ਸ. ਕੁਲਤਾਰ ਸਿੰਘ ਸੰਧਵਾਂ ਜੀ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਸ੍ਰੀ ਵਿਜੇ ਸਾਂਪਲਾ ਦਾ ਬਿਆਨ ਨਿੰਦਨਯੋਗ ਦੱਸਿਆ, ਜਿਸ ਵਿੱਚ ਸਾਂਪਲਾ ਵੱਲੋਂ ਬਾਬਾ ਸਾਹਿਬ ਦੇ ਬੁੱਤ ਨਾਲ ਹੋਈ ਬੇਅਦਬੀ ਲਈ ਐਸ.ਜੀ.ਪੀ.ਸੀ ਤੋਂ ਸਪਸ਼ਟੀਕਰਨ ਮੰਗਿਆ ਹੈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਜਨਵਰੀ:


ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਨੇ ਅੰਮ੍ਰਿਤਸਰ ਵਿਖੇ ਡਾ ਅੰਬੇਦਕਰ ਸਾਹਿਬ ਜੀ ਦੇ ਬੁੱਤ ਦੀ ਬੇਹੁਰਮਤੀ ਨੂੰ ਦੁਖਦਾਈ ਦੱਸਿਆ। ਉਹਨਾਂ ਕਿਹਾ ਕਿ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਸਜ਼ਾ ਹੋਵੇਗੀ। ਸ੍ਰੀ ਦਰਬਾਰ ਸਾਹਿਬ ਗਲਿਆਰੇ ਤੋਂ ਘਟਨਾ ਸਥਾਨ ਲਗਭਗ ਇੱਕ ਕਿਲੋਮੀਟਰ ਦੂਰ ਹੈ, ਪਰੰਤੂ ਇਸ ਸੰਬੰਧ ਵਿੱਚ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈੰਬਰ ਸ੍ਰੀ ਵਿਜੈ ਸਾਂਪਲਾ ਦਾ ਬਿਆਨ ਨਿੰਦਣਯੋਗ ਹੈ। ਸਾਬਕਾ ਭਾਜਪਾ ਸੰਸਦ ਮੈਂਬਰ ਸ੍ਰੀ ਵਿਜੇ ਸਾਂਪਲਾ ਜੀ ਨੇ ਅਕਾਲ ਤਖਤ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਤੋਂ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਹੈ। ਸੰਧਵਾਂ ਜੀ ਨੇ ਉਹਨਾਂ ਦੇ ਬਿਆਨ ਨੂੰ ਬਹੁਤ ਮੰਦਭਾਗਾ ਦੱਸਿਆ।
ਉਹਨਾਂ ਅੱਗੇ ਕਿਹਾ ਕਿ ਇਹ ਬਿਆਨ ਸਿੱਖ ਸਮਾਜ ਅਤੇ ਐਸ. ਸੀ. ਸਮਾਜ ਵਿਚਕਾਰ ਫੁੱਟ ਪਾਉਣ ਦੀ ਹੋਛੀ ਚਾਲ ਹੈ ਪਰ ਪੰਜਾਬ ਦੇ ਲੋਕ ਭਾਜਪਾ ਦੀ ਧਰੁਵੀਕਰਨ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਜੋ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣਗੇ। ਉਹਨਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਤਾਂ ਜੋ ਇਹੋ ਜਿਹੀ ਸ਼ਰਾਰਤੀ ਤੱਤਵਾਂ ਤੇ ਠਲ ਪਾਈ ਜਾ ਸਕੇ।

