www.sursaanjh.com > Uncategorized > ਗ਼ਜ਼ਲ ਲਈ ਸ਼ਾਨਦਾਰ ਰਿਹਾ ਸਾਲ 2024 – ਫੈਸਲ ਖਾਨ

ਗ਼ਜ਼ਲ ਲਈ ਸ਼ਾਨਦਾਰ ਰਿਹਾ ਸਾਲ 2024 – ਫੈਸਲ ਖਾਨ

ਫਤਿਹਗੜ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 15 ਜਨਵਰੀ:
ਸਾਹਿਤ ਦੀ ਉਤਪਤੀ ਵੀ ਸੰਸਾਰ ਦੀ ਉਤਪਤੀ ਦੇ ਨਾਲ ਹੀ ਹੋਈ ਪੜ੍ਹੀਦੀ ਹੈ। ਸਾਹਿਤ ਦੀਆਂ ਵੱਖੋ ਵੱਖਰੀਆਂ ਵਿਧਾਵਾਂ ਮੌਖਿਕ ਰੂਪ ਵਿਚ ਹੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਵੀ ਪਹੁੰਚਦੀਆਂ ਰਹੀਆਂ ਹਨ। ਇਸ ਸਾਹਿਤਕ ਵਹਾਅ ਵਿਚ ਕਈ ਵਿਧਾਵਾਂ ਅਗਲੀ ਪੀੜੀ ਤੱਕ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਈਆਂ ਤੇ ਕਈ ਵਿਧਾਵਾਂ ਵਿਚ ਸਮੇਂ ਦੇ ਨਾਲ ਨਾਲ ਪਰਿਵਰਤਨ ਵੀ ਆਉਂਦਾ ਰਿਹਾ। ਲੋਕ ਗੀਤ, ਲੋਕ ਕਿੱਸੇ, ਲੋਕ ਕਹਾਣੀਆਂ, ਅਖਾਣ, ਮੁਹਾਵਰੇ ਤੇ ਹੋਰ ਅਨੇਕਾਂ ਪ੍ਰਕਾਰ ਦੇ ਲੋਕ ਸਾਹਿਤ ਵਿਚ ਸਮੇਂ ਦੇ ਨਾਲ ਥੋੜਾ ਬਹੁਤਾ ਰਲ਼ਾ ਮਿਲ਼ਾ ਵੀ ਹੁੰਦਾ ਰਿਹਾ। ਮੌਖਿਕ ਰੂਪ ਤੋਂ ਨਿਕਲ ਕੇ ਜਦੋਂ ਸਾਹਿਤ ਲਿਖਤੀ ਰੂਪ ਵਿਚ ਆਇਆ ਤਾਂ ਯਕੀਨਨ ਇਸ ਵਿਚ ਰਲ਼ਾ ਮਿਲ਼ਾ ਹੋਣ ਦੀਆਂ ਸੰਭਾਵਨਾਵਾਂ ਘੱਟ ਗਈਆਂ ਤੇ ਹੁਣ ਯਕੀਨਨ ਇਕ ਪੀੜ੍ਹੀ ਦਾ ਸਾਹਿਤ ਅਗਲੀ ਪੀੜ੍ਹੀ ਤੱਕ ਮੂਲ ਸਰੂਪ ਵਿਚ ਹੀ ਪਹੁੰਚਦਾ ਹੈ।
“ਕਵਿਤਾ ਦੇ ਕਈ ਰੂਪ ਪ੍ਰਚਲਿਤ ਸੀ ਤੇ ਹੈਨ, ਜਿਸ ਵਿਚ ਕਵਿਤਾ, ਖੁੱਲ੍ਹੀ ਕਵਿਤਾ, ਗੀਤ, ਰੂਬਾਈ, ਗ਼ਜ਼ਲ, ਬੋਲੀ, ਟੱਪਾ, ਵਾਰਾਂ, ਕਿੱਸਾ ਕਾਵਿ, ਸੂਫੀ ਕਾਵਿ, ਕਥਾ ਕਾਵਿ ਆਦਿ। ਮਗਰ ‘ਗ਼ਜ਼ਲ’, ਵਿਧਾਨ ਤੇ ਰੂਪ ਪੱਖੋਂ ਬਾਕੀ ਕਾਵਿ ਰੂਪਾਂ ਨਾਲੋਂ ਵੱਖਰੀ ਹੈ, ਸੁਚੇਤ ਹੈ ਤੇ ਜਾਗਰੁਕ ਵੀ। ਮੌਜੂਦਾ ਦੌਰ ਦੀ ਗ਼ਜ਼ਲ ਨੇ ਆਪਣੇ ਸ਼ਾਬਦਿਕ ਅਰਥਾਂ ਨੂੰ ਵਸੀਹ ਕਰਦੇ ਹੋਏ ਲਗਭਗ ਸਾਰੇ ਵਿਸ਼ਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਇਕ ਚੰਗੀ ਗ਼ਜ਼ਲ ਦੇ ਵਿਚ ਸੁਹਜ ਤੇ ਸਹਿਜ, ਰਵਾਨੀ, ਸੰਜੀਦਗੀ, ਚੇਤਨਤਾ, ਲੋਕਾਂ ਦੀ ਗੱਲ ਆਦਿ ਗੁਣ ਮਿਲਦੇ ਹਨ”। ਗ਼ਜ਼ਲ ਦੇ ਬਾਬਾ ਬੋਹੜ ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਸਾਹਿਬ ਦਾ ਸ਼ਿਅਰ ਹੈ, ‘ਸੁਣ ਕੇ ਮਜ਼ਾ ਨਾ ਆਵੇ, ਉਸ ਨੂੰ ਗ਼ਜ਼ਲ ਨਾ ਆਖੋ/ ਦਿਲ ਵਿਚ ਜੋ ਖੁੱਭ ਨਾ ਜਾਵੇ, ਉਸ ਨੂੰ ਗ਼ਜ਼ਲ ਨਾ ਆਖੋ।’
ਪੰਜਾਬੀ ਗ਼ਜ਼ਲ ਅਨੇਕਾਂ ਉਤਾਰ ਚੜਾਵਾਂ ਨੂੰ ਸਹਿੰਦੀ, ਸੰਘਰਸ਼ ਕਰਦੀ, ਅੱਜ ਕਵਿਤਾ ਸਿਨਫ਼ ਦਾ ਤਾਜ਼ ਬਣ ਚੁੱਕੀ ਹੈ। ਸਮਕਾਲੀ ਗ਼ਜ਼ਲ ਦੀ ਗੱਲ ਕਰਾਂ ਤਾਂ ਇਹ ਸਮਕਾਲੀ ਵਰਤਾਰਿਆਂ ਤੋਂ ਪ੍ਰਭਾਵਿਤ ਹੈ। ਸਮਕਾਲੀ ਗ਼ਜ਼ਲ ਸੰਕੇਤਕ ਵੀ ਹੈ ਤੇ ਠਾਹ ਸੋਟਾ ਵਾਲ਼ੀ ਵੀ। ਇੱਥੇ ਸ਼ਾਇਰਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਠਾਹ ਸੋਟਾ ਗ਼ਜ਼ਲ ਸਦੀਵੀ ਨਾ ਹੋ ਕੇ ਇਕ ਨਿਸ਼ਚਿਤ ਸਮੇਂ ਅੰਤਰਾਲ ਦੌਰਾਨ ਹੀ ਸਾਰਥਿਕ ਲੱਗਦੀ ਹੈ। ਮਗਰੋਂ ਉਸਦੀ ਸਾਰਥਿਕਤਾ ਤਕਰੀਬਨ ਖਤਮ ਹੀ ਹੋ ਜਾਂਦੀ ਹੈ। ਜਦੋਂ ਕਿ ਸੰਕੇਤਕ ਗ਼ਜ਼ਲ ਦੀ ਸਾਰਥਿਕਤਾ ਲੰਮੇ ਸਮੇਂ ਤੱਕ ਬਣੀ ਰਹਿੰਦੀ ਹੈ।
ਸਾਲ 2024 ਗ਼ਜ਼ਲ ਲਈ ਕਾਫ਼ੀ ਸ਼ਾਨਦਾਰ ਰਿਹਾ। ਅਨੇਕਾਂ ਗ਼ਜ਼ਲ ਪੁਸਤਕਾਂ ਇਸ ਸਾਲ ਪ੍ਰਕਾਸ਼ਿਤ ਹੋਈਆਂ। ਕਈ ਗ਼ਜ਼ਲ ਪੁਸਤਕਾਂ ਦੇ ਨਵੇਂ ਐਡੀਸ਼ਨ ਵੀ ਇਸ ਸਾਲ ਪ੍ਰਕਾਸਿਤ ਹੋਏ ਜੋ ਇਹ ਦਰਸਾਉਂਦੇ ਹਨ ਕਿ ਚੰਗੀ ਗ਼ਜ਼ਲ ਨੂੰ ਪਾਠਕ ਮਣਾਂ-ਮੂੰਹੀ ਪਿਆਰ ਦਿੰਦੇ ਹਨ। ਇਸ ਸਾਲ ਦੇ ਗ਼ਜ਼ਲ ਵਿਸ਼ਿਆਂ ਦੀ ਗੱਲ ਕਰਾਂ ਤਾਂ ਰਵਾਇਤੀ ਵਿਸ਼ਿਆਂ ਦੇ ਨਾਲ ਨਾਲ ਨਵੇਂ ਵਿਸ਼ਿਆਂ ਦੀ ਭਰਮਾਰ ਦੇਖਣ ਨੂੰ ਮਿਲੀ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਸਾਲ ਦਰ ਸਾਲ ਗ਼ਜ਼ਲ ਦੇ ਵਿਸ਼ਿਆਂ ਵਿਚ ਵਾਧਾ ਹੋ ਰਿਹਾ ਹੈ। ਗ਼ਜ਼ਲ ਦੇ ਸਦਾਬਹਾਰ ਵਿਸ਼ਿਆਂ ਜਿਵੇਂ ਪਿਆਰ, ਮੁਹੱਬਤ, ਵਸਲ, ਵਿਛੋੜਾ, ਭੂ-ਹੇਰਵਾ, ਭਰਿਸ਼ਟਾਚਾਰ, ਪਲੀਤ ਹੋ ਰਿਹਾ ਚੌਗਿਰਦਾ, ਨਸ਼ੇ ਦੀ ਦਲਦਲ, ਨੇਤਾਵਾਂ ਦੇ ਲੋਕਾਂ ਦੇ ਗਿਰਦੇ ਕਿਰਦਾਰ, ਗੁੰਝਲਦਾਰ ਰਾਜਨੀਤੀ, ਨਿਆਂ ਦੀ ਧੀਮੀ ਰਫ਼ਤਾਰ ਸਣੇ ਹੋਰ ਕਈ ਸਦਾਬਹਾਰ ਵਿਸ਼ੇ ਦ੍ਰਿਸ਼ਟੀਗੋਚਰ ਹੋਏ।ਇਸ ਸਾਲ ਇਹ ਗੱਲ ਵੀ ਦੇਖੀ ਗਈ ਕਿ ਗ਼ਜ਼ਲ ਵਿਚ ਨਿੱਜ ਨਾਲੋਂ ਪਰ ਦੀ ਗੱਲ ਜ਼ਿਆਦਾ ਸੀ ਜੋ ਮੈਂ ਸਮਝਦਾ ਹਾਂ ਕਿ ਬਹੁਤ ਚੰਗੀ ਗੱਲ ਹੈ। ਇਕ ਹੋਰ ਮਹੱਤਵਪੂਰਨ ਗੱਲ ਜੋ ਉਭਰ ਕੇ ਸਾਹਮਣੇ ਆਈ ਹੈ, ਉਹ ਇਹ ਹੈ ਕਿ ਸ਼ਾਇਰਾਂ ਨੇ ਹਰ ਪ੍ਰਕਾਰ ਦੇ ਮਸਲੇ ਤੇ ਬੇਹੱਦ ਬੇਬਾਕਤਾ ਨਾਲ ਤੇ ਨਿੱਠ ਕੇ ਗੱਲਬਾਤ ਕੀਤੀ ਹੈ। ਇਸ ਸਾਲ ਪੁਸਤਕਾਂ ਤਾਂ ਹੋਰ ਛਪੀਆਂ ਹੋਣਗੀਆਂ ਪਰ ਮੈਂ ਪ੍ਰਾਪਤ ਹੋਈਆਂ ਪੁਸਤਕਾਂ ‘ਤੇ ਹੀ ਚਰਚਾ ਕਰਾਂਗਾ। ਕਈ ਪੁਸਤਕਾਂ ਦੇ ਰਚੇਤਾ ਆਤਮਾ ਰਾਮ ਰੰਜਨ ਜੀ ਦੀ ਗ਼ਜ਼ਲ ਪੁਸਤਕ ‘ਖਾਰੀਆਂ ਝੀਲਾਂ’ ਪਾਠਕਾਂ ਦੇ ਹੱਥ ਵਿਚ ਪਹੁੰਚੀ। ਇਸ ਪੁਸਤਕ ਵਿਚ ਉਨ੍ਹਾਂ ਨੇ ਸਮਾਜਿਕ ਸਰੋਕਾਰਾਂ ਦੀ ਬੇਹੱਦ ਤਰੀਕੇ ਨਾਲ ਪੇਸ਼ਕਾਰੀ ਕੀਤੀ, ‘ਕਿਸ ਪਰਖਣਾ ਅਦੀਬਾ, ਲਿਖਤਾਂ ਇਹ ਤੇਰੀਆਂ ਨੂੰ/ ਹੁੰਦੀ ਜੁਗਾੜਬੰਦੀ, ਵਿਕਦੇ ਖਿਤਾਬ ਵੇਖੇ।’
ਪੁਸਤਕ ‘ਰੁੱਤ ਕਰੁੱਤ’ ਬਲਜੀਤ ਪਾਲ ਸਿੰਘ ਦੀ ਚਰਚਿਤ ਗ਼ਜ਼ਲ ਪੁਸਤਕ ਹੈ। ਉਸਨੇ ਆਪਣੀ ਸ਼ਾਇਰੀ ਵਿਚ ਲਗਭਗ ਹਰ ਵਿਸ਼ੇ ਨੂੰ ਤਵੱਜੋ ਦਿੱਤੀ ਹੈ। ਨਵੇਂ ਰਦੀਫ਼ ਤੇ ਕਫ਼ੀਏ ਪਾਠਕਾਂ ਦਾ ਧਿਆਨ ਖਿੱਚਦੇ ਹਨ। ‘ਸਹਿਜੇ ਸਹਿਜੇ’ ਪੁਸਤਕ ਮਨਿੰਦਰ ਕੌਰ ‘ਬਸੀ’ ਦੀ ਪਲੇਠੀ ਗ਼ਜ਼ਲ ਪੁਸਤਕ ਹੈ। ਮਨਿੰਦਰ ਦੇ ਗ਼ਜ਼ਲ ਸੰਗ੍ਰਹਿ ਨੂੰ ਪੜਦਿਆਂ ਇਹ ਗੱਲ ਮਹਿਸੂਸ ਕੀਤੀ ਜਾ ਸਕਦੀ ਹੈ ਕਿ ਉਸਦੀ ਲੇਖਣੀ ਦਾ ਘੇਰਾ ਘਰਾਂ ਦਰਾਂ ਦੀਆਂ ਸਮੱਸਿਆਵਾਂ ਤੋਂ ਲੈ ਕੇ ਰਾਜਸੀ ਸਮੱਸਿਆਵਾਂ ਤੱਕ ਫੈਲਿਆ ਹੋਇਆ ਹੈ। ਰਾਜ ਗੁਰਦਾਸਪੁਰੀ ਆਪਣਾ ਪੰਜਵਾਂ ਗ਼ਜ਼ਲ ਸੰਗ੍ਰਹਿ ‘ਮੌਸਮ ਉਦਾਸ ਲੱਗੇ’ ਲੈ ਕੇ ਹਾਜ਼ਰ ਹੋਇਆ ਹੈ। ਉਸ ਦੇ ਸ਼ਿਅਰਾਂ ਵਿਚ ਆਮ ਜਨਤਾ ਦੀ ਗੱਲ ਵਧੇਰੇ ਮਿਲਦੀ ਹੈ, ‘ਅੱਜ ਕੱਲ ਸੌਖੇ ਡੰਡੇ ਖਾਣੇ, ਔਖੇ ਹੋ ਗਏ ਗੰਡੇ ਖਾਣੇ/ ਮਹਿੰਗੀ ਗੈਸ ਲਿਆਵਾਂ ਕਿੱਦਾਂ, ਫੁੱਲਕੇ ਪੈਂਦੇ ਠੰਡੇ ਖਾਣੇ।’ 
ਅਮਰਜੀਤ ਕੌਰ ਮੋਰਿੰਡਾ ਨੇ ਆਪਣੇ ਗ਼ਜ਼ਲ ਸੰਗ੍ਰਹਿ ‘ਅਹਿਸਾਸਾਂ ਦੀ ਖੁਸ਼ਬੂ’ ਵਿਚ ਸੱਚਾ ਪਿਆਰ, ਮਨੁੱਖੀ ਰਿਸ਼ਤਿਆਂ ਦਾ ਮੋਹ ਤੇ ਟੁੱਟ ਭੱਜ, ਕੁਦਰਤ, ਚੌਗਿਰਦਾ, ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੇ ਮਿੱਠੇ ਅਹਿਸਾਸਾਂ ਨੂੰ ਆਪਣੀ ਸ਼ਾਇਰੀ ਦਾ ਵਿਸ਼ਾ ਬਣਾਇਆ। ਭੁਪਿੰਦਰ ਸੰਧੂ ਬਠਿੰਡਾ ਨੇ ਆਪਣੀ ਗ਼ਜ਼ਲ ਪੁਸਤਕ ‘ਸੂਰਜਾਂ ਦੀ ਭਾਲ’ ਵਿਚ ਰਵਾਨੀ ਦੇ ਨਾਲ ਨਾਲ ਬਹਿਰ ਬੰਦਿਸ਼ ਦਾ ਪੂਰਾ ਖਿਆਲ ਰੱਖਿਆ ਹੈ। ਸੰਧੂ ਦੀਆਂ ਜਿਆਦਾਤਰ ਗ਼ਜ਼ਲਾਂ ਲੋਕ ਪੱਖੀ, ਜੁਝਾਰੂ, ਸੰਘਰਸ਼ਵਾਦੀ ਤੇ ਸਮਾਜਿਕ ਸਰੋਕਾਰਾਂ ਨਾਲ ਲੈਸ ਹਨ। ਗਿਆਨ ਸਿੰਘ ‘ਦਰਦੀ’ ਗ਼ਜ਼ਲ ਜਗਤ ਵਿਚ ਇਕ ਪ੍ਰੋੜ ਸ਼ਾਇਰ ਹਨ। ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਧਾਰਮਿਕ ਰੰਗਤ ਦੇ ਨਾਲ ਨਾਲ ਜਦੀਦ ਮਸਲਿਆਂ ਤੇ ਚਰਚਾ ਮਿਲਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਕਾਇਲ ਹਨ। ‘ਔੜ ਤੇ ਬਰਸਾਤ’ ਗੁਰਦੀਪ ਸਿੰਘ ਸੈਣੀ ਦੀ ਪਲੇਠੀ ਗ਼ਜ਼ਲ ਪੁਸਤਕ ਹੈ। ਉਸ ਨੇ ਹਮੇਸ਼ਾ ਪਕੇਰੀਆਂ ਗ਼ਜ਼ਲਾਂ ਨੂੰ ਹੀ ਪਾਠਕਾਂ ਸਾਹਮਣੇ ਰੱਖਿਆ ਹੈ, ‘ਮੈਂ ਆਸ਼ਿਕ ਖੂਬਸੂਰਤ ਦਿਲ ਅਤੇ ਕਿਰਦਾਰ ਦਾ ਹਾਂ ਬਸ/ ਅਦਾਵਾਂ ਤੇ ਨਿਗਾਹਾਂ, ਸੂਰਤਾਂ ਤੇ ਮਰ ਨਹੀਂ ਸਕਦਾ।’ 
‘ਰਾਜਿਆ ਰਾਜ ਕਰੇਦਿਆਂ’ ਵਿਚ ਰਜਿੰਦਰ ਸਿੰਘ ਰਾਜਨ ਨੇ ਦੇਸ਼ ਦੇ ਮੌਜੂਦਾ ਰਾਜਸੀ ਹਾਲਾਤਾਂ ਬਾਰੇ ਨਿੱਠ ਕੇ ਲਿਖਿਆ ਹੈ। ਰਾਜਨ ਆਵਾਮ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਜੋ ਹਾਕਮ ਧਿਰ ਵਲੋਂ ਦਿਖਾਇਆ ਜਾ ਰਿਹਾ ਹੈ, ਉਹ ਅਧੂਰਾ ਸੱਚ ਹੈ। ‘ਪੀੜਾਂ ਢੋਈਆਂ ਬੜੀਆਂ’ ਕਰਮਜੀਤ ਭੱਠਲ ਦਾ ਪਲੇਠਾ ਗ਼ਜ਼ਲ ਸੰਗ੍ਰਹਿ ਹੈ। ਵਿਸ਼ੇ ਪੱਖ ਦੇ ਨਾਲ ਉਸ ਨੂੰ ਹਾਲੇ ਗ਼ਜ਼ਲ ਦੇ ਰੂਪਕ ਪੱਖ ਤੇ ਹੋਰ ਕੰਮ ਕਰਨ ਦੀ ਲੋੜ ਹੈ। ਧਰਮਿੰਦਰ ਸਾਹਿਦ ਇਸ ਸਾਲ ਆਪਣੀ 12ਵੀਂ ਪੁਸਤਕ ‘ਮਨ ਤਰੰਗ’ ਲੈ ਕੇ ਪਾਠਕਾਂ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ। ਇਸ ਪੁਸਤਕ ਵਿਚ ਮੁਹੱਬਤੀ ਸੁਰ ਥੋੜ੍ਹੀ ਉੱਚੀ ਹੈ, ਮਗਰ ਬਾਕੀ ਵਿਸ਼ਿਆਂ ਨੂੰ ਵੀ ਸਹੀ ਮਾਤਰਾ ਤੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ ਸਿੰਘ ‘ਮੋਹਸਿਨ’ ਇਸ ਸਾਲ ਆਪਣੀ ਪੰਜਵੀਂ ਪੁਸਤਕ ‘ਹੋਇ ਗਈ ਪਰਭਾਤ’ ਲੈ ਕੇ ਹਾਜ਼ਰ ਹੋਏ। ਪੰਜਾਬ ਸਿੰਘ ਮੋਹਸਿਨ ਦੀਆਂ ਗ਼ਜ਼ਲਾਂ ਵਿਚ ਰਿਵਾਇਤੀ ਤੇ ਸੂਫ਼ੀਆਨਾ ਰੰਗ ਕਾਫ਼ੀ ਦੇਖਣ ਨੂੰ ਮਿਲਦਾ ਹੈ। ਲੰਮੀਆਂ ਬਹਿਰਾਂ ਤੇ ਲੰਮੀਆਂ ਗ਼ਜ਼ਲਾਂ ਲਿਖਣਾ ਉਨ੍ਹਾਂ ਦੀ ਖਾਸੀਅਤ ਹੈ। ਇਸ ਸਾਲ ਗ਼ਜ਼ਲਗੋ ਆਤਮਾ ਰਾਮ ਰੰਜਨ ਦੁਆਰਾ ਸੰਪਾਦਿਤ ਪੁਸਤਕ ‘ਮਾਲਵਿੰਦਰ ਸ਼ਾਇਰ ਦੀ ਚੋਣਵੀਂ ਗ਼ਜ਼ਲ’ ਨੇ ਵੀ ਦਸਤਕ ਦਿੱਤੀ ਹੈ। ਮਾਲਵਿੰਦਰ ਸ਼ਾਇਰ ਚਾਹੇ ਇਕ ਬਹੁ ਵਿਧਾਵੀ ਸਾਹਿਤਕਾਰ ਹੈ, ਪਰ ਉਸ ਦਾ ਨਾਂ ਆਧੁਨਿਕ ਪੰਜਾਬੀ ਗ਼ਜ਼ਲ ਰੂਪਾਕਾਰ ਵਿਚ ਜਾਣ ਪਹਿਚਾਣ ਦਾ ਮੁਥਾਜ਼ ਨਹੀਂ।
ਲਹਿੰਦੇ ਪੰਜਾਬ ਦੀ ਗ਼ਜ਼ਲ ਵੀ ਨਿਸੰਦੇਹ ਅੱਜ ਕਾਫ਼ੀ ਚਰਚਾ ਵਿਚ ਹੈ। ਸ਼ੋਸ਼ਲ ਮੀਡੀਆ ਨੇ ਵੀ ਇਸ ਨੂੰ ਦੂਰ ਦੁਰਾਡੇ ਦੇ ਪਾਠਕਾਂ ਤੱਕ ਪਹੁਚਾਉਂਣ ਵਿਚ ਆਪਣੀ ਚੰਗੀ ਭੂਮਿਕਾ ਨਿਭਾਈ ਹੈ। ਲਹਿੰਦੇ ਪੰਜਾਬ ਦੇ ਸ਼ਾਇਰ ਜ਼ਿਆਦਾਤਰ ‘ਫੇਲੁਨ’ ਬਹਿਰ ਵਿਚ ਗ਼ਜ਼ਲ ਕਹਿ ਰਹੇ ਹਨ। ਸੌਖੀ ਸ਼ਬਦਾਵਲੀ, ਸਪੱਸ਼ਟਤਾ, ਰਵਾਨੀ ਤੇ ਨਵੀਨ ਖਿਆਲ ਲਹਿੰਦੇ ਪੰਜਾਬ ਦੀ ਗ਼ਜ਼ਲ ਨੂੰ ਹੋਰ ਉੱਤਲੇ ਸਥਾਨ ਤੇ ਲੈ ਕੇ ਜਾਂਦੇ ਹਨ। ਮੇਰੀ ਨਜ਼ਰੇ ਇਸ ਸਾਲ ਲਹਿੰਦੇ ਪੰਜਾਬ ਦੀਆਂ ਤਿੰਨ ਗ਼ਜ਼ਲ ਪੁਸਤਕਾਂ ਪਈਆਂ। ਜੈਨ ਜੱਟ ਦੀ ਗ਼ਜ਼ਲ ਪੁਸਤਕ ‘ਇੰਝ ਨਾ ਹੋਵੇ’ ਵਿਚ ਉਹ ਹੱਕ ਲੈਣ ਲਈ ਸੰਘਰਸ਼ ਦੀ ਗੱਲ ਕਰਦਾ ਹੈ, ‘ਕਾਹਦਾ ਸ਼ਿਕਵਾ ਜੇਕਰ ਲੋਕਾਂ ਮੈਨੂੰ ਪੱਥਰ ਮਾਰੇ/ ਹਾਰੇ ਹੋਇਆ ਉੱਤੇ ਝੱਲਿਆ ਫੁੱਲ ਨਈਂ ਸੁੱਟੇ ਜਾਂਦੇ।’
‘ਹੋਰ ਮੁਹੱਬਤ ਨਈਂ ਕਰਨੀ’ ਸਗ਼ੀਰ ਤਬੱਸੁਮ ਦੀ ਪੁਸਤਕ ਹੈ, ਜਿਸ ਦਾ ਪੰਜਾਬੀ ਰੂਪ ਸ਼ਹਿਬਾਜ਼ ਖਾਨ ਨੇ ਕੀਤਾ ਹੈ। ਇਸ ਪੁਸਤਕ ਵਿਚ ਕਵਿਤਾ ਦੀਆਂ ਵੱਖੋ- ਵੱਖਰੀਆਂ ਵੰਨਗੀਆਂ ਦਾ ਅਨੰਦ ਮਾਣਿਆ ਜਾ ਸਕਦਾ ਹੈ। ‘ਗੁੰਝਲਾ’ ਲਿਆਕਤ ਗਡਗੌਰ ਦੀ ਗ਼ਜ਼ਲ ਪੁਸਤਕ ਹੈ। ਉਹ ਸਿੱਧੇ ਤੇ ਸੌਖੇ ਸ਼ਬਦਾਂ ਰਾਹੀਂ ਆਪਣੀ ਗੱਲ ਬਿਆਨ ਕਰਦੇ ਹਨ।

ਇਸ ਸਾਲ ਦੀ ਗ਼ਜ਼ਲ ਦੇ ਰੂਬਰੂ ਹੋ ਕੇ ਇਹ ਗੱਲ ਸਾਫ਼ ਸਮਝ ਆਉਂਦੀ ਹੈ ਕਿ ਗ਼ਜ਼ਲ ਦਾ ਭਵਿੱਖ ਬਹੁਤ ਉਜਵਲ ਤੇ ਸ਼ਾਨਦਾਰ ਹੈ। ਨੌਜਵਾਨ ਗ਼ਜ਼ਲ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਗ਼ਜ਼ਲ ਪਾਠਕਾਂ ਦੀ ਗਿਣਤੀ ਵੀ ਨਿਰੰਤਰ ਵੱਧ ਰਹੀ ਹੈ। ਨਵੇਂ ਸ਼ਾਇਰਾਂ ਨੂੰ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਸਮਕਾਲੀ ਗ਼ਜ਼ਲ ਮਨੋਰੰਜਨ ਲਈ ਨਹੀਂ ਸਗੋਂ ਹੁਣ ਇਹ ਚੇਤਨਾ ਪੈਦਾ ਕਰਨ ਲਈ ਲਿਖੀ ਜਾ ਰਹੀ ਹੈ। ਸੋ ਨਵੀਂ ਗ਼ਜ਼ਲ ਵਿਚ ਕੋਈ ਵਿਚਾਰਧਾਰਾ ਝਲਕਣੀ ਚਾਹੀਦੀ ਹੈ।ਗ਼ਜ਼ਲ ਐਸੀ ਹੋਵੇ ਜੋ ਪਾਠਕ ਨੂੰ ਸੋਚਣ ਲਾ ਦੇਵੇ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਨਵੇਂ ਸ਼ਾਇਰਾਂ ਕੋਲ ਸ਼ਕਤੀ ਤੇ ਸੰਭਾਵਨਾ ਦੋਨੋਂ ਹਨ। ਬਸ ਉਨ੍ਹਾਂ ਨੂੰ ਸਹੀ ਸੇਧ ਦੇਣ ਦੀ ਲੋੜ ਹੈ। ਇਸ ਕਾਰਜ ਲਈ ਸਥਾਪਿਤ ਗ਼ਜ਼ਲਗੋਆਂ ਤੇ ਉਸਤਾਦ ਸ਼ਾਇਰਾਂ ਦੀ ਰਹਿਨੁਮਾਈ ਲੈਣੀ ਚਾਹੀਦੀ ਹੈ, ਕਿਉਂਕਿ ਇਹ ਗੱਲ ਬਿਲਕੁਲ ਸਾਫ਼ ਹੈ ਕਿ ਉਸਤਾਦ ਦੀ ਰਹਿਨੁਮਾਈ ਤੋਂ ਬਿਨਾਂ ਅਰੂਜ਼ ਦੀਆਂ ਬਰੀਕਿਆਂ ਨੂੰ ਸਹੀ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ ਹੈ। ਗ਼ਜ਼ਲ ਐਸੀ ਹੋਣੀ ਚਾਹੀਦੀ ਹੈ, ਜਿਸ ਵਿਚ ਆਹ ਹੋਵੇ, ਵਾਹ ਵੀ ਹੋਵੇ, ਹੂਕ ਤੇ ਕੂਕ ਹੋਵੇ, ਕਲਪਨਾ ਦੇ ਨਾਲ ਯਥਾਰਥ ਦੀ ਤਸਵੀਰ ਹੋਵੇ ਤੇ ਅਨੁਭਵ ਦਾ ਰੰਗ ਵੀ ਭਰਿਆ ਗਿਆ ਹੋਵੇ। ਚੜ੍ਹਿਆ ਸਾਲ 2025 ਗ਼ਜ਼ਲ ਲਈ ਹੋਰ ਵੀ ਸ਼ਾਨਦਾਰ ਹੋਵੇ, ਇਹੀ ਕਾਮਨਾ ਹੈ।

ਫੈਸਲ ਖਾਨ – ਸੰਪਰਕ: 99149-65937

Leave a Reply

Your email address will not be published. Required fields are marked *