ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜਨਵਰੀ:


ਖੇਤੀਬਾੜੀ ਵਿਭਾਗ ਪੰਜਾਬ ਵਿੱਚ ਲੰਮਾ ਸਮਾਂ ਉੱਚ ਅਧਿਕਾਰੀ ਰਹੇ ਪਿਆਰੇ ਵੀਰ ਡਾ. ਚਮਨ ਲਾਲ ਵਸ਼ਿਸ਼ਟ ਦਾ ਦੁੱਖਦਾਈ ਵਿਛੋੜਾ ਸਮੁੱਚੇ ਪੰਜਾਬੀਆਂ ਲਈ ਬਹੁਤ ਹੀ ਵੱਡਾ ਹੈ, ਜਿਸ ਸਮਰਪਿਤ ਭਾਵਨਾ ਨਾਲ ਡਾ. ਵਸ਼ਿਸ਼ਟ ਨੇ ਦੋਆਬਾ ਖੇਤਰ ਵਿੱਚ ਕਿਸਾਨ ਸੰਗਠਨਾਂ ਨੂੰ ਆਤਮ ਵਿਸ਼ਵਾਸ ਦੇ ਕੇ ਵਿਕਾਸ ਦੇ ਰਾਹ ਤੋਰਿਆ, ਉਸ ਦੀ ਮਿਸਾਲ ਲੱਭਣੀ ਆਸਾਨ ਨਹੀਂ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਵਸ਼ਿਸ਼ਟ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਹੈ ਕਿ ਵਿਗਿਆਨ ਤੇ ਸਾਹਿੱਤ ਦਾ ਸੁਮੇਲ ਕਰਕੇ ਛੋਟੇ ਕਿਸਾਨਾਂ ਨੂੰ ਨਵੀਆਂ ਫ਼ਸਲਾਂ ਦੱਸਣ ਵਾਲਾ ਰਾਹ ਦਿਸੇਰਾ ਚਲਾ ਗਿਆ ਹੈ। ਪਿਛਲੇ ਲਗਪਗ ਤੀਹ ਸਾਲ ਦੀ ਸਾਂਝ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਉਹ ਜਿੱਥੇ ਵੀ ਰਹੇ, ਹਰ ਹਾਲਾਤ ਵਿੱਚ ਕਿਸਾਨ ਪੱਖੀ ਰਹੇ।
ਡਾ. ਵਸ਼ਿਸ਼ਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਐਗਰੀਕਲਚਰ ਦੇ ਰੌਸ਼ਨ ਦਿਮਾਗ ਵਿਦਿਆਰਥੀ ਰਹੇ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਹਿਣ ਕਾਰਨ ਸਾਰੀ ਉਮਰ ਵਿਦਿਆਰਥੀਆ, ਮੁਲਾਜ਼ਮਾਂ ਦੇ ਹੱਕਾਂ ਲਈ ਜੂਝਦੇ ਰਹੇ। ਡਾ. ਚਮਨ ਲਾਲ ਵਸ਼ਿਸ਼ਟ ਦਾ ਅੰਤਿਮ ਸੰਸਕਾਰ 31 ਜਨਵਰੀ ਦੁਪਹਿਰ 12 ਵਜੇ ਹੁਸ਼ਿਆਰਪੁਰ ਸਥਿਤ ਸਮਸ਼ਾਨਘਾਟ ਵਿਖੇ ਹੋਵੇਗਾ ! ਉਹ ਕਿਸਾਨਾਂ ਦੀ ਜਥੇਬੰਦੀ ਫੈਪਰੋ ਦੇ ਬਾਨੀ ਮਾਹਰਾਂ ਵਿਚੋਂ ਸਨ।

