ਨਾਮਵਰ ਅਤੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਕੀਤਾ ਗਿਆ ਸਨਮਾਨ
ਚੰਡੀਗੜ੍ਹ 8 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ)):
ਅੱਜ ਸਮਾਜ ਸੇਵੀ,ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਦੀ ਅਗਵਾਈ ਹੇਠ ਦਾਸ ਐਸੋਸੀਏਟ ਦੀ ਟੀਮ ਵੱਲੋਂ ਇਲਾਕੇ ਦੀਆਂ ਨਾਮਵਰ ਅਤੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਮਹਿਲਾਵਾਂ ਦਾ ਮੁੱਲਾਂਪੁਰ ਗਰੀਬਦਾਸ ਵਿਖੇ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿੱਚ ਡਾਕਟਰ, ਅਧਿਆਪਕ, ਖਿਡਾਰਨਾਂ, ਕਲਾਕਾਰ, ਬੈਂਕ ਮੈਨੇਜਰ ਅਤੇ ਘਰੇਲੂ ਕੰਮ ਕਾਰ ਕਰਨ ਵਾਲੀਆਂ ਵੀਹ ਦੇ ਕਰੀਬ ਮਹਿਲਾਵਾਂ ਸ਼ਾਮਲ ਸਨ, ਜਿਨ੍ਹਾਂ ਵਿੱਚ ਸਤਵੰਤ ਕੌਰ ਜੌਹਲ ਜਿਨ੍ਹਾਂ ਨੇ 74 ਸਾਲ ਦੀ ਉਮਰ ਵਿੱਚ ਵਧੀਆ ਅਥਲੀਟ ਵਜੋਂ ਆਪਣੀ ਵੱਖਰੀ ਪਛਾਣ ਬਣਾਈ ਅਤੇ ਹੁਣ ਤੱਕ ਅਠਾਰਾਂ ਗੋਲਡ ਮੈਡਲ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਨ੍ਹਾਂ ਵਿੱਚ ਪੰਜਾਬ, ਭਾਰਤ ਤੋਂ ਇਲਾਵਾ ਬਾਹਰਲੇ ਮੁਲਕਾਂ ਤੋਂ ਵੀ ਜਿੱਤੇ ਮੈਡਲ ਸ਼ਾਮਲ ਹਨ।


ਇਸੇ ਤਰ੍ਹਾਂ ਮਹਿਜ਼ 24 ਸਾਲ ਦੀ ਉਮਰ ਵਿੱਚ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਵਾਲੀ ਜੈਸਲੀਨ ਕੌਰ ਦਾ ਵੀ ਉਸ ਦੀ ਇਸ ਉਪਲਬਧੀ ਨੂੰ ਦੇਖਦਿਆਂ ਸਨਮਾਨ ਕੀਤਾ ਗਿਆ। ਜੈਸਲੀਨ ਦੀ ਛੋਟੀ ਭੈਣ ਅਰਸਲੀਨ ਕੌਰ ਦਾ ਇੱਕ ਵਧੀਆ ਗਾਇਕਾ ਹੋਣ ਤੇ ਸਨਮਾਨ ਕੀਤਾ ਗਿਆ, ਜਿਸ ਵੱਲੋਂ ਭੈਣ ਭਰਾ ਦੇ ਰਿਸ਼ਤੇ ਨੂੰ ਦਰਸਾਉਂਦਾ ਬਹੁਤ ਵਧੀਆ ਪੰਜਾਬੀ ਗੀਤ ਰੱਖੜੀ ਪੇਸ ਕੀਤਾ ਗਿਆ ਸੀ, ਜਿਸ ਨੂੰ ਭਰਵਾਂ ਪਿਆਰ ਮਿਲਿਆ ਸੀ। ਅੱਜ ਦੇ ਪ੍ਰੋਗਰਾਮ ਵਿੱਚ ਵੀ ਇਸ ਗਾਇਕਾ ਵੱਲੋਂ ਲੋਕ ਗੀਤ “ਜੁੱਤੀ ਕਸੂਰੀ ਪੈਰੀਂ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ” ਗਾ ਕੇ ਵਾਹ ਵਾਹ ਖੱਟੀ।
ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕੁਲਵਿੰਦਰ ਕੌਰ ਅਤੇ ਵਿਸ਼ਾਲੀ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਜ ਸੇਵੀ ਵਰਿੰਦਰਜੀਤ ਕੌਰ ਮੁਕਤਸਰ ਸਾਹਿਬ ਦੀ ਧਰਤੀ ਤੋਂ ਉਚੇਚੇ ਤੌਰ ਤੇ ਪੁੱਜੇ। ਉਨ੍ਹਾਂ ਨੂੰ ਵੀ ਰਵੀ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਏਸੇ ਤਰ੍ਹਾਂ ਵੱਖ ਵੱਖ ਬੈਂਕਾਂ ਤੋਂ ਮੈਨੇਜਰ ਮੈਡਮ ਅਲਕਾ (ਆਈ ਬੀ ਡੀ ਆਈ ਬੈਂਕ) ਮੈਡਮ ਗੁਰਪ੍ਰੀਤ ਕੌਰ (ਇਡੋਸਿਨ ਬੈਂਕ) ਤੋਂ ਪੁੱਜੇ।ਇਸ ਮੌਕੇ ਅਖਾੜਾ ਮੁੱਲਾਂਪੁਰ ਗਰੀਬਦਾਸ ਦੀਆਂ ਰੈਸਲਰਾਂ, ਪੂਰਵੀ ਸ਼ਰਮਾ, ਮਹਿਕਪ੍ਰੀਤ, ਦਮਨਪ੍ਰੀਤ, ਸਾਨੀਆ, ਆਸਥਾ, ਰਾਖੀ ਨੂੰ ਦਾਸ ਐਸੋਸੀਏਟ ਵੱਲੋਂ ਦੇਸੀ ਘਿਓ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰਨਾਂ ਵੱਲੋਂ ਪੰਜਾਬ ਸਟੇਟ, ਨੈਸ਼ਨਲ ਗੇਮਾਂ ਵਿਚ ਗੋਲਡ, ਸਿਲਵਰ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਅਖਾੜਾ ਮੁੱਲਾਪੁਰ ਦਾ ਨਾਮ ਰੌਸ਼ਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦਾਸ ਐਸੋਸੀਏਟ ਦੀ ਟੀਮ ਦੀਆਂ ਹੋਣਹਾਰ ਵਰਕਰਾਂ ਹਰਪ੍ਰੀਤ ਕੌਰ, ਸ਼ੋਭਾ ਮੈਡਮ, ਬਿੰਦੂ, ਰੀਟਾ ਅਤੇ ਮਨਦੀਪ ਕੌਰ ਦਾ ਵੀ ਦਫਤਰ ਵਿਚ ਇਮਾਨਦਾਰੀ ਅਤੇ ਅਣਥੱਕ ਮਿਹਨਤ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿੱਥੇ ਸ੍ਰੀ ਰਵੀ ਸ਼ਰਮਾ ਜੀ ਨੇ ਦੱਸਿਆ ਕਿ ਔਰਤ ਬਿਨਾਂ ਘਰ ਅਧੂਰਾ ਹੈ ਓਥੇ ਹੀ ਅੱਜ ਔਰਤ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ ਅਤੇ ਵੱਡੀਆਂ ਉਪਲਵਧੀਆਂ ਹਾਸਲ ਕਰਨ ਵਿੱਚ ਪਿੱਛੇ ਨਹੀਂ ਰਹੀ। ਆਤਮਨਿਰਭਰ, ਸਵੈਮਾਨੀ ਹੋਣਾ ਹੀ ਬਿਹਤਰ ਹੋਣ ਦਾ ਚਿੰਨ੍ਹ ਹੈ ਕਿਉਂਕਿ ਅੱਜ ਹਰੇਕ ਖੇਤਰ ਵਿੱਚ ਔਰਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਇੱਕ ਚੰਗਾ ਕਦਮ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਧੀਆਂ ਨੂੰ ਵੀ ਪੁੱਤਰਾਂ ਵਾਂਗ ਹੀ ਪਿਆਰ ਦਿਓ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੇ ਖੰਭਾਂ ਨੂੰ ਪ੍ਰਵਾਜ਼ ਦਿਓ ਤਾਂ ਜੋ ਧੀਆਂ ਨੂੰ ਧੀਆਂ ਆਤਮ ਨਿਰਭਰ ਬਣ ਕੇ ਆਪਣੇ ਸੁਪਨੇ ਸਾਕਾਰ ਕਰ ਸਕਣ।ਇਸ ਮੌਕੇ ਸ੍ਰੀ ਅਰਵਿੰਦ ਪੁਰੀ ਚੇਅਰਮੈਨ ਪੁਰੀ ਟਰੱਸਟ ਵੱਲੋਂ ਸ੍ਰੀ ਰਵੀ ਸ਼ਰਮਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾ ਹੀ ਔਰਤਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਇਸ ਯਤਨ ਨਾਲ ਉਨ੍ਹਾਂ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ। ਉਨ੍ਹਾਂ ਸਭਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ਤੇਜਪਾਲ ਲਟਾਵਾ ਵੀ ਹਾਜ਼ਰ ਸਨ।

