www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਵਿੱਤਰੀ ਬਾਈ ਫੁਲੇ ਜੀ ਦਾ ਜਨਮ ਦਿਨ ਮਨਾਇਆ ਗਿਆ – ਪ੍ਰਿੰ. ਬਹਾਦਰ ਸਿੰਘ ਗੋਸਲ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਵਿੱਤਰੀ ਬਾਈ ਫੁਲੇ ਜੀ ਦਾ ਜਨਮ ਦਿਨ ਮਨਾਇਆ ਗਿਆ – ਪ੍ਰਿੰ. ਬਹਾਦਰ ਸਿੰਘ ਗੋਸਲ

‘‘ ਔਰਤੋ ਆਉ, ਮੇਰੇ ਤੋਂ ਪੜ੍ਹਨਾ ਲਿਖਣਾ ਸਿੱਖੋ, ਵਿੱਦਿਆ ਤੁਹਾਡੀਆਂ ਜੰਜੀਰਾਂ ਕੱਟੇਗੀ’’ – ਸਵਿੱਤਰੀ ਬਾਈ ਫੂਲੇ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜਨਵਰੀ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ- 41 ਸਥਿਤ ਦਫਤਰ ਵਿਖੇ ਭਾਰਤ ਦੀ ਪਹਿਲੀ ਔਰਤ ਅਧਿਆਪਕ ਸਵਿੱਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਅਤੇ ਸਨਮਾਨ ਸਹਿਤ ਮਨਾਇਆ ਗਿਆ। ਸੰਸਥਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਸਵਿੱਤਰੀ ਬਾਈ ਫੂਲੇ ਜੀ ਦੀ ਤਸਵੀਰ ਨੂੰ ਪੁਸ਼ਪ ਮਾਲਾ ਭੇਟ ਕੀਤੀਆਂ ਗਈਆਂ ਅਤੇ ਉਹਨਾਂ ਦੀਆਂ ਸਮਾਜ ਨੂੰ ਦਿੱਤੀਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ|

ਸਵਿੱਤਰੀ ਬਾਈ ਫੂਲੇ ਜੀ ਨੂੰ ਸ਼ਰਧਾ ਸੁਮਨ ਭੇਟ ਕਰਨ ਵਾਲਿਆਂ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ, ਵਿਜੈ ਸਿੰਘ, ਰਣਜੀਤ ਸਿੰਘ ਅਤੇ ਲਵ ਕੁਮਾਰ ਵੀ ਹਾਜ਼ਰ ਸਨ।

ਇਸ ਮੌਕੇ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਬੋਲਦਿਆਂ ਦੱਸਿਆ ਕਿ ਪ੍ਰਸਿੱਧ ਸਮਾਜ ਸੇਵੀ ਅਤੇ ਸਿੱਖਿਆ ਕ੍ਰਾਂਤੀ ਦੀ ਨਿਰਮਾਤਾ ਸਵਿਤਰੀ ਬਾਈ ਫੂਲੇ ਦਾ ਜਨਮ  3.1.1831 ਨੂੰ ਪਿੰਡ ਨਈਗਾਉਂ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਵਿੱਚ ਹੋਇਆ। ਭਾਵੇਂ ਉਸ ਦਾ ਵਿਆਹ 9 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਪਰ ਉਸ ਸਮੇਂ ਸਮਾਜ ਵਿੱਚ ਛੂਆ ਛਾਤ, ਇਸਤਰੀਆਂ ਅਤੇ ਸੂਦਰ ਭਾਈਚਾਰੇ ਉੱਤੇ ਜ਼ੁਲਮ ਅਤੇ ਅਨਪੜ੍ਹਤਾ ਅੰਤਾਂ ਦੇ ਸਿਖਰ ਪਰ ਸੀ। ਪਰ ਸਵਿੱਤਰੀ ਬਾਈ ਨੇ ਸਮਾਜਿਕ ਵਿਵਸਥਾ ਨੂੰ ਵੰਗਾਰਦਿਆਂ ਐਲਾਨ ਕੀਤਾ ਕਿ ‘‘ਐ ਔਰਤੋ ਆਉ, ਮੇਰੇ ਤੋਂ ਪੜ੍ਹਨਾ ਲਿਖਣਾ ਸਿੱਖੋ, ਵਿੱਦਿਆ ਤੁਹਾਡੀਆਂ ਜੰਜੀਰਾਂ ਕੱਟੇਗੀ’’। ਉਸ ਨੇ 1848 ਵਿੱਚ ਲੜਕੀਆਂ ਲਈ ਭਾਰਤ ਦੀ ਪਹਿਲੀ ਪਾਠਸ਼ਾਲਾ ਭੀਡੇ ਵਾੜਾ ਮਹਾਰਾਸ਼ਟਰ ਵਿੱਚ ਸ਼ੁਰੂ ਕੀਤੀ। ਉਹ ਪਹਿਲੀ ਔਰਤ ਅਧਿਆਪਕਾ ਬਣੀ ਅਤੇ ਫਿਰ ਮੁੱਖ ਅਧਿਆਪਕਾ ਬਣੀ। ਉਸ ਨੇ ਆਪਣੀਆਂ ਸਹੇਲੀਆਂ ਦੀਆਂ 6 ਲੜਕੀਆਂ ਨੂੰ ਸਕੂਲ ਵਿੱਚ ਦਾਖਲ ਕੀਤਾ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਡਟ ਕੇ ਮੁਕਾਬਲਾ ਕੀਤਾ। ਪਰਿਵਾਰ ਵਲੋਂ ਵੀ ਸਾਥ ਨਾ ਮਿਲਣ ਤੇ ਉਸਨੇ ਆਪਣੇ ਘਰਵਾਲੇ ਨਾਲ ਮਿਲਕੇ ਸਮਾਜ ਸੁਧਾਰ ਲਈ ਕੰਮ ਕਰਨਾ ਸ਼ੁਰੂ ਕੀਤਾ। ਪੂਨੇ ਅਤੇ ਆਸ ਪਾਸ ਦੇ ਪਿੰਡਾਂ ਵਿੱਚ 18 ਸਕੂਲ ਖੋਲ੍ਹੇ। ਉਹ ਬੜੀ ਦਲੇਰ ਅਤੇ ਵਿਗਿਆਨਕ ਸੋਚ ਦੀ ਧਾਰਨੀ ਸੀ, ਜਿਸਨੇ ਵਿਗਿਆਨ ਵਿਸ਼ੇ ਨੂੰ ਵੀ ਸਿੱਖਿਆ ਵਿੱਚ ਸ਼ਾਮਲ ਕੀਤਾ।

ਪਰ ਅਚਾਨਕ 1890 ਵਿੱਚ ਉਸਦੇ ਪਤੀ ਦੀ ਮੌਤ ਤੋਂ ਬਾਅਦ ਵੀ ਉਸਨੇ ਆਪਣਾ ਸੰਘਰਸ਼ ਜਾਰੀ ਰੱਖਿਆ। ਅੰਧ ਵਿਸ਼ਵਾਸ, ਅਨਪੜ੍ਹਤਾ ਅਤੇ ਛੂਆ ਛਾਤ ਵਿਰੁੱਧ ਲੜਨਾ ਉਸਦੇ ਮੁੱਖ ਵਿਚਾਰਾਂ ਵਿੱਚ ਸਨ। ਲੋੜਵੰਦ ਗਰੀਬ ਬੱਚਿਆਂ ਦੀ ਮਦਦ ਕਰਦੀ ਹੋਈ ਪਲੇਗ ਦੀ ਬੀਮਾਰੀ ਕਾਰਨ ਦੇਸ਼ ਦੀ ਇਹ ਪਹਿਲੀ ਔਰਤ ਅਧਿਆਪਕ ਮਹਾਨ ਸਮਾਜ ਸੇਵੀ, ਸਿੱਖਿਆ ਸਾਸ਼ਤਰੀ, ਸਵਿੱਤਰੀ ਬਾਈ ਫੂਲੇ 10. 03.1897 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ।

ਫੋਟੋ ਕੈਪਸ਼ਨ –  ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਦਫਤਰ ਵਿਖੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਦੂਜੇ ਅਹੁਦੇਦਾਰ ਸਵਿੱਤਰੀ ਬਾਈ ਫੂਲੇ ਦੀ ਤਸਵੀਰ ਨੂੰ ਪੁਸ਼ਪ ਸੁਮਨ ਅਰਪਿਤ ਕਰਦੇ ਹੋਏ।

Leave a Reply

Your email address will not be published. Required fields are marked *