ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜਨਵਰੀ:


ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਮੋਹਾਲੀ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਣ ਅਤੇ ਸਾਹਿਤਿਕ ਰਚਨਾਵਾਂ ਲਿਖਣ ਦੀ ਸਿਖ਼ਲਾਈ ਦੇਣ ਲਈ ਅੱਜ ਇੱਕ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਸੰਚਾਲਨ ਪੰਜਾਬੀ ਅਧਿਆਪਕਾ ਗੁਤਿੰਦਰ ਕੌਰ ਨੇ ਕੀਤਾ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਜਿੰਦਲ, ਮੈਡਮ ਰਾਜਿੰਦਰ ਕੌਰ, ਮੈਡਮ ਲਖਵੀਰ ਕੌਰ ਤੇ ਮੈਡਮ ਮਨੀਸ਼ ਕੁਮਾਰੀ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ।
ਸਭ ਨੇ ਆਪਣੇ-ਆਪਣੇ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਨੂੰ ਸਭ ਨਾਲ ਸਾਂਝਾ ਕੀਤਾ। ਇਸ ਮੀਟਿੰਗ ਵਿੱਚ ਡੇਰਾਬੱਸੀ, ਬਨੂੜ, ਮੁੰਡੀ ਖਰੜ ਅਤੇ ਕੁਰਾਲੀ ਦੇ ਬਾਲ ਲੇਖਕਾਂ ਸ੍ਰਿਸ਼ਟੀ, ਸਵੈਨ ਸਹੋਤਾ, ਨੇਹਾ, ਖੁਸ਼ਮੀਤ ਅਤੇ ਪਰਿਨਾਜ ਵੱਲੋਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ ,ਜਿਨ੍ਹਾਂ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ। ਸੁਰ ਸਾਂਝ ਡਾਟ ਕਾਮ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਾਲ ਲੇਖਕਾਂ ਅੰਦਰ ਮੌਜੂਦ ਲੇਖਣ ਕਲਾ ਨੂੰ ਉਭਾਰਨ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ।

