ਚੰਡੀਗੜ੍ਹ 6 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੁੱਲਾਂਪੁਰ ਗਰੀਬਦਾਸ ਕਬੱਡੀ ਕੱਪ ਦੇ ਦੂਜੇ ਦਿਨ ਦਿਲਚਸਪ ਮੁਕਾਬਲਿਆਂ ਵਿੱਚ ਵੱਖ ਵੱਖ ਸਟੇਟਾਂ ਅਤੇ ਪੰਜਾਬ ਦੀਆਂ ਨਾਮਵਰ ਕਬੱਡੀ ਅਕੈਡਮੀਆਂ ਦੇ ਖਿਡਾਰੀਆਂ ਨੇ ਆਪਣੇ ਜ਼ੌਹਰ ਵਿਖਾਏ। ਦਾਸ ਐਸੋਸੀਏਟ ਅਤੇ ਨਗਰ ਖੇੜਾ ਮੁੱਲਾਂਪੁਰ ਗਰੀਬਦਾਸ ਵੱਲੋਂ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੀ ਅਰੰਭਤਾ ਬੀਤੇ ਦਿਨੀਂ ਸ੍ਰੀ ਨਿਤਿਆਨੰਦ ਜੀ ਭੂਰੀ ਵਾਲਿਆਂ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ, ਗੁਰਦਾਸ ਰਾਮ, ਗੋਲੂ ਪਹਿਲਵਾਨ, ਗੌਰਵ ਸ਼ਰਮਾ ਪੰਚ, ਗੁਰਜੀਤ ਪੂਨੀਆ ਅਤੇ ਸਮੂਹ ਟੀਮ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਕੀਤੀ ਗਈ।


ਇਸ ਖੇਡ ਮੇਲੇ ਦੇ ਦੂਜੇ ਦਿਨ ਦੇ ਹੋਏ ਵੱਖ ਵੱਖ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਰਵੀ ਸ਼ਰਮਾ ਨੇ ਦੱਸਿਆ ਕਿ ਅੱਜ ਇਸ ਖੇਡ ਮੇਲੇ ਦੇ ਦੂਜੇ ਦਿਨ 55 ਅਤੇ 75 ਕਿਲੋ ਗ੍ਰਾਮ ਵਜ਼ਨ ਦੀਆਂ ਸੱਦੇ ਪੱਤਰ ਵਾਲੀਆਂ ਟੀਮਾਂ ਦਰਮਿਆਨ ਦਿਲਚਸਪ ਮੁਕਾਬਲੇ ਹੋਏ। 55 ਕਿਲੋਗ੍ਰਾਮ ਵਰਗ ਦੇ ਮੁਕਾਬਲੇ ਬੁਰਜ਼ ਹਰੀ ਅਤੇ ਤਨਵੀਰ ਬੁਰਜ਼ ਹਰੀ ਦੀਆਂ ਟੀਮਾਂ ਦਰਮਿਆਨ ਹੋਇਆ, ਜਿਸ ਵਿੱਚ ਬੁਰਜ਼ ਹਰੀ ਦੀ ਟੀਮ ਵੱਲੋਂ ਵਧੀਆ ਪ੍ਰਦਰਸ਼ਨ ਕਰਦਿਆਂ 6 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਤਨਵੀਰ ਹਰੀ ਦੀ ਟੀਮ 4 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਹੀ। ਬੈਸਟ ਰੇਡਰ ਹਰੀ ਬੁਰਜ਼ ਦੀ ਟੀਮ ਤੋਂ ਸਨੀ ਅਤੇ ਬੈਸਟ ਜਾਫੀ ਤਨਵੀਰ ਨੂੰ ਐਲਾਨਿਆ ਗਿਆ। ਜੇਤੂ ਟੀਮ ਨੂੰ ਕੱਪ ਤੇ 8100 ਅਤੇ ਦੂਜੇ ਨੰਬਰ ਤੇ ਰਹੀ ਟੀਮ ਨੂੰ ਕੱਪ ਤੇ 7100 ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਜਾਫੀ ਅਤੇ ਰੇਡਰ ਨੂੰ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 75 ਕਿਲੋ ਗ੍ਰਾਮ ਦਾ ਫਾਈਨਲ ਮੁਕਾਬਲਾ ਥਰਾਜ ਅਤੇ ਖੋਖਰ ਦੀ ਟੀਮ ਦਰਮਿਆਨ ਹੋਇਆ। ਜਿਸ ਵਿੱਚ ਥਰਾਜ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕਰਦਿਆਂ 7 .5 ਅੰਕ ਪ੍ਰਾਪਤ ਕਰਕੇ ਕਬੱਡੀ ਕੱਪ ਤੇ ਕਬਜ਼ਾ ਕੀਤਾ। ਖੋਖਰ ਦੀ ਟੀਮ 5 ਅੰਕ ਪ੍ਰਾਪਤ ਕਰਕੇ ਦੂਜੇ ਨੰ ਤੇ ਰਹੀ। ਜੇਤੂ ਟੀਮ ਨੂੰ ਕੱਪ ਤੇ 31000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਦੂਜੇ ਨੰਬਰ ਦੀ ਟੀਮ ਨੂੰ 21000 ਰੁ ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ।
ਕਬੱਡੀ ਖਿਡਾਰੀ ਸੇਵਕ ਨੇ ਥਰਾਜ ਦੀ ਟੀਮ ਵੱਲੋਂ ਖੇਡਦਿਆਂ ਸੱਤ ਰੇਡਾਂ ਪਾ ਕੇ ਸੱਤ ਹੀ ਪੁਆਇੰਟ ਲਏ ਗਏ, ਉਸ ਨੂੰ ਬੈਸਟ ਰੇਡਰ ਦਾ ਖਿਤਾਬ ਦਿੱਤਾ ਗਿਆ। ਇਸੇ ਤਰ੍ਹਾਂ ਥਰਾਜ ਟੀਮ ਦੇ ਖਿਡਾਰੀ ਕਾਲੂ ਨੇ ਪੰਜ ਜੱਫੇ ਲਾ ਕੇ ਬੈਸਟ ਜਾਫੀ ਦਾ ਖਿਤਾਬ ਜਿੱਤਿਆ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ 11000- 11000 ਰੁਪਏ ਨਗਦ ਰਾਸ਼ੀ ਅਤੇ ਪੰਜ ਪੰਜ ਕਿਲੋ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਇਸ ਖੇਡ ਮੇਲੇ ਵਿੱਚ ਪੁੱਜੀਆਂ ਸਾਰੀਆਂ ਟੀਮਾਂ ਨੂੰ ਆਉਣ ਜਾਣ ਦਾ ਕਿਰਾਇਆ ਵੀ ਮੁੱਹਈਆ ਕਰਵਾਇਆ ਗਿਆ। ਕੱਲ ਨੂੰ ਇੱਕ ਪਿੰਡ ਓਪਨ ਦੇ ਮੁਕਾਬਲੇ ਹੋਣਗੇ, ਜਿਸ ਵਿੱਚ ਵੱਖ ਵੱਖ ਨਾਮਵਰ ਅਕੈਡਮੀਆਂ ਦੇ ਖਿਡਾਰੀਆਂ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ। ਉਨ੍ਹਾਂ ਅੱਜ ਦੇ ਮੁਕਾਬਲਿਆਂ ਸਮੇਂ ਪੁੱਜੇ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਜ਼ਰ ਸੁਦਾਗਰ ਢੋਡੇ ਮਾਜਰਾ, ਪ੍ਰਦੀਪ ਕੰਸਾਲਾ, ਅਰਵਿੰਦ ਪੁਰੀ ਚੇਅਰਮੈਨ, ਨੰਬਰਦਾਰ, ਤੇਜਵੀਰ ਸਿੰਘ ਸੰਧੂ, ਰਾਜ ਕੁਮਾਰ ਸਿਆਲਬਾ, ਬੱਬਲੂ ਬਾਂਸੇਪੁਰ, ਐਡਵੋਕੇਟ ਆਸ਼ੂ ਬਲਾਕ, ਐਡਵੋਕੇਟ ਬੇਅੰਤ ਸਿੰਘ ਮੁੱਲਾਂਪੁਰ, ਐਡਵੋਕੇਟ ਮਨਵੀਰ ਸਿੰਘ ਮੁੱਲਾਂਪੁਰ, ਦੀਪਕ ਹਾਰਡ ਵੇਅਰ ਮੁੱਲਾਂਪੁਰ, ਜਗਤਾਰ ਹੁਸ਼ਿਆਰਪੁਰ, ਬਿੱਟੂ ਹੁਸ਼ਿਆਰਪੁਰ ਅਤੇ ਗੁਰਮੀਤ ਸਰਪੰਚ ਫਿਰੋਜ਼ਪੁਰ ਬੰਗਰ, ਪ੍ਰਦੀਪ ਸਿੰਘ ਕਬੱਡੀ ਖਿਡਾਰੀ, ਗੁਰਬਚਨ ਸਿੰਘ ਕਬੱਡੀ ਖਿਡਾਰੀ, ਗੁਰਮੁਖ ਸਿੰਘ ਢੋਡੇ ਮਾਜਰਾ, ਗੁਰਜੀਤ ਪੂਨੀਆ, ਗੁਰਜੰਟ ਸਿੰਘ ਜੰਟਾ ਕਬੱਡੀ ਖਿਡਾਰੀ ਵੀ ਹਾਜ਼ਰ ਸਨ।

