www.sursaanjh.com > ਅੰਤਰਰਾਸ਼ਟਰੀ > ਪ੍ਰਤਿਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ  ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਪ੍ਰਤਿਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋਂ  ਨੌਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਦੋਰਾਹਾ ਮੰਡੀ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ:
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਪੰਜਾਬੀ ਦੇ ਪ੍ਰਤੀਬੱਧ ਲੇਖਕ ਤੇ ਪੱਤਰਕਾਰ ਬੁੱਧ ਸਿੰਘ ਨੀਲੋ ਨੂੰ ਨਰੰਗ ਸਿੰਘ ਝੱਜ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਮਿੱਤਰ ਸੈਨ ਮੀਤ ਨੇ ਕੀਤੀ। ਬੁੱਧ ਸਿੰਘ ਨੀਲੋਂ ਦੀਆਂ ਲਿਖਤਾਂ ਅਤੇ ਜੀਵਨ ਬਾਰੇ  ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਸਵਰਨ ਸਿੰਘ ਭੰਗੂ, ਕਮਲਜੀਤ ਸਿੰਘ ਨੀਲੋਂ, ਗੁਰਸੇਵਕ ਸਿੰਘ ਢਿੱਲੋ, ਬਲਵੀਰ ਸਿੰਘ ਬੱਬੀ, ਸਰਪੰਚ ਬਲਦੇਵ ਸਿੰਘ ਝੱਜ ਆਦਿ ਨੇ ਗੱਲਬਾਤ ਕੀਤੀ।
ਇਸ ਮੌਕੇ ਬਲਦੇਵ ਸਿੰਘ ਝੱਜ ਦੇ ਪਰਿਵਾਰ ਵੱਲੋਂ ਬੁੱਧ ਸਿੰਘ ਨੂੰ ਨਕਦ ਰਾਸ਼ੀ, ਸਨਮਾਨ ਪੱਤਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ। ਡਾਕਟਰ ਪਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਬੁੱਧ ਸਿੰਘ ਨੀਲੋਂ ਲੋਕ ਧਾਰਾ ਦੇ ਨਾਲ ਜੁੜਿਆ ਹੋਇਆ ਹੈ। ਉਸ ਦੀਆਂ ਲਿਖਤਾਂ ਕਿਸੇ ਇੱਕ ਵਿਚਾਰਧਾਰਾ ਜਾਂ ਵਿਸ਼ੇ ਦੇ ਨਾਲ ਸੰਬੰਧਿਤ ਨਹੀਂ ਬਲਕਿ ਉਸ ਨੇ ਹਰ ਸਮਾਜਿਕ ਮਸਲੇ ਨੂੰ ਆਪਣੀਆਂ ਲਿਖਤਾਂ ਦਾ ਹਿੱਸਾ ਬਣਾਇਆ। ਪੰਜਾਬੀ ਯੂਨੀਵਰਸਿਟੀ ਤੋਂ ਪੁੱਜੇ ਡਾਕਟਰ ਕੁਲਦੀਪ ਸਿੰਘ ਨੇ ਆਖਿਆ ਕਿ ਨੀਲੋ ਦੀਆਂ ਰਚਨਾਵਾਂ ਦੇ ਵਿੱਚ ਸਮਾਜ ਦੇ ਉਹਨਾਂ ਵਰਗਾਂ ਦੀ ਵਿਚਾਰਧਾਰਾ ਪੇਸ਼ ਹੁੰਦੀ ਹੈ, ਜਿਨ੍ਹਾਂ ਨੂੰ ਸਮਾਜ ਨੇ ਅਣਗੌਲਿਆ ਕੀਤਾ ਹੋਇਆ। ਉਹਨਾਂ ਕਿਹਾ ਕਿ ਜਿਹੜੇ ਸਮਿਆਂ ਵਿੱਚ ਅਸੀਂ ਲੰਘ ਰਹੇ ਹਾਂ, ਉਹ ਸਮੇਂ ਬੜੇ ਖਤਰਨਾਕ ਹਨ। ਇਹਨਾਂ ਸਮਿਆਂ ਬਾਰੇ ਬੁੱਧ ਸਿੰਘ ਨੀਲੋ ਸਾਨੂੰ ਸੁਚੇਤ ਹੀ ਨਹੀਂ ਕਰਦਾ ਬਲਕਿ ਲਿਖਣ ਤੇ ਬੋਲਣ ਦੀ ਪ੍ਰੇਰਨਾ ਵੀ ਦਿੰਦਾ ਹੈ।
ਸਵਰਨ ਸਿੰਘ ਭੰਗੂ ਨੇ ਬੋਲਦਿਆਂ ਕਿਹਾ ਕਿ ਨੀਲੋ ਦੀਆਂ ਲਿਖਤਾਂ ਨੂੰ ਪੜ੍ਹਨਾਂ ਇਹਨਾਂ ਸਮਿਆਂ ਵਿੱਚ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਹ ਸਾਡੇ ਸਮਿਆਂ ਦਾ ਉਹ ਲੇਖਕ ਹੈ, ਜਿਸ ਨੇ ਸਮਾਜ ਵਿੱਚ ਫੈਲੇ ਭਰਿਸ਼ਟਾਚਾਰ ਨੂੰ ਆਪਣੀਆਂ ਲਿਖਤਾਂ ਵਿੱਚ ਨੰਗਾ ਕੀਤਾ। ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਇਸ ਮੌਕੇ ਜਿੱਥੇ ਬੁੱਧ ਸਿੰਘ ਦੀਆਂ ਲਿਖਤਾਂ ਦੀ ਗੱਲ ਕੀਤੀ, ਉਥੇ ਉਹਨਾਂ ਆਪਣੇ ਪਿਤਾ ਸਰਦਾਰ ਕੇਸਰ ਸਿੰਘ ਗਰੇਵਾਲ ਦੀ ਯਾਦ ਵਿੱਚ ਬੁੱਧ ਸਿੰਘ ਨੂੰ ਪੁਰਸਕਾਰ ਵੀ ਦਿੱਤਾ। ਗੁਰਸੇਵਕ ਸਿੰਘ ਢਿੱਲੋਂ ਨੇ ਬੁੱਧ ਸਿੰਘ ਦੀਆਂ ਲਿਖਤਾਂ ਦੇ ਮੁੱਖੜਿਆਂ ਨੂੰ ਮੁੱਖ ਰੱਖ ਕੇ ਸਮਾਜ ਦੇ ਸਰੋਕਾਰਾਂ ਨਾਲ ਜੋੜਦਿਆਂ ਉਹਨਾਂ ਹਵਾਲੇ ਦੇ ਕੇ ਗੱਲ ਕੀਤੀ। ਇਸ ਮੌਕੇ ਪ੍ਰੀਤ ਸੰਦਲ, ਬਲਿਹਾਰ ਸਿੰਘ ਗੋਬਿੰਦਗੜ੍ਹੀਆ, ਰਣਜੀਤ ਸਿੰਘ ਭੁੱਟਾ, ਗੁਰਦਿਆਲ ਦਲਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਹ ਸਮਾਗਮ ਰੂਬਰੂ ਤੇ ਸਨਮਾਨ ਸਮਾਰੋਹ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਨੇ ਹਾਜ਼ਰ ਸਰੋਤਿਆਂ ਨੂੰ ਜੀ ਆਇਆ ਕਿਹਾ। ਮੰਚ ਦੀ ਸੰਚਾਲਨਾ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਕਮਲਜੀਤ ਨੀਲੋਂ, ਗੁਰਦਿਆਲ ਦਲਾਲ, ਨੇਤਰ ਸਿੰਘ ਮੁੱਤਿਓਂ, ਬਲਵੰਤ ਸਿੰਘ ਵਿਰਕ, ਤਰਨਜੀਤ ਕੌਰ ਗਰੇਵਾਲ, ਨੀਤੂ ਰਾਮਪੁਰੀ, ਗੌਰਵਦੀਪ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *