ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਚੰਡੀਗੜ੍ਹ, ਸਾਹਿਤ ਵਿਗਿਆਨ ਕੇਂਦਰ, ਚੰੰਡੀਗੜ੍ਹ, ਬੇਗਮ ਇਕਬਾਲ ਬਾਨੋ, ਫਾਊਂਂਡੇਸ਼ਨ, ਚੰੰਡੀਗੜ੍ਹ ਦੇ ਸਹਿਯੋਗ ਨਾਲ ਅੱਜ ਪੰਜ਼ ਰੋਜ਼ਾ “ਕਵਿਤਾ ਵਰਕਸ਼ਾਪ” ਦੇ ਵਿਦਾਇਗੀ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵੱਲੋਂ ਕੀਤੀ ਗਈ। ਸਭ ਤੋਂ ਪਹਿਲਾਂ ਵਰਕਸ਼ਾਪ ਦੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਾਰੀ ਵਰਕਸ਼ਾਪ ਸ਼ਬਦ ਚੇਤਨਾ ‘ਤੇ ਕੇਂਦਰਤ ਰਹੀ। ਉਹਨਾਂ ਅੱਗੇ ਜੋੜਿਆ ਕਿ ਕਵੀ ਨੂੰ ਚਿਂੰਤਕ ਦੀ ਲੋੜ ਹੈ, ਚਿੰਤਕ ਹੀ ਕਵੀ ਦੀ ਰਹਿਨੁਮਾਈ ਕਰ ਸਕਦਾ ਹੈ ਤੇ ਸਾਨੂੰ ਆਪਣੀ ਪੋਇਟਕਸ ਬਣਾਉਣੀ ਪਵੇਗੀ।


ਇਸ ਤੋਂ ਬਾਅਦ ਉੱਘੇ ਆਲੋਚਕ ਡਾ. ਯੋਗਰਾਜ ਨੇ ਕਵਿਤਾ ਦੇ ਵੱਖ ਵੱਖ ਰੁਝਾਨਾਂ ਦੀ ਗੱਲ ਕਰਦੇ ਹੋਏ ਆਧੁਨਿਕ ਕਵਿਤਾ ਦੇ ਕਈ ਨੁਕਤੇ ਸਾਂਝੇ ਕੀਤੇ। ਇਸ ਤੋਂ ਉਪਰੰਤ ਪੰਜਾਬ ਯੂਨੀਵਰਸਿਟੀ ਤੋਂ ਉੱਘੇ ਆਲੋਚਕ ਡਾ. ਪ੍ਰਵੀਨ ਨੇ ਕਿਹਾ ਕਿ ਕਈ “ਕਾਵਿ ਰੁਝਾਨਾਂ” ਕਾਰਨ ਕਵੀਆਂ ਨੂੰ ਸੀਮਤ ਦਾਇਰਿਆਂ ਵਿਚ ਲਿਖਣਾ ਸ਼ੁਰੂ ਕਰਨਾ ਪਿਆ ਸੀ। ਇਸ ਉਪਰੰਤ ਖੋਜਾਰਥੀ ਗੁਰਜੰਟ ਰਾਜੇਆਣਾ, ਜਸਪਾਲ ਫਿਰਦੌਸੀ ਤੇ ਮਹਿਤਾਬ ਸਿੰਘ ਨੇ ਸੁਆਲ ਕੀਤੇ ਤੇ ਡਾ. ਯੋਗਰਾਜ ਨੇ ਉਹਨਾਂ ਦੇ ਜੁਆਬ ਦਿੱਤੇ।
ਸੈਸ਼ਨ ਦੇ ਅਗਲੇ ਦੌਰ ਵਿਚ ਕਵਿਤਾ ਪਾਠ ਹੋਇਆ; ਸਭ ਤੋਂ ਪਹਿਲਾਂ ਗੁਰਜੰਟ ਰਾਜੇਆਣਾ ਨੇ ਆਪਣੀ ਇਕ ਗ਼ਜ਼ਲ ਤੇ ਇਕ ਨਜ਼ਮ ‘ਸੁੱਚਮ’ ਸੁਣਾਈ। ਇਸ ਤੋਂ ਬਾਅਦ ਚੇਤਨਾ ਗਿੱਲ ਹੋਰਾਂ ਨੇ ਹਨੇਰੇ ਸਮਿਆਂ ਬਾਰੇ ਆਪਣੀ ਇਕ ਖੂਬਸੂਰਤ ਨਜ਼ਮ ਨਾਲ ਸਰੋਤਿਆਂ ਨੂੰ ਹਲੂਣਿਆ। ਕਨੇਡਾ ਵਸਦੇ ਉੱਘੇ ਕਵੀ ਜਸਪਾਲ ਦੇਸੂਵੀ ਨੇ ਸੋਹਣੇ ਰਦੀਫ ਵਾਲੀ ਵਧੀਆ ਗ਼ਜ਼ਲ ਪੜ੍ਹੀ। ਇਸ ਤੋਂ ਬਾਅਦ ਪਰਮਜੀਤ ਸੋਹਲ ਹੋਰਾਂ ਨੇ ਖੂਬਸੂਰਤ ਕਵਿਤਾ ‘ਕਾਗਜ਼’ ਦਾ ਪਾਠ ਕੀਤਾ। ਅਮਰਜੀਤ ਕਸਕ ਹੋਰਾਂ ਨੇ ‘ਕੋਈ ਡਾਇਲ ਤਾਂ ਕਰੇ’ ਤੇ ‘ਕੋਈ ਤੱਤ ਹੋਣਾ’ ਕਵਿਤਾ ਪੜ੍ਹ ਕੇ ਸਰੋਤਿਆਂ ਵੱਲੋਂ ਦਾਦ ਬਟੋਰੀ। ਆਖ਼ਰ ਵਿਚ ਮੰਚ ਸੰਚਾਲਨ ਕਰ ਰਹੇ ਵਰਕਸ਼ਾਪ ਦੇ ਕੌਆਰਡੀਨੇਟਰ ਜਗਦੀਪ ਸਿੱਧੂ ਨੇ ਆਪਣੀਆਂ ਕਵਿਤਾਵਾਂ ‘ਮਾਸੂਮ’ ਤੇ ‘ਇਹ ਕਿਵੇਂ ਵੀ ਚੰਗਾ ਨਹੀਂ’ ਪੜ੍ਹੀਆਂ।
ਸਮਾਗਮ ਦੇ ਅਗਲੇ ਦੌਰ ਵਿਚ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਵੀਆਂ ‘ਤੇ ਵੱਡੀ ਜ਼ਿੰਮਵਾਰੀ ਆ ਪਈ ਹੈ; ਮਨੁੱਖ ਨੂੰ ਮਸ਼ੀਨ ਦਾ ਸਹਿਯੋਗ ਲੈ ਕੇ ਇਕ ਵਧੀਆ ਸੰਸਾਰ ਸਿਰਜਣਾ ਪਵੇਗਾ। ਆਖ਼ਰ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਹੋਰਾਂ ਨੇ “ਕਵਿਤਾ ਵਰਕਸ਼ਾਪ” ਨੂੰ ਸਫ਼ਲ ਦੱਸਿਆ। ਉਹਨਾਂ ਨੇ ਕਵਿਤਾ ਦੀਆਂ ਧਾਰਾਵਾਂ ਦੀ ਗੱਲ ਵੀ ਕੀਤੀ। ਉਹਨਾਂ ਨੇ ਆਪਣੀ ਖੂਬਸੂਰਤ ਕਵਿਤਾ ‘ਨਾਚੀ ਤੇ ਨਾਚ’ ਸੁਣਾ ਕੇ ਆਪਣਾ ਵਰਕਸ਼ਾਪ ਦਾ ਵਿਦਾਇਗੀ ਭਾਸ਼ਨ ਖ਼ਤਮ ਕੀਤਾ। ਇਸ ਸੈਸ਼ਨ ਵਿਚ ਉੱਘੇ ਲੇਖਕ ਪ੍ਰੀਤਮ ਰੁਪਾਲ, ਸ਼ਾਇਰ ਸੁਰਜੀਤ ਸੁਮਨ, ਗੁਰਦੀਪ ਸਿੰਘ, ਗਾਇਕਾ ਤੇ ਗੀਤਕਾਰ ਗੁਰਜੋਧ ਕੌਰ, ਪਿਆਰਾ ਸਿੰਘ ਰਾਹੀ, ਰੇਖਾ ਮਿੱਤਲ, ਨਜ਼ਮਪ੍ਰੀਤ ਕੌਰ, ਧਿਆਨ ਸਿੰਘ ਕਾਹਲੋਂ, ਡਾ. ਸੁਰਿੰਦਰ ਗਿੱਲ, ਪਾਲ ਅਜਨਬੀ, ਬਲਜੀਤ, ਚਰਨਜੀਤ ਬਾਠ, ਕਹਾਣੀਕਾਰ ਪਰਮਜੀਤ ਮਾਨ, ਦਰਸ਼ਨ ਸਿੱਧੂ, ਨਾਟਕਕਾਰ ਰਾਜਵਿੰਦਰ ਸਮਰਾਲਾ ਆਦਿ ਸ਼ਾਮਿਲ ਹੋਏ।

