ਚੰਡੀਗੜ੍ਹ 18 ਫਰਵਰੀ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਕੂਲ ਦਾ ਸਲਾਨਾ ਮੈਗਜ਼ੀਨ ‘ਚਾਨਣ ਮੁਨਾਰਾ’ ਰਿਲੀਜ਼ ਕੀਤਾ ਗਿਆ ਅਤੇ ਹੋਣਹਾਰ ਵਿਦਿਆਰਥੀਆਂ ਸਨਮਾਨਿਤ ਕੀਤਾ ਗਿਆ।


ਪ੍ਰਿੰਸੀਪਲ ਬੰਦਨਾ ਪੁਰੀ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਦੇ ਪਹਿਲੇ ਚਰਨ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਉਪਰੰਤ ਰਾਗੀ ਜਥੇ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਸਕੂਲ ਦੀ ਚੜ੍ਹਦੀ ਕਲਾ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ ਗਈ। ਸਮਾਗਮ ਦੇ ਅਗਲੇ ਚਰਨ ਵਿੱਚ ਸਕੂਲ ਦਾ ਸਲਾਨਾ ਮੈਗਜ਼ੀਨ ‘ਚਾਨਣ ਮੁਨਾਰਾ’ ਦਾ ਤੀਜਾ ਅੰਕ ਰਿਲੀਜ਼ ਕੀਤਾ ਗਿਆ। ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਕਮਲਜੀਤ ਕੌਰ, ਪ੍ਰਿੰਸੀਪਲ ਬੰਦਨਾ ਪੁਰੀ ਤੇ ਸਮੂਹ ਸਟਾਫ਼ ਨੇ ਮੈਗਜ਼ੀਨ ਦੀ ਘੁੰਢ ਚੁਕਾਈ ਕੀਤੀ।
ਸਮਾਗਮ ਦੇ ਅਗਲੇ ਚਰਨ ਵਿੱਚ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖਿਆ ਦੇ ਖੇਤਰ ਵਿੱਚ ਅੱਵਲ ਰਹਿਣ ਲਈ ਵਿਨੀਤ, ਨਿਤੇਸ਼, ਕਿਰਨਦੀਪ ਕੌਰ ਤੇ ਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਜਦਕਿ ਵਿਸ਼ੇਸ਼ ਲੋੜਾਂ ਵਾਲੀਆਂ ਵਿਦਿਆਰਥਣਾਂ ਵਲੋਂ ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਲੋਕ ਨਾਚ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਸਿਮਰਨਜੀਤ ਕੌਰ ਤੇ ਸੁਨੀਤਾ, ਖੇਡਾਂ ਦੇ ਖੇਤਰ ਲਈ ਸਰਬਜੀਤ ਕੌਰ, ਅਨੁਸਾਸ਼ਨ ਲਈ ਅਮਨ, ਤਰਨਜੀਤ ਕੌਰ, ਸੁਖਮਨੀ ਕੌਰ ਤੇ ਰਾਜਵਿੰਦਰ ਕੌਰ ਜਦਕਿ ਹਰਸ਼ਦੀਪ ਕੌਰ ਨੂੰ ਸਰਵੋਤਮ ਵਿਦਿਆਰਥਣ ਵਜੋਂ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਬੰਦਨਾ ਪੁਰੀ ਨੇ ਵਿਦਿਆਰਥੀਆਂ ਵਲੋਂ ਸਿੱਖਿਆ, ਖੇਡਾਂ ਤੇ ਹੋਰਨਾਂ ਖੇਤਰਾਂ ਵਿੱਚ ਨਾਮਣਾ ਖੱਟਣ ਦੀ ਸ਼ਲਾਘਾ ਕੀਤੀ, ਜਦਕਿ ਸਕੂਲ ਦਾ ਮੈਗਜ਼ੀਨ ਤਿਆਰ ਕਰਕੇ ਵਿਦਿਆਰਥੀਆਂ ਨੂੰ ਸਾਹਿਬ ਨਾਲ ਜੋੜਨ ਲਈ ਕੀਤੇ ਉਪਰਾਲੇ ਦੀ ਵੀ ਪ੍ਰਸੰਸਾ ਕੀਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼,ਵਿਦਿਆਰਥੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਫੋਟੋ: ਮੁੰਧੋਂ ਸੰਗਤੀਆਂ ਸਕੂਲ ਦਾ ਮੈਗਜ਼ੀਨ ‘ਚਾਨਣ ਮੁਨਾਰਾ’ ਰਿਲੀਜ਼ ਕਰਦੇ ਪਤਵੰਤੇ।

