Breaking
www.sursaanjh.com > ਸਾਹਿਤ > “ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

“ਗੀਤ” ਸੈਸ਼ਨ ਵਿਚ ਉੱਘੇ ਸ਼ਾਇਰ ਧਰਮ ਕੰਮੇਆਣਾ ਹੋਏ ਸਰੋਤਿਆਂ ਦੇ ਰੂਬਰੂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 29 ਦਸੰਬਰ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ, ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਚੌਥੇ ਦਿਨ “ਗੀਤ” ‘ਤੇ ਕੇਂਦਰਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸਮਾਗਮ ਦੇ ਪ੍ਰਮੁੱਖ ਵਕਤਾ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਸਨ। ਉਹਨਾਂ ਆਪਣੇ ਭਾਸ਼ਣ ਵਿਚ ਇਕ ਨੁਕਤੇ ਬਾਰੇ ਬੋਲਦਿਆਂ ਕਿਹਾ ਕਿ ਜਦ ਗੀਤ ਉਤਰਦਾ ਹੈ ਤਾਂ ਉਸ ਦੀ ਫੌਰਮ ਹੋਰ ਹੁੰਦੀ ਹੈ ਤੇ ਉਸਨੂਂ ਆਪਣੀ ਸਮਰੱਥਾ, ਸ਼ਿਲਪ ਨਾਲ ਸੁਧਾਰਿਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਗੀਤ ਇਕ ਹੀ ਭਾਵ ਲੈ ਕੇ ਆਉਂਦਾ ਹੈ; ਭਾਵਾਂ ਦੀ ਤੀਬਰਤਾ ਹੀ ਗੀਤ ਬਣਾਉਂਦੀ ਹੈ।
ਇਸ ਉਪਰੰਤ ਖੋਜਾਰਥੀ ਅਮਨ ਪੰਜਾਬੀ ਨੇ ਗੀਤ ਦੇ ਤਕਨੀਕੀ ਪੱਖ ਸਥਾਈ, ਅੰਤਰੇ ਤੋਂ ਉਰਾ ਰਹਿ ਜਾਣ ਵਾਲ਼ੇ ਨੂੰ ਗੀਤ ਕਹੇ ਜਾਣ ਬਾਰੇ ਸੁਆਲ ਉਠਾਏ, ਜਿਸ ਦਾ ਪ੍ਰਮੁੱਖ ਵਕਤਾ ਨੇ ਢੁਕਵਾਂ ਜੁਆਬ ਦਿੱਤਾ। ਖੋਜਾਰਥੀ ਜਸਪਾਲ ਫਿਰਦੌਸੀ ਨੇ ਪੁਰਾਣੇ ਤੇ ਸਮਕਾਲ ਦੇ ਗੀਤਾਂ ਬਾਰੇ ਗੱਲ ਕੀਤੀ। ਸਰੋਤਿਆਂ ਵਿੱਚੋਂ ਉੱਘੇ ਲੇਖਕ, ਪੱਤਰਕਾਰ ਪ੍ਰੀਤਮ ਰੁਪਾਲ ਹੋਰਾਂ ਨੇ ਕਿਹਾ ਕਿ ਬਹੁਤ ਗੀਤ ਗਾਏ ਜ਼ਰੂਰ ਜਾਂਦੇ ਹਨ ਪਰ ਕਿਸੇ ਲਿਖਤ ਵਿਚ ਸੰਭਾਲੇ ਨਹੀਂ ਜਾਂਦੇ। ਉਹਨਾਂ ਅੱਗੇ ਜੋੜਿਆ ਕਿ ਗੀਤ ‘ਤੇ ਸੰਗੀਤ ਭਾਰੂ ਹੈ। ਪ੍ਰੋ.ਦਿਲਬਾਗ ਨੇ ਭਾਸ਼ਾ ਵਿਚ ਆ ਰਹੇ ਵਿਗਾੜ ਬਾਰੇ ਗੱਲ ਕੀਤੀ। ਸ਼ਾਇਰ ਹਰਵਿੰਦਰ ਨੇ ਗੀਤ ਦੇ ਪਿੱਛੇ ਰਹਿ ਜਾਣ ਬਾਰੇ ਆਪਣਾ ਤੌਖਲਾ ਜ਼ਾਹਿਰ ਕੀਤਾ।
ਸਮਾਗਮ ਦੇ ਅਗਲੇ ਦੌਰ ਵਿਚ ਗਾਇਕਾਂ ਵੱਲੋਂ ਗੀਤ ਗਾਏ ਗਏ। ਸਭ ਤੋਂ ਪਹਿਲਾਂ ਉੱਘੇ ਗੀਤਕਾਰ, ਗਾਇਕ ਦਰਸ਼ਨ ਤਿਉਣਾ ਨੇ ਆਪਣਾ ਗੀਤ “ਆਸਾਂ ਤੇ ਉਮੀਦਾਂ ਦਾ ਕੋਈ ਦੀਵਾ ਹੀ ਜਗਾ ਦਿਓ”  ਗਾ ਕੇ ਚੰਗਾ ਰੰਗ ਬੰਨ੍ਹਿਆਂ। ਇਸ ਉਪਰੰਤ ਲਾਭ ਸਿੰਘ ਲਹਿਲੀ ਨੇ “ਸਰਹੰਦ ਦੀ ਦੀਵਾਰ” ਗਾ ਕੇ ਸਰੋਤਿਆਂ ਨੂੰ ਹਲੂਣਿਆ। ਇਸ ਤੋਂ ਬਾਅਦ ਗੁਰਜੋਧ ਕੌਰ ਨੇ ਆਪਣਾ ਗੀਤ “ਉਮਰਾਂ ਦਾ ਲੰਮਾ ਪੈਂਡਾ” ਗਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਸੁਧਾ ਮਹਿਤਾ ਨੇ “ਅੰਮੜੀਏ” ਗੀਤ ਗਾ ਕੇ ਭਾਵੁਕਤਾ ਦਾ ਸਿਖ਼ਰ ਛੋਹਿਆ। ਧਿਆਨ ਸਿੰਘ ਕਾਹਲੋਂ ਨੇ “ਜੱਗ ‘ਤੇ ਨਾ ਕੋਈ ਤੇਰਾ ਸਾਨੀ” ਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ। ਦਵਿੰਦਰ ਕੌਰ ਢਿੱਲੋਂ ਆਵਾਜ਼ ਤੇ ਲਿਖਤ ਦੇ ਸੁਮੇਲ ਨਾਲ ਪ੍ਰਭਾਵਿਤ ਕੀਤਾ। ਸ਼ਾਇਰ ਸੁਰਜੀਤ ਸੁਮਨ ਨੇ “ਮੈਨੂੰ ਰੰਗਾਂ ਦੀ ਸਮਝ ਨਹੀਂ, ਲੋਕੀ ਪਲ ਵਿਚ ਰੰਗੇ ਵਟਾ ਲੈਂਦੇ” ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਉੱਘੇ ਸ਼ਾਇਰ ਡਾ. ਸੁਰਿੰਦਰ ਗਿੱਲ ਨੇ ਆਪਣਾ ਮਸ਼ਹੂਰ ਗੀਤ ਵਧੀਆ ਤਰੁਨਮ ਵਿਚ ਪੇਸ਼ ਕੀਤਾ। ਪਵਨਦੀਪ ਚੌਹਾਨ ਨੇ ਸੁਰਜੀਤ ਪਾਤਰ ਹੋਰਾਂ ਦਾ ਗੀਤ ਗਾ ਉਹਨਾਂ ਨੂੰ ਸ਼ਰਧਾਂਜ਼ਲੀ ਦਿੱਤੀ। ਸਿਮਰਨਜੀਤ ਗਰੇਵਾਲ ਨੇ ਚੰਗੇ ਸੁਰ ਲਾਏ।
ਇਸ ਦੌਰ ਦੇ ਆਖ਼ਰ ਸਨਾਵਰ ਕੰਮੇਆਣਾ ਨੇ ਆਪਣੀ ਵਿਲੱਖਣ ਗਾਈਕੀ ਦਾ ਮੁਜ਼ਾਹਰਾ ਕੀਤਾ। ਅੱਜ ਦੇ ਵਿਸ਼ੇਸ਼ ਸ਼ਾਇਰ ਧਰਮ ਕੰਮੇਆਣਾ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸ਼ਾਇਰ ਨੂੰ ਲਿਖਦੇ ਹੋਏ ਸਮੇਂ, ਸਥਾਨ ਤੇ ਕਾਰਜ ਨੂੰ ਧਿਆਨ ਵਿਚ ਰੱਖਣਾ ਚਾਹੀਦਾ। ਉਹਨਾਂ ਗੀਤ ਦੀ ਬਣਤਰ ਤੇ ਬੁਣਤਰ ਬਾਰੇ ਵੀ ਗੱਲਾਂ ਕੀਤੀਆਂ। ਉਹਨਾਂ ਨੇ ਆਪਣੀਆਂ ਪੁਰਾਣੀਆਂ, ਨਵੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ; ਸਰੋਤਿਆਂ ਨੇ ਉਹਨਾਂ ਨੂੰ ਖੂਬ ਮਾਣਿਆ। ਇਸ ਸੈਸ਼ਨ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਤੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਕੀਤੀ। ਉਹਨਾਂ ਸੈਸ਼ਨ ਨੂੰ ਅਰਥ ਭਰਪੂਰ ਦੱਸਿਆ। ਉਹਨਾਂ ਜੋੜਿਆ ਕਿ ਗੀਤ ਕਦੇ ਖ਼ਤਮ ਨਹੀਂ ਹੋਵੇਗਾ, ਸਾਨੂੰ ਸਮੇਂ ਅਨੁਸਾਰ ਉਸ ਦੀ ਸ਼ਬਦਾਵਲੀ ਬਦਲਣੀ ਚਾਹੀਦੀ ਹੈ। ਇਸ ਸਮਾਗਮ ਵਿਚ ਪਾਲ ਅਜਨਬੀ, ਜਸਪਾਲ ਦੇਸੂਵੀ, ਮਿਕੀ ਪਾਸਾ, ਸੁਰਿੰਦਰ ਕੁਮਾਰ, ਭੁਪਿੰਦਰ ਮਲਿਕ, ਧਰਮਿੰਦਰ ਸੇਖੋਂ, ਪਿਆਰਾ ਸਿੰਘ ਰਾਹੀ, ਸ਼ਾਇਰ ਭੱਟੀ, ਗੁਰਦੀਪ ਸਿੰਘ, ਹਰਵਿੰਦਰ ਸਿੰਘ, ਕਹਾਣੀਕਾਰ ਪਰਮਜੀਤ ਮਾਨ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *