ਚੰਡੀਗੜ੍ਹ 30 ਜਨਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜਿਵੇਂ-ਜਿਵੇਂ ਬਸੰਤ ਦਾ ਤਿਉਹਾਰ ਨੇੜੇ ਆ ਰਿਹਾ ਹੈ, ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਪਤੰਗ ਉਡਾਉਣ ਦਾ ਰੁਝਾਨ ਵੀ ਵਧ ਰਿਹਾ ਹੈ ਪਰ ਕੁਝ ਦੁਕਾਨਦਾਰਾਂ ਤੇ ਪਤੰਗ ਉਡਾਉਣ ਵਾਲੇ ਲੋਕਾਂ ਵੱਲੋਂ ਖਤਰਨਾਕ ਡੋਰ ਵੇਚੀ ਤੇ ਖ਼ਰੀਦੀ ਰਹੀ ਹੈ। ਉਸ ਨਾਲ ਪਤੰਗ ਉਡਾਏ ਜਾ ਰਹੇ ਹਨ ਜੋ ਕਿ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੈ, ਕਿਉਂਕਿ ਇਹ ਡੋਰ ਜਾਨ ਲਈ ਖਤਰਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਵਾਤਾਵਰਣ ਪ੍ਰਚਾਰਕ ਤੇ ਲੈਕਚਰਾਰ ਰਾਜਨ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਪੰਜਾਬ ਸਰਕਾਰ ਨੇ ਵਾਤਾਵਰਣ (ਸੁਰੱਖਿਆ) ਐਕਟ 1986 ਦੀ ਧਾਰਾ 5 ਅਧੀਨ ਖਤਰਨਾਕ ਡੋਰਾਂ ਨਾਲ ਪਤੰਗ ਉਡਾਉਣ ਉੱਤੇ ਪਾਬੰਦੀ ਲਗਾਈ ਹੈ।
ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ, ਡੋਰ ਬਣਾਉਣ/ਵੇਚਣ/ਸਟੋਰ ਕਰਨ ਅਤੇ ਇਸ ਤਰ੍ਹਾਂ ਦੀਆਂ ਖਤਰਨਾਕ ਡੋਰਾਂ ਨਾਲ ਪਤੰਗ ਉਡਾਉਣ ਵਾਲਿਆਂ ਲਈ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ। ਪਿਛਲੇ ਸਾਲਾਂ ਵਿੱਚ ਰਾਜਨ ਸ਼ਰਮਾ ਨੇ ਆਪਣੇ ਗਰੁੱਪ ਮੈਂਬਰ ਦੀਪਕ ਸ਼ਰਮਾ ਰਿਟਾਇਰਡ ਲੈਕਚਰਾਰ ਤੇ ਸਤੀਸ਼ ਕੁਮਾਰ ਏੇ.ਐਸ.ਆਈ ਨਾਲ ਮਿਲ ਕੇ ਕਈ ਪਿੰਡਾਂ-ਸ਼ਹਿਰਾਂ ਵਿੱਚ ਕਈ ਦੁਕਾਨਦਾਰਾਂ ਤੇ ਲੋਕਾਂ ਨੂੰ ਮਿਲ ਕੇ ਅਜਿਹੀਆਂ ਖ਼ਤਰਨਾਕ ਡੋਰਾਂ ਦੀ ਵਰਤੋਂ ਨਾ ਕਰਨ ਲਈ ਬੇਨਤੀ ਕੀਤੀ ਸੀ ਜਿਸਦੇ ਵਧੀਆਂ ਨਤੀਜੇ ਆਏ।
ਉਨ੍ਹਾਂ ਕਿਹਾ ਕਿ ਬਹੁਤ ਲੋਕ ਅਜੇ ਵੀ ਸੁਚੇਤ ਨਹੀ ਹੋਏ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ। ਇੰਟਰਨੈਸ਼ਨਲ ਵਾਤਾਵਰਣ ਪ੍ਰਚਾਰਕ ਰਾਜਨ ਸ਼ਰਮਾ ਨੇ ਅਜਿਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ੌਕ ਪੂਰੇ ਕਰਨ, ਪਰ ਦੂਜਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਉਣ ਕਿਉਂ ਕਿ ਜਾਨ ਨਾਲ ਖੇਡ ਕੇ ਕੋਈ ਵੀ ਸ਼ੌਕ ਪੂਰਾ ਨਹੀ ਹੋ ਸਕਦਾ।

