ਚੰਡੀਗੜ੍ਹ 3 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਖਾੜਾ ਮੁੱਲਾਂਪੁਰ ਗਰੀਬਦਾਸ ਇੱਕ ਵਾਰ ਫਿਰ ਸੁਰਖੀਆਂ ਵਿਚ ਆਇਆ ਹੈ, ਕਿਉਂਕਿ ਗੋਲੂ ਪਹਿਲਵਾਨ ਦੇ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਨਾਮਵਰ ਪਹਿਲਵਾਨ ਜਸਪੂਰਨ ਸਿੰਘ ਮੁੱਲਾਂਪੁਰ ਨੇ ਭਾਰਤ ਕੇਸਰੀ ਦਾ ਖਿਤਾਬ ਜਿੱਤ ਕੇ ਅਖਾੜਾ ਮੁੱਲਾਪੁਰ ਅਤੇ ਪਿੰਡ, ਮਾਤਾ ਪਿਤਾ ਤੇ ਉਸਤਾਦ ਗੋਲੂ ਪਹਿਲਵਾਨ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਸੰਚਾਲਕ ਗੋਲੂ ਪਹਿਲਵਾਨ ਨੇ ਦੱਸਿਆ ਕਿ ਬੀਤੇ ਦਿਨੀਂ ਮਸਤ ਫ਼ਕੀਰ ਬਾਬਾ ਜੀ ਦੋ ਗੁੱਤਾਂ ਵਾਲੇ ਦੀ ਨਿੱਘੀ ਯਾਦ ਵਿੱਚ ਗਿਆਰਵਾਂ ਗੋਲਡ ਕੱਪ ਕੁਸ਼ਤੀ ਮੁਕ਼ਾਬਲਾ ਡੇਰਾ ਬਾਬਾ ਜੀ ਦੋ ਗੁੱਤਾਂ ਵਾਲੇ ਭੁੱਲੇਵਾਲ ਗੁੱਜਰਾਂ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ, ਇਸ ਵਿੱਚ ਪਹਿਲਵਾਨ ਲੜਕੇ ਅਤੇ ਲੜਕੀਆਂ ਦੇ ਵੱਖ ਵੱਖ ਉਮਰ ਅਤੇ ਵਜ਼ਨ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪਹਿਲਵਾਨ ਜਸਪੂਰਨ ਸਿੰਘ ਨੇ +85 ਦੇ ਮੁਕਾਬਲੇ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕਰਵਾਈਆਂ ਅਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਭਾਰਤ ਕੇਸਰੀ ਦਾ ਖਿਤਾਬ ਆਪਣੇ ਨਾਮ ਕੀਤਾ।
ਪ੍ਰਬੰਧਕਾਂ ਵੱਲੋਂ ਜਸਪੂਰਨ ਪਹਿਲਵਾਨ ਨੂੰ ਇੱਕ ਲੱਖ ਰੁਪਏ ਨਗਦ ਇਨਾਮ ਅਤੇ ਗੁਰਜ ਦੇ ਕੇ ਸਨਮਾਨਿਤ ਕੀਤਾ ਗਿਆ। ਅਖਾੜਾ ਮੁੱਲਾਂਪੁਰ ਗਰੀਬਦਾਸ ਵਿਖੇ ਪੁੱਜਣ ਤੇ ਅਖਾੜੇ ਦੇ ਪਹਿਲਵਾਨਾਂ ਅਤੇ ਸੰਚਾਲਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੋਲੂ ਪਹਿਲਵਾਨ ਨੇ ਦੱਸਿਆ ਕਿ ਇਸ ਪਹਿਲਵਾਨ ਵੱਲੋਂ ਜਿੱਥੇ ਆਪ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਓਥੇ ਹੀ ਅਖਾੜੇ ਦੇ ਬਾਕੀ ਪਹਿਲਵਾਨਾਂ ਨੂੰ ਵੀ ਅਭਿਆਸ ਮੌਕੇ ਭਰਪੂਰ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਸ੍ਰੀ ਗੁਰਦਾਸ ਰਾਮ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਅਖਾੜਾ ਮੁੱਲਾਂਪੁਰ ਗਰੀਬਦਾਸ ਦਾ ਪਹਿਲਵਾਨ ਓਲੰਪਿਕ ਖੇਡਾਂ ਵਿੱਚ ਖੇਡ ਕੇ ਦੇਸ਼ ਲਈ ਮੈਡਲ ਜਿੱਤ ਕੇ ਲਿਆਵੇ। ਇਸ ਲਈ ਇਸ ਅਖਾੜੇ ਦੇ ਪਹਿਲਵਾਨਾਂ ਨੂੰ ਵਿਦੇਸ਼ ਤੋਂ ਆਏ ਕੋਚਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ। ਆਸ-ਪਾਸ ਦੇ ਪਿੰਡਾਂ ਦੇ ਅਤੇ ਹੋਰ ਸਟੇਟਾਂ ਤੋਂ ਆਏ ਪਹਿਲਵਾਨ ਬੱਚੇ ਇਸ ਅਖਾੜੇ ਵਿੱਚ ਨਿਰੰਤਰ ਅਭਿਆਸ ਕਰਦੇ ਹਨ। ਇਸ ਮੌਕੇ ਕੁਲਤਾਰ ਪਹਿਲਵਾਨ, ਹੈਪੀ ਪਹਿਲਵਾਨ ਅਤੇ ਅਖਾੜੇ ਦੇ ਹੋਰ ਵੀ ਪ੍ਰਬੰਧਕ ਹਾਜ਼ਰ ਸਨ।

