ਚੰਡੀਗੜ੍ਹ 23 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਦੇ ਪਿੰਡ ਕਰੌਦਿਆਂ ਵਾਲਾ ਵਿਖੇ ਛਿੰਝ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਜਵਾਹਰ ਸਿੰਘ ਹਰੀਪੁਰ ਵਾਲਿਆਂ ਦੇ ਸਾਲਾਨਾ ਮੇਲੇ ਮੌਕੇ ਤੀਜਾ ਕੁਸਤੀ ਦੰਗਲ ਕਰਵਾਇਆ ਗਿਆ। ਝੰਡੀ ਦੀ ਕੁਸ਼ਤੀ ਪਹਿਲਵਾਨ ਜੰਟੀ ਗੁੱਜਰ ਅਤੇ ਇਰਫਾਨ ਮੁੱਲਾਂਪੁਰ ਵਿਚਕਾਰ ਕਰੀਬ 25 ਮਿੰਟ ਚੱਲਣ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇਸ ਮੁਕਾਬਲੇ ਨੂੰ ਬਰਾਬਰ ਐਲਾਨਿਆ। ਝੰਡੀ ਦੀ ਕੁਸ਼ਤੀ ਲਈ ਜਸਪਾਲ ਚੌਧਰੀ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਦੋਵਾਂ ਪਹਿਲਵਾਨਾਂ ਨੂੰ ਬਰਾਬਰ ਵੰਡਿਆ ਗਿਆ। ਦੂਜੀ ਝੰਡੀ ਵਿੱਚ ਪਹਿਲਵਾਨ ਦੀਪਾ ਮੁੱਲਾਂਪੁਰ ਨੇ ਸੋਨੂੰ ਰਾਈਏਵਾਲ ਨੂੰ ਚਿੱਤ ਕੀਤਾ, ਜਦਕਿ ਪਹਿਲਵਾਨ ਅਮਿਤ ਚੰਡੀਗੜ੍ਹ ਨੇ ਜੀਤੀ ਭੰਬਰਾ ਨੂੰ, ਅਜੈਦੀਪ ਜੀਰਕਪੁਰ ਨੇ ਜਤਿਨ ਨੂੰ ਢਾਹ ਲਿਆ।
ਇਸੇ ਦੌਰਾਨ ਅਸੀਸ ਚੰਡੀਗੜ੍ਹ ਤੇ ਰਿਤਿਕ ਮੁਲਾਂਪੁਰ, ਸੁਭਮ ਤੇ ਨੋਨੂ ਚੰਡੀਗੜ੍ਹ, ਸਬੀਰ ਮਾਛੀਵਾੜਾ ਤੇ ਰਮੀ ਚੰਡੀਗੜ੍ਹ, ਮਨੀ ਨਾਡਾ ਤੇ ਲਾਲੀ ਬਾਗਵਾਲਾ ਪਹਿਲਵਾਨਾਂ ਦੇ ਨਤੀਜੇ ਵੀ ਬਰਾਬਰ ਰਹੇ। ਕਰੀਬ 76 ਸਾਲ ਦੀ ਉਮਰ ਦੇ ਬਜ਼ੁਰਗ ਰਣ ਸਿੰਘ ਰਸਨਹੇੜੀ ਨੇ ਖੇਡ ਮੈਦਾਨ ਵਿੱਚ ਦੌੜ ਲਗਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ। ਰਾਜੇਸ ਧੀਮਾਨ ਨੇ ਕੁਮੈਂਟਰੀ ਕੀਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦੇ ਭਰਾ ਨਵਦੀਪ ਸਿੰਘ ਮਾਨ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸਾਲਾਘਾ ਕੀਤੀ। ਪ੍ਰਬੰਧਕ ਨਸੀਬ ਚੰਦ, ਛੰਮੀ ਰਾਮ, ਛਿੰਦਾ ਸਰਪੰਚ, ਛਿੰਦਾ ਰਾਮ, ਕਰਨੈਲ ਸਿੰਘ, ਮਾਮਰਾਜ ਪੰਚ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ਪਹਿਲਵਾਨਾਂ ਦੀ ਖੂਬ ਹੌਸਲਾ ਅਫ਼ਜ਼ਾਈ ਕਰਦਿਆਂ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਕੀਤਾ।

