ਚੰਡੀਗੜ੍ਹ 26 ਦਸੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਨਿਊ ਚੰਡੀਗੜ੍ਹ ਦੀ ਇੱਕ ਕੰਪਨੀ ਵਿੱਚ ਕੋਲਿਆਂ ਦੀ ਅੱਗ ਵਾਲੀ ਅੰਗੀਠੀ ਬਾਲਕੇ ਸੁੱਤੇ ਪਏ ਪਰਿਵਾਰ ਵਿੱਚ ਕਥਿਤ ਤੌਰ ਉਤੇ ਦਮ ਘੁੱਟਣ ਕਰਕੇ ਦੋ ਮੈਂਬਰਾਂ ਦੀ ਮੌਤ ਹੋ ਗਈ ਹੈ ਅਤੇ ਤੀਜਾ ਵਿਅਕਤੀ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਕੋਠੀ ਉਤੇ ਨੌਕਰਾਂ ਲਈ ਇੱਕ ਕਮਰੇ ਵਿੱਚ ਦੀਪਕ ਨਾਮ ਦਾ ਨਿਪਾਲੀ ਆਪਣੀ ਪਤਨੀ ਪਰਸੁਪਤਿ ਤੇ ਕਰੀਬ ਡੇਢ ਸਾਲ ਦੇ ਪੁੱਤਰ ਦਵਿਆਸ਼ ਨਾਲ ਰਹਿੰਦਾ ਸੀ, ਜੋ ਕਿ ਕੋਲਿਆਂ ਦੀ ਅੱਗ ਵਾਲੀ ਅੰਗੀਠੀ ਦੇ ਨਿੱਘ ਵਿੱਚ ਸੁੱਤਾ ਪਿਆ ਸੀ। ਜਦੋਂ ਸਵੇਰੇ 11 ਵਜੇ ਤੱਕ ਨੌਕਰ ਹੇਠਾਂ ਨਾ ਆਇਆ ਤਾਂ ਮਾਲਕ ਨੇ ਉਸ ਨੂੰ ਫੋਨ ਕੀਤਾ। ਪਰ ਅੱਗਿਉਂ ਕਿਸੇ ਨੇ ਫੋਨ ਨਹੀਂ ਸੁਣਿਆ। ਮਾਲਕ ਜਦੋ ਨੌਕਰ ਵਾਲੇ ਕਮਰੇ ਵਿੱਚ ਗਿਆ ਤਾਂ ਦਰਵਾਜ਼ਾ ਖੜਕਾਉਣ ਮਗਰੋਂ ਵੀ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।
ਮਾਲਕ ਨੇ ਇਸ ਸਬੰਧੀ ਪੁਲੀਸ ਨੂੰ ਫੋਨ ਕੀਤਾ। ਪੁਲੀਸ ਨੇ ਜਦ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਗਿਆ ਤਾਂ ਮਾਂ ਅਤੇ ਬੱਚਾ ਦੋਵੇਂ ਜਣੇ ਮਰੇ ਪਏ ਸਨ ਅਤੇ ਦੀਪਕ ਦਾ ਸਾਹ ਚੱਲ ਰਿਹਾ ਸੀ। ਪੁਲੀਸ ਨੇ ਉਸ ਨੂੰ ਚੰਡੀਗੜ੍ਹ ਸੈਕਟਰ 16 ਹਸਪਤਾਲ ਵਿੱਚ ਦਾਖਲ ਕਰਵਾਇਆ। ਮੁੱਲਾਂਪੁਰ ਗਰੀਬਦਾਸ ਦੇ ਪੁਲੀਸ ਅਫਸਰ ਏਐਸ ਆਈ ਦਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਅਨੁਸਾਰ ਮਾਂ-ਪੁੱਤ ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਖਰੜ ਵਿਖੇ ਸਰਕਾਰੀ ਹਸਪਤਾਲ ਦੀ ਮੌਰਚਰੀ ਰੂਮ ਵਿੱਚ ਰਖਵਾਈਆਂ ਗਈਾਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਜਾਰੀ ਹੈ।

