www.sursaanjh.com > ਅੰਤਰਰਾਸ਼ਟਰੀ > ਭਾਰਤੀ ਕਿਸਾਨਾਂ ਨੂੰ ਅਮਰੀਕੀ ਸੇਬ ਦੀ ਅਣਉਚਿਤ ਦਰਾਮਦ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਦੀ ਲੋੜ: ਕੁਲਤਾਰ ਸਿੰਘ ਸੰਧਵਾਂ

ਭਾਰਤੀ ਕਿਸਾਨਾਂ ਨੂੰ ਅਮਰੀਕੀ ਸੇਬ ਦੀ ਅਣਉਚਿਤ ਦਰਾਮਦ ਤੋਂ ਬਚਾਉਣ ਲਈ ਤੁਰੰਤ ਕਾਰਵਾਈ ਦੀ ਲੋੜ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 12 ਮਾਰਚ:

ਅਮਰੀਕਾ ਵੱਲੋਂ ਰੈਸੀਪ੍ਰੋਕਲ ਟੈਰਿਫ਼ ਨਾਲ ਬਣੀ ਸਥਿਤੀ ਦੇ ਮੱਦੇਨਜ਼ਰ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਭਾਰਤੀ ਬਾਜ਼ਾਰਾਂ ਵਿੱਚ ਸਸਤੇ ਅਮਰੀਕੀ ਸੇਬ ਦੀ ਦਰਾਮਦ ਤੋਂ ਗੰਭੀਰ ਖ਼ਤਰਾ ਦਰਪੇਸ਼ ਹੈ। ਇਸ ਸਬੰਧ ਵਿੱਚ, ਕਸ਼ਮੀਰ ਵੈਲੀ ਫਰੂਟ ਗ੍ਰੋਅਰਜ਼ ਯੂਨੀਅਨ (ਕੇ.ਵੀ.ਐਫ.ਜੀ.ਯੂ.) ਨੇ ਚੇਤਾਵਨੀ ਦਿੱਤੀ ਹੈ ਕਿ ਘੱਟ ਕੀਮਤ ਵਾਲੇ ਸੇਬਾਂ ਦੀ ਇਸ ਆਮਦ ਨਾਲ ਬਾਜ਼ਾਰ ਵਿੱਚ ਅਜਿਹੀ ਸਥਿਤੀ ਬਣ ਜਾਵੇਗੀ ਕਿ ਕੀਮਤਾਂ ਘਟਣ ਨਾਲ ਸੇਬ ਦੀ ਖੇਤੀ ‘ਤੇ ਨਿਰਭਰ 7 ਲੱਖ ਤੋਂ ਵੱਧ ਪਰਿਵਾਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਸਕਦੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਸਰਕਾਰ ਨੂੰ ਭਾਰਤੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਪ੍ਰੋਟੈਕਟਿਵ ਕਾਊਂਟਰ-ਟੈਰਿਫ ਵਰਗੀਆਂ ਮੁੱਖ ਮੰਗਾਂ ਦਾ ਜ਼ਿਕਰ ਕੀਤਾ, ਜਿਸ ਤਹਿਤ ਭਾਰਤੀ ਉਤਪਾਦਕਾਂ ਲਈ ਵਪਾਰ ਵਾਸਤੇ ਬਰਾਬਰ ਮਾਹੌਲ ਯਕੀਨੀ ਬਣਾਉਣ ਲਈ ਅਮਰੀਕੀ ਸੇਬਾਂ ‘ਤੇ ਸਮਾਨ (ਮੈਚਿੰਗ) ਡਿਊਟੀ ਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਸ਼ਾ ਵਿੱਚ ਤੁਰੰਤ ਆਰਥਿਕ ਰਾਹਤ ਦੀ ਲੋੜ ਹੈ, ਜਿਸ ਤਹਿਤ ਕਿਸਾਨਾਂ ਨੂੰ ਹੋਣ ਵਾਲੇ ਆਮਦਨ ਦੇ ਨੁਕਸਾਨ ਨੂੰ ਰੋਕਣ ਅਤੇ ਲਗਾਤਾਰ ਉਤਪਾਦਨ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਮਰੀਕਾ ਨਾਲ ਸਾਰੇ ਵਪਾਰਕ ਸਬੰਧਾਂ ਵਿੱਚ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ਦੀ ਰਾਖੀ ਲਈ ਕਿਸਾਨ-ਪੱਖੀ ਵਪਾਰਕ ਸਮਝੌਤਿਆਂ ਦੀ ਲੋੜ ਹੈ। ਉਨ੍ਹਾਂ ਨੇ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਭੰਡਾਰਨ ਸਹੂਲਤਾਂ ਦੇ ਆਧੁਨਿਕੀਕਰਨ, ਸੂਚਾਰੂ ਆਵਾਜਾਈ ਅਤੇ ਮਾਰਕੀਟ ਪਹੁੰਚ ਦੇ ਨਜ਼ਰੀਏ ਤੋਂ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।

ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡੇ ਕਿਸਾਨ ਭਾਰਤੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਦਾ ਪਸੀਨਾ ਅਤੇ ਸਖ਼ਤ ਮਿਹਨਤ ਦੇਸ਼ ਦਾ ਪਾਲਣ-ਪੋਸ਼ਣ ਕਰਦੇ ਹਨ। ਇਹ ਬਿਲਕੁਲ ਵੀ ਵਾਜਬ ਅਤੇ ਸਵੀਕਾਰਯੋਗ ਨਹੀਂ ਹੈ ਕਿ ਅੰਤਰਰਾਸ਼ਟਰੀ ਵਪਾਰ ਯੁੱਧਾਂ ਕਰਕੇ ਉਨ੍ਹਾਂ ਨੂੰ ਕੋਈ ਮੁਸ਼ਕਿਲ ਦਰਪੇਸ਼ ਆਵੇ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਇਸ ਮਾਮਲੇ ਵਿੱਚ ਦਖਲ ਨਹੀਂ ਦਿੰਦੀ ਤਾਂ ਸਾਡੇ ਲਈ ਰੋਜ਼ੀ-ਰੋਟੀ ਦੇ ਨਾਲ-ਨਾਲ ਆਪਣੀਆਂ ਪੀੜ੍ਹੀਆਂ ਦੀ ਖੇਤੀਬਾੜੀ ਵਿਰਾਸਤ ਨੂੰ ਗੁਆਉਣ ਦਾ ਖ਼ਤਰਾ ਸਾਹਮਣੇ ਖੜ੍ਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਤੋਂ ਉਤਪਾਦਾਂ ਦੀ ਸਸਤੀ ਦਰਾਮਦ ਕੁਝ ਵਪਾਰੀਆਂ ਨੂੰ ਲਾਭ ਪਹੁੰਚਾ ਸਕਦੀ ਹੈ, ਪਰ ਇਸ ਨਾਲ ਅਨੇਕਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਜੀਵਨ ਤਬਾਹ ਹੋ ਜਵੇਗਾ। ਅਸੀਂ ਮੁਨਾਫ਼ੇ-ਅਧਾਰਤ ਨੀਤੀਆਂ ਦੇ ਹੱਥੋਂ ਉਨ੍ਹਾਂ ਕਿਸਾਨਾਂ ਨੂੰ ਕੁਚਲਣ ਨਹੀਂ ਦੇ ਸਕਦੇ ਜੋ ਸਾਡਾ ਢਿੱਡ ਭਰਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਇਹ ਸਿਰਫ਼ ਸੇਬਾਂ ਬਾਰੇ ਨਹੀਂ ਹੈ, ਇਹ ਹਰ ਭਾਰਤੀ ਕਿਸਾਨ ਲਈ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦਾ ਢੁਕਵਾਂ ਮੁੱਲ, ਨਿਰਪੱਖ ਬਾਜ਼ਾਰ ਅਤੇ ਨਿਰਪੱਖ ਮਾਹੌਲ ਮੁਹੱਈਆ ਕਰਵਾਇਆ ਜਾਵੇ। ਸ.  ਸੰਧਵਾਂ ਨੇ ਕਿਹਾ ਕਿ ਮੈਂ ਆਪਣੇ ਕਿਸਾਨਾਂ ਦੇ ਨਾਲ ਖੜ੍ਹਾ ਹਾਂ ਅਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਬਿਨਾਂ ਦੇਰੀ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਵੇ।

Leave a Reply

Your email address will not be published. Required fields are marked *