ਚੰਡੀਗੜ੍ਹ 4 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਭਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਤਹਿਸੀਲਦਾਰਾਂ ਵੱਲੋਂ ਤਹਿਸੀਲਾਂ ਵਿੱਚ ਕੰਮ ਠੱਪ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਪੰਜਾਬ ਵੱਲੋਂ ਤਹਿਸੀਲਦਾਰਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸੇ ਦੇ ਚਲਦੇ ਸਬ ਤਹਿਸੀਲ ਮਾਜਰੀ ਵਿਖੇ ਵੀ ਇੱਥੇ ਤਾਇਨਾਤ ਸਬ ਤਹਿਸੀਲਦਾਰ ਦੀਪਕ ਭਾਰਦਵਾਜ ਦੇ ਡਿਊਟੀ ‘ਤੇ ਨਾ ਆਉਣ ਕਰਕੇ ਮੁਹਾਲੀ ਏਡੀਸੀ ਜਰਨਲ ਦੇ ਸਹਾਇਕ ਗੁਰਦੇਵ ਸਿੰਘ ਸੋਹੀ ਨੂੰ ਮਾਜਰੀ ਤਹਿਸੀਲ ਵਿਖੇ ਤਹਿਸੀਲਦਾਰ ਲਾਇਆ ਗਿਆ ਹੈ। ਬੇਸ਼ੱਕ ਮੁੱਖ ਮੰਤਰੀ ਦੇ ਇਸ ਦਬਕੇ ਦੀ ਲੋਕਾਂ ਦੁਆਰਾ ਸਲਾਘਾ ਕੀਤੀ ਜਾ ਰਹੀ ਹੈ ਪਰ ਉੱਚ ਅਧਿਕਾਰੀਆਂ ਦਾ ਭਰਿਸ਼ਟਾਚਾਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਸਿਸਟਮ ਲਈ ਚੰਗੀ ਗੱਲ ਨਹੀਂ ਹੈ। ਗੁਰਦੇਵ ਸਿੰਘ ਸੋਹੀ ਪਹਿਲਾਂ ਵੀ ਮਾਜਰੀ ਵਿਖੇ ਰਜਿਸਟਰੀ ਕਲਰਕ ਦੇ ਤੌਰ ‘ਤੇ ਸੇਵਾ ਨਿਭਾ ਚੁੱਕੇ ਹਨ।
ਇਹਨਾਂ ਦੀ ਇਮਾਨਦਾਰੀ ਅਤੇ ਕੰਮ ਪ੍ਰਤੀ ਲਗਨ ਨੂੰ ਦੇਖਦੇ ਹੋਏ ਜ਼ਿਲ੍ਹੇ ਵਿੱਚੋਂ ਇਹਨਾਂ ਨੂੰ ਮਾਜਰੀ ਵਿਖੇ ਤਹਿਸੀਲਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਨੰਬਰਦਾਰ ਯੂਨੀਅਨ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ, ਸੀਨੀਅਰ ਭਾਜਪਾ ਆਗੂ ਜੈਮਲ ਸਿੰਘ ਮਾਜਰੀ, ਰਾਣਾ ਕੁਸ਼ਲਪਾਲ ਖਿਜਰਾਬਾਦ, ਆਪ ਆਗੂ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਸਾਬਕਾ ਸਰਪੰਚ ਮਦਨ ਸਿੰਘ ਮਾਣਕਪੁਰ ਸ਼ਰੀਫ, ਅਕਾਲੀ ਆਗੂ ਜਸਪਾਲ ਸਿੰਘ ਮਾਵੀ ਵਜ਼ੀਦਪੁਰ, ਨੰਬਰਦਾਰ ਹਰਜਿੰਦਰ ਕੌਰ ਮੀਆਂਪੁਰ ਚੰਗਰ, ਮਨੋਜ ਕੌਸ਼ਲ ਖਿਜਰਾਬਾਦ, ਗੁਰਮੇਲ ਸਿੰਘ ਮੰਡ ਸਮੇਤ ਸਮੂਹ ਤਹਿਸੀਲ ਸਟਾਫ਼ ਨੇ ਨਵੇਂ ਲਾਏ ਤਹਿਸੀਲਦਾਰ ਗੁਰਦੇਵ ਸਿੰਘ ਸੋਹੀ ਨੂੰ ਜੀ ਆਇਆ ਆਖਿਆ ਹੈ।

