ਸੁੱਖੀ ਬਾਠ ਦੀ ਬਦੌਲਤ ਰਾਜਸਥਾਨ ਵਿੱਚ ਪੰਜਾਬੀ ਹੋਵੇਗੀ ਪ੍ਰਫੁੱਲਤ
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ-ਬਲਜਿੰਦਰ ਕੌਰ ਸ਼ੇਰਗਿੱਲ), 29 ਜਨਵਰੀ:


ਸ੍ਰੀ ਸੁੱਖੀ ਬਾਠ, ਸੰਸਥਾਪਕ, ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਲਗਾਤਾਰ ਬਾਲ ਲੇਖਕਾਂ ਨੂੰ ਸਾਹਿਤ ਨਾਲ ਜੋੜਨ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰੋਜੈਕਟ ਦੇ ਸੀਨੀਅਰ ਸਹਿ ਪ੍ਰੋਜੈਕਟ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਪਹਿਲਾਂ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਗਈ ਅਤੇ ਹੁਣ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੀ ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਤਹਿਤ 31 ਜਨਵਰੀ ਅਤੇ 1 ਫਰਵਰੀ 2025 ਨੂੰ ਰਾਜਸਥਾਨ ਦੇ ਸ਼੍ਰੀ ਗੰਗਾ ਨਗਰ ਵਿਖੇ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ ਲੇਖਕ ਅਤੇ ਸਭਿਆਚਾਰਕ ਕਾਨਫਰੰਸ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿਦਿਆਰਥੀ ਅਤੇ ਵੱਡੇ ਸਾਹਿਤਕਾਰ ਪਹੁੰਚ ਰਹੇ ਹਨ। ਬੱਚਿਆਂ ਦੇ ਮੁਕਾਬਲਿਆਂ ਤੋਂ ਇਲਾਵਾ ਭਾਸ਼ਾ ਵਹਿੰਦਾ ਦਰਿਆ ਨਾਟਕ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਪੰਜਾਬ ਭਵਨ ਸਰੀ ਕਨੇਡਾ ਦੀ ਸਮੁੱਚੀ ਟੀਮ ਅਤੇ ਪ੍ਰਬੰਧਕੀ ਟੀਮ ਰਾਜਸਥਾਨ ਵੱਲੋਂ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਤੇ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰੋਗਰਾਮ ਵਿੱਚ ਪਹੁੰਚ ਕੇ ਬਾਲ ਲੇਖਕਾਂ ਦਾ ਮਾਣ ਵਧਾ ਕੇ ਇਹਨਾਂ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇ।

