ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜਨਵਰੀ:
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਦੀ ਸਾਹਿਤਕ ਅਤੇ ਪ੍ਰਚਲਤ ਗੀਤਕਾਰੀ ਬਾਰੇ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੁੱਖ ਮਹਿਮਾਨ ਵਜੋਂ ਡਾ. ਰਾਜਿੰਦਰਪਾਲ ਸਿੰਘ ਬਰਾੜ, ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਸ਼ਾਮਿਲ ਹੋਏ।


ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਅਕਾਡਮੀ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਵਿਸਥਾਰ ਵਿੱਚ ਸਾਂਝਾ ਕਰਦੇ ਕਿਹਾ ਕਿ ਪੰਜਾਬੀ ਵਿੱਚ ਬੜੀ ਕਿਸਮ ਦੀ ਗੀਤਕਾਰੀ ਹੈ, ਜਿਸਨੂੰ ਆਮ ਲੋਕ ਨਿੰਦਦੇ ਹਨ। ਉਹ ਪਾਪੂਲਰ ਗਾਇਕੀ ਦੀ ਮੰਡੀ ਦੀ ਗੀਤਕਾਰੀ ਹੈ, ਜਿਸ ਵਿੱਚ ਹਿੰਸਾ ਅਤੇ ਔਰਤ ਦੀ ਨੁਮਾਇਸ਼ ਭਾਰੂ ਹੈ। ਲੋਕ ਫਿਕਰਮੰਦੀ ਵਾਲੀ ਗੀਤਕਾਰੀ ਵਿਰਲੀ ਹੀ ਹੈ। ਸਮਾਗਮ ਦੇ ਮੁੱਖ ਵਕਤਾ ਡਾ. ਲਾਭ ਸਿੰਘ ਖੀਵਾ ਨੇ ‘ਪੰਜਾਬੀ ਗੀਤਕਾਰੀ ਅਤੀਤ, ਵਰਤਮਾਨ ਅਤੇ ਭਵਿੱਖ‘ ਬਾਰੇ ਬੋਲਦਿਆਂ ਕਿਹਾ ਕਿ ਗੀਤ ਸ਼ਾਸਤਰ ਦੇ ਸੰਦਰਭ ਵਿੱਚ ਕਾਵਿ ਪ੍ਰਥਮ ਸਥਾਨ ਹੈ। ਅੱਜ ਗੀਤ ਵਿੱਚ ਗੀਤਕਾਰ ਗਾਇਬ ਪਰ
ਗਾਇਕ ਭਾਰੂ ਹੈ। ਡਾ. ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਬਹੁਤ ਘੱਟ ਗੀਤ ਸਾਂਭਣਯੋਗ ਹਨ। ਲਿਟ੍ਰੇਰੀ ਪ੍ਰੰਪਰਾ ਅਸੀ ਸਾਂਭੀ ਨਹੀਂ, ਜਿਸਨੂੰ ਮੰਡੀ ਵਰਤ ਗਈ ਗੁਰਮੁਖੀ ਭਾਸ਼ਾ ਵਿੱਚ ਹੀ ਲਿਖਿਆ ਗੀਤ ਸਗੋ ਕਿਸੇ ਵੀ ਹੋਰ ਭਾਸ਼ਾ ਵਿੱਚ ਲਿਖਿਆ ਗੀਤ ਵੀ ਪੰਜਾਬ ਦਾ ਹੈ।
ਡਾ. ਰਾਜਿੰਰਪਾਲ ਸਿੰਘ ਬਰਾੜ ਨੇ ਕਿਹਾ ਸਾਰੇ ਸਾਹਿਤ ਰੂਪ ਮਹੱਤਵਪੂਰਨ ਹਨ, ਪਰ ਪੰਜਾਬੀ ਸਭਿੱਆਚਾਰ ਦੀ ਰੂਹ ਗੀਤ ਹੈ। ਮੱਧ ਕਾਲੀ ਪਰੰਪਰਾ ਸਾਰੀ ਦੀ ਸਾਰੀ ਗਾਉਣ ਵਾਲੀ ਹੈ। ਸਾਡੇ ਅਲੋਚਕ ਅਤੇ ਵਿਦਵਾਨਾਂ ਆਦਿ ਨੇ ਗੀਤ ਨੂੰ ਪੰਜਾਬ ਦੇ ਵਿਹੜੇ ਵਿੱਚੋਂ ਕੱਢ ਦਿੱਤਾ, ਜਿਸ ਨੂੰ ਮੰਡੀ ਨੇ ਸਾਂਭ ਲਿਆ ਅਤੇ ਵਿਗਾੜ ਦਿੱਤਾ। ਹੁਣ ਗੀਤ ਵਿੱਚ ਵਿਚਾਰ ਨਾਲੋਂ ਦੈਂਗੜ-ਦੈਂਗੜ ਭਾਰੁ ਹੈ, ਵਿਚਾਰ ਗਾਇਬ ਹੈ। ਵਿਭਚਾਰ ਦੇ ਗੀਤਕਾਰ ਅਤੇ ਗਾਇਕ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ।
ਜਨਾਬ ਮੁਹੰਮਦ ਸਦੀਕ ਨੇ ਅਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ “ਚੰਗੇ ਗੀਤ ਗਾਇਕ ਦਾ ਕੱਦ ਉੱਚਾ ਕਰ ਦਿੰਦੇ ਹਨ। ਪਹਿਲਾਂ ਸਰੋਤੇ ਹੁੰਦੇ ਸਨ ਹੁਣ
ਦਰਸ਼ਕ ਹਨ। ਗੀਤ ਸ਼ਬਦ ਜੋੜ ਨਹੀਂ ਹੁੰਦਾ, ਸਗੋ ਗੀਤ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ।“ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਹਾਜ਼ਰੀਨ ਦਾ ਧੰਨਵਾਦ ਕਰਦੇ ਕਿਹਾ ਕਿ ਵਿਦੇਸ਼ੀ ਚਕਾਚੌਂਦ ਨੇ ਸਾਡਾ ਗੀਤ ਵਿਗਾੜ ਦਿੱਤਾ ਹੈ। ਮਿਆਰ ਅਸੀ ਸਥਾਪਿਤ ਕਰਨੇ ਹਨ। ਮਿਆਰ ਸਭਿੱਆਚਾਰ ਦਾ ਹੋਵੇ, ਮੰਡੀ ਦਾ ਨਹੀਂ। ਇਸ ਸਮੇਂ ਜਸਵੀਰ ਝੱਜ ਦੀ ਸੰਚਾਲਨਾ ਵਿੱਚ ਕੀਤੇ ਗਏ ਗੀਤ ਦਰਬਾਰ ਵਿੱਚ ਬੀਬਾ ਨਿਮਰਤਾ, ਉੱਘੀ ਗਾਇਕਾ ਗੁਲਸ਼ਨ ਕੋਮਲ, ਬੀਬਾ ਸ਼ਾਲਨੀ ਜ਼ੰਬਾਲ, ਸੁਰਜੀਤ ਸੁਮਨ, ਸੁਖਵੀਰ ਸੰਧੇ, ਕੇ ਸਾਧੂ ਸਿੰਘ, ਹਰੀ ਸਿੰਘ ਜਾਚਕ, ਸਤਨਾਮ ਸਿੰਘ ਕੋਮਲ, ਕਿੱਕਰ ਡਾਲੇਵਾਲਾ, ਪ੍ਰਭਜੋਤ ਸੋਹੀ, ਤ੍ਰੈਲੋਚਨ ਲੋਚੀ, ਭਗਵਾਨ ਹਾਂਸ ਆਦਿ ਨੇ ਗੀਤ ਪੇਸ਼ ਕੀਤੇ। ਇਸ ਸਮੇਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ“ ਪ੍ਰਧਾਨਗੀ ਮੰਡਲ ਨੇ ਰਿਲਿਜ਼ ਕੀਤਾ।
ਇਸ ਸਮੇਂ ਉਕਤ ਦੇ ਨਾਲ-ਨਾਲ ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਅਮਰਿੰਦਰ ਸੋਹਲ, ਭਗਵਾਨ ਢਿੱਲੋ, ਡਾ. ਗੁਰਇਕਬਾਲ ਸਿੰਘ, ਰਾਜਦੀਪ ਸਿੰਘ ਤੂਰ, ਅਨਿਲ ਫਤਹਿਗੜ ਜੱਟਾਂ, ਅਮਰਜੀਤ ਸ਼ੇਰਪੁਰੀ, ਮਸਕੀਤ ਮਾਲੜਾ, ਕਰਮਜੀਤ ਸਿੰਘ ਗਰੇਵਾਲ, ਤ੍ਰੈਲੋਚਨ ਲੋਚੀ, ਗੁਰਮਖ ਸਿੰਘ ਜਾਗੀ, ਚਰਨ ਸਿੰਘ ਬੰਬੀਹਾ ਭਾਈ, ਦਰਸ਼ਨ ਸ਼ਿੰਘ ਢੋਲਣ, ਵਿਵੇਕ ਮੋਂਗਾ, ਸਤੀਸ਼ ਗੋਲਾਟੀ, ਹਾਕਮ ਸਿੰਘ ਹਾਜ਼ਰ ਸਨ।
ਫੋਟੋ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਧਰਮ ਕਮੇਂਆਣਾ ਦੇ ਰਿਕਾਰਡ ਗੀਤਾਂ ਦਾ ਗੀਤ ਸੰਗ੍ਰਹਿ “ਹੱਥਾਂ ਨੂੰ ਮਹਿੰਦੀ ਫਿਰ ਲਾ ਲਵੀਂ, ਹਾਜ਼ਰੀਨ ਰਿਲਿਜ਼ ਕਰਦੇ ਹੋਏ।
ਵੱਲੋਂ: ਜਸਵੀਰ ਝੱਜ ਦਫਤਰ ਸਕੱਤਰ, ਫੋਨ ਨੰਬਰ – 98778 – 00417

