ ਤਾਂ ਹੋ ਸਕਦਾ ਹੈ ਕਿ ਦੇਸ਼ ਦੀ ਦਸ਼ਾ ਤੇ ਦਿਸ਼ਾ ਹੋਰ ਹੋਵੇਗੀ।


ਇਸ ਸਬੰਧੀ ਅਲੱਗ ਅਲੱਗ ਆਗੂਆਂ, ਜਿਨਾਂ ਵਿੱਚ ਭਾਜਪਾ ਦੇ ਸੀਨੀਅਰ ਆਗੂ ਜੈਮਲ ਸਿੰਘ ਮਾਜਰੀ, ਨੰਬਰਦਾਰ ਯੂਨੀਅਨ ਦੇ ਬਲਾਕ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ, ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪਹਿਲਵਾਨ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ, ਪ੍ਰਾਪਰਟੀ ਸਲਾਹਕਾਰ ਬਲਜਿੰਦਰ ਸਿੰਘ ਪੁਰੀ ਨਿਊ ਚੰਡੀਗੜ੍ਹ, ਕਿਸਾਨ ਆਗੂ ਸੁਖਦੇਵ ਸਿੰਘ ਸੁੱਖਾ ਕੰਸਾਲਾ ਤੇ ਲੇਖਕ ਤੇ ਬੁੱਧੀਜੀਵੀ ਸਤਨਾਮ ਸਿੰਘ ਸ਼ੋਕਰ ਹੁਸ਼ਿਆਰਪੁਰ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ, ਕਿਸਾਨ ਨਾਲ ਇਨਸਾਫ਼ ਨਹੀਂ ਹੋਇਆ।
ਇਨ੍ਹਾਂ ਆਗੂਆਂ ਨੇ ਅਲੱਗ ਅਲੱਗ ਵਿਚਾਰ ਰੱਖਦੇ ਕਿਹਾ ਕਿ ਭਾਰਤ ਵਿੱਚ ਜਿੱਥੇ ਅੰਤਾਂ ਦੀ ਗਰੀਬੀ ਹੈ, ਉਥੇ ਹੀ ਭਾਰਤ ਨੂੰ ਚਲਾਉਣ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ, ਕਿਉਂਕਿ ਦੇਸ਼ ਨੂੰ ਚਲਾਉਣ ਵਿੱਚ ਛੋਟੀ ਕਿਸਾਨੀ ਦਾ ਵੱਡਾ ਯੋਗਦਾਨ ਹੈ। ਆਗੂਆਂ ਨੇ ਕਿਹਾ ਕਿ ਬੇਸ਼ੱਕ ਜ਼ਿਆਦਾਤਰ ਕਿਸਾਨ ਪਿੰਡਾਂ ਵਿੱਚ ਰਹਿੰਦੇ ਹਨ, ਪਰ ਸ਼ਹਿਰਾਂ ਦੀ ਚਮਕ-ਦਮਕ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ ਹੈ। ਇਹਨਾਂ ਕਿਹਾ ਕਿ ਪਿਛਲੇ ਲੰਘੇ ਸਾਲਾਂ ਦੌਰਾਨ ਕਿਸਾਨ ਅਤੇ ਕਿਸਾਨ ਦੇ ਪਰਿਵਾਰ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰਦੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਢੁਕਵਾਂ ਹੱਲ ਕੱਢ ਕੇ ਕਿਸਾਨਾਂ ਦੇ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ, ਕਿਉਂਕਿ ਕਿਸੇ ਵੀ ਕਿਸਾਨ ਨੂੰ ਸੜਕਾਂ ਤੇ ਰੁਲਣਾ ਚੰਗਾ ਨਹੀਂ ਲੱਗਦਾ।
ਪਹਿਲਵਾਨ ਰਵੀ ਸ਼ਰਮਾ ਨੇ ਕਿਹਾ ਕਿ ਖੇਤਾਂ ਵਿੱਚ ਅੰਨ ਅਤੇ ਸਬਜ਼ੀਆਂ ਉਗਾਉਣ ਵਾਲਾ ਕਿਸਾਨ ਸੜਕਾਂ ‘ਤੇ ਰਾਤਾਂ ਕੱਟੇ, ਇਹ ਸਾਡੇ ਲਈ ਸ਼ਰਮ ਵਾਲ਼ੀ ਗੱਲ ਹੈ। ਮੰਨਿਆ ਕਿ ਸਰਕਾਰਾਂ ਦੀਆਂ ਕੁਝ ਮਜ਼ਬੂਰੀਆਂ ਹੋ ਸਕਦੀਆਂ ਹਨ, ਪਰ ਕਿਸੇ ਦੀ ਜਾਨ ਨਾਲੋਂ ਕੋਈ ਮਜ਼ਬੂਰੀ ਜ਼ਰੂਰੀ ਨਹੀਂ ਹੁੰਦੀ। ਸਤਨਾਮ ਸਿੰਘ ਸ਼ੋਕਰ ਨੇ ਕਿਹਾ ਕਿ ਬਾਕੀ ਤਬਕਿਆ ਨੂੰ ਵੀ ਕਿਸਾਨ ਦੇ ਬਰਾਬਰ ਖੜ੍ਹਨਾ ਚਾਹੀਦਾ। ਅੱਜ ਕਿਸਾਨ ਮੁਸ਼ਕਲ ਵਿਚ ਹੈ ਕੱਲ੍ਹ ਨੂੰ ਹੋਰਾਂ ‘ਤੇ ਵੀ ਮੁਸੀਬਤ ਪੈ ਸਕਦੀ ਹੈ। ਕਿਸਾਨ ਆਗੂ ਸੁੱਖਾ ਕੰਸਾਲਾ ਨੇ ਵੀ ਸਰਕਾਰਾਂ ਨੂੰ ਸੰਜਮ ਨਾਲ ਫੈਸਲਾ ਲੈਣ ਦੀ ਸਲਾਹ ਦਿੱਤੀ ਹੈ। ਬਲਵਿੰਦਰ ਪੁਰੀ ਨੇ ਕਿਹਾ ਕਿ ਅੱਜ ਬਿਲਡਰ ਵੀ ਕਿਸਾਨ ਸਹਾਰੇ ਹੀ ਹੈ। ਜੈਮਲ ਮਾਜਰੀ ਤੇ ਨੰਬਰਦਾਰ ਸਿਆਲਬਾ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੱਜ ਦੇ ਮਾਹੌਲ ਨੂੰ ਠੰਢਾ ਕਰਨਾ ਚਾਹੀਦਾ ਹੈ।

