ਚੰਡੀਗੜ੍ਹ 3 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੌਲੀ ਕਲੀਨਿਕ ਟਰੱਸਟ ਵੱਲੋਂ ਪਿੰਡ ਪੜ੍ਹਛ ਸਥਿਤ ਕਲੀਨਿਕ ਵਿਖੇ ਮੁਫ਼ਤ ਮਲਟੀਸਪੈਸ਼ਲਿਟੀ ਹੈਲਥ ਚੈਕਅਪ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੇਅਰਮੈਨ ਬਲਵੀਰ ਸਿੰਘ ਨੇ ਦੱਸਿਆ ਕਿ ਫੋਰਟਿਸ ਮੈਡਸੈਂਟਰ ਚੰਡੀਗੜ੍ਹ ਦੀ ਮਾਹਿਰ ਡਾਕਟਰੀ ਟੀਮ ਵੱਲੋਂ 500 ਤੋਂ ਵੱਧ ਗਿਣਤੀ ‘ਚ ਪੁੱਜੇ ਮਰੀਜ਼ਾਂ ਦੀਆਂ ਵੱਖ ਵੱਖ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਟਰੱਸਟ ਵੱਲੋਂ ਮੁਫ਼ਤ ਦਿੱਤੀਆ ਗਈਆ। ਇਸ ਦੌਰਾਨ ਬਿਮਾਰੀਆਂ ਤੋਂ ਪੀੜ੍ਹਤ ਮਰੀਜ਼ਾਂ ਦਾ ਫਾਲੋਅਪ ਇਲਾਜ ਵੀ ਆਪਣੇ ਇਸ ਪੌਲੀਕਲੀਨਿਕ ‘ਚ ਮੁਫ਼ਤ ਕੀਤਾ ਜਾਵੇਗਾ। ਕੈਂਪ ਦੇ ਪ੍ਰਬੰਧਕ ਗੁਰਚਰਨ ਸਿੰਘ ਨੇ ਦੱਸਿਆ ਕਿ 135 ਬਲੱਡ ਸ਼ੂਗਰ ਅਧੀਨ, 135 ਬਲੱਡ ਪ੍ਰੈਸ਼ਰ, 75 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਦੌਰਾਨ 13 ਮਰੀਜ਼ਾਂ ਦੀ ਮੋਤੀਆਂਬਿੰਦ ਦੀ ਸਰਜਰੀ ਲਈ ਪਛਾਣ ਕੀਤੀ ਗਈ, 53 ਮਰੀਜ਼ਾਂ ਦੇ ਦੰਦਾਂ, 14 ਮਰੀਜ਼ਾਂ ਦਾ ਪੀ ਐਫ਼ ਟੀ ਟੈਸਟ, 72 ਮਰੀਜ਼ਾਂ ਦੀ ਆਰਥੋ ਬਿਮਾਰੀਆਂ, 15 ਮਰੀਜ਼ਾਂ ਦੀਆਂ ਦਿਲ ਦੀਆਂ ਬਿਮਾਰੀਆਂ ਅਤੇ 25 ਮਹਿਲਾ ਮਰੀਜ਼ਾਂ ਦੀ ਗਾਇਨੀ ਜਾਂਚ ਕੀਤੀ ਗਈ।
ਟਰੱਸਟ ਦੇ ਸਕੱਤਰ ਜਨਰਲ ਸ੍ਰੀ ਭੁਪਿੰਦਰ ਸਿੰਘ ਆਨੰਦ ਨੇ ਦੱਸਿਆ ਕਿ ਕੈਂਪ ‘ਚ ਸੋਹਾਣਾ ਹਸਪਤਾਲ ਮੋਹਾਲੀ ਤੋਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਟੀਮ ਸਮੇਤ ਮੋਬਾਇਲ ਮੈਮੋਗ੍ਰਾਫੀ ਬੱਸ ਵੀ ਮੌਜੂਦ ਸੀ, ਜਿਸ ਦੌਰਾਨ ਗਾਇਨੀ ਡਾਕਟਰ ਊਸ਼ਾ ਸਚਦੇਵਾ ਦੁਆਰਾ ਸਿਫ਼ਾਰਸ ਕੀਤੀ ਗਈ 40 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦਾ ਕੈਂਸਰ ਬਾਰੇ ਪਤਾ ਲਗਾਉਣ ਲਈ ਮੈਮੋਗ੍ਰਾਫ਼ੀ ਟੈਸਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਡਾ. ਜਾਗ੍ਰਿਤੀ ਬਹੁਗੁਣਾ ਨੇ ਡਾਟਾ ਪ੍ਰਬੰਧਨ ਅਤੇ ਇਕੱਤਰ ਕਰਨ ਵਿੱਚ ਪੈਰਾ ਮੈਡੀਕਲ ਸਟਾਫ਼ ਅਤੇ ਵਲੰਟੀਅਰਾਂ ਦੀ ਟੀਮ ਦਾ ਪ੍ਰਬੰਧਨ ਕੀਤਾ। ਜ਼ਿਕਰਯੋਗ ਹੈ ਕਿ ਸਾਹਿਬਜਾਦਾ ਅਜੀਤ ਸਿੰਘ ਫ਼ਰੀ ਪੌਲੀ ਕਲੀਨਿਕ ਪਿਛਲੇ 25 ਸਾਲ ਤੋਂ ਸਿਵਾਲਿਕ ਹਿੱਲ ਖੇਤਰ ਦੇ 40 ਤੋਂ ਵੱਧ ਪਿੰਡਾਂ ਦੇ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪੌਲੀਕਲੀਨਿਕ ਵਿਖੇ ਡਾਕਟਰਾਂ ਅਤੇ ਪੈਥ ਲੈਬ, ਫਿਜੀਓਥਰੈਪੀ ਅਤੇ ਡੈਂਟਲ ਕਲੀਨਿਕ ਵਰਗੀਆਂ ਸਹੂਲਤਾਂ ਦੀ ਉਪਲਭਤਾ ਸਥਾਨਕ ਪੇਂਡੂ ਖੇਤਰ ਲਈ ਇੱਕ ਵੱਡੀ ਸਹੂਲਤ ਪ੍ਰਦਾਨਤਾ ਹੈ। ਇਸ ਦੌਰਾਨ ਮੁੱਖ ਮਹਿਮਾਨ ਵੱਜੋਂ ਰੁਪਿੰਦਰ ਸਿੰਘ ਅਤੇ ਉਘੇ ਉਦਯੋਗਪਤੀ ਸੁਰਿੰਦਰ ਸਿੰਘ ਬਰਾੜ ਹਾਜ਼ਰ ਸਨ। ਉਨ੍ਹਾਂ ਕੈਂਪ ਪ੍ਰਬੰਧਕਾਂ, ਡਾਕਟਰਾਂ, ਪੈਰਾ ਮੈਡੀਕਲ ਸਟਾਫ਼ ਅਤੇ ਵਲੰਟੀਅਰਾਂ ਦੀ ਹੌਂਸਲਾਂ ਅਫ਼ਜਾਈ ਕੀਤੀ ਅਤੇ ਇਸ ਪੇਂਡੂ ਖੇਤਰ ਦੇ ਲੋਕਾਂ ਲਈ ਨਿਸ਼ਕਾਮ ਡਾਕਟਰੀ ਸਹੂਲਤ ਤੇ ਸੇਵਾ ਪ੍ਰਦਾਨ ਕਰਨ ਲਈ ਟਰੱਸਟੀਆਂ ਦੇ ਉਦਮ ਦੀ ਸ਼ਲਾਘਾਂ ਕੀਤੀ।

