ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਾਰਚ:
ਅੱਜ ਮਿਤੀ 14.3.2025 ਨੂੰ “ਜੱਗ ਜਿਉਂਦਿਆਂ ਦੇ ਮੇਲੇ ਕਲੱਬ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵੱਲੋਂ ਸੁਖਨਾ ਝੀਲ ਚੰਡੀਗੜ੍ਹ ਵਿੱਖੇ ਹੋਲੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਰੰਧਾਵਾ ਨੇ ਵੱਖ ਵੱਖ ਚੈਨਲਾਂ ਦੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਲੱਬ ਦੀ ਸਥਾਪਨਾ ਸਾਲ 2014 ਵਿੱਚ ਕੀਤੀ ਗਈ ਸੀ। ਉਦੋਂ ਤੋਂ ਹੀ ਇਹ ਕਲੱਬ ਹਰ ਤਰਾਂ ਦੀ ਸਮਾਜ ਸੇਵਾ ਕਰਦਾ ਆ ਰਿਹਾ ਹੈ, ਜਿਸ ਵਿੱਚ ਵੱਖ ਵੱਖ ਸਮਿਆਂ ਦੌਰਾਨ ਖੂਨਦਾਨ ਕੈਂਪ, ਮਰੀਜ਼ਾਂ ਲਈ ਹਸਪਤਾਲਾਂ ਦੇ ਸਾਹਮਣੇ ਲੰਗਰ, ਸੱਭਿਆਚਾਰਕ ਪਰੋਗਰਾਮ ਆਦਿ ਕਰਵਾਏ ਜਾਂਦੇ ਹਨ।


ਇਸ ਹੀ ਲਗਾਤਾਰਤਾ ਵਿੱਚ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੁਖਨਾ ਝੀਲ ਚੰਡੀਗੜ੍ਹ ਵਿੱਖੇ ਹੋਲੀ ਦਾ ਤਿਉਹਾਰ ਮਨਾਇਆ ਗਿਆ। ਢੋਲ ਦੇ ਡਗੇ ‘ਤੇ ਜਦੋਂ ਪੰਜਾਬੀ ਨੱਚੇ ਤਾਂ ਝੀਲ ‘ਤੇ ਘੁੰਮਣ ਆਏ ਲੋਕ ਵੀ ਝੂਮ ਉਠੇ। ਇੱਥੋਂ ਤੱਕ ਕਿ ਚੰਡੀਗੜ੍ਹੀਏ ਸਾਡੇ ਕਲੱਬ ਦੇ ਮੈਂਬਰਾਂ ਦੇ ਨਾਲ ਹੀ ਨੱਚਣ ਲਈ ਮਜਬੂਰ ਹੋ ਗਏ। ਇੱਕ ਵਾਰ ਤਾਂ ਇਉਂ ਜਾਪਣ ਲੱਗਿਆ ਕਿ ਜਿਵੇਂ ਝੀਲ ਦਾ ਪਾਣੀ ਵੀ ਪੰਜਾਬੀ ਗੱਭਰੂਆਂ ਦੇ ਨਾਲ ਹੀ ਨੱਚਣ ਲਈ ਉਮੜ ਉਮੜ ਪੈ ਰਿਹਾ ਹੋਵੇ। ਪੰਜਾਬੀਆਂ ਦੇ ਰਵਾਇਤੀ ਸਾਜ਼ਾਂ ਜਿਵੇਂ ਬੁਗਦੂ, ਅਲਗੋਜ਼ੇ, ਹਰਮੋਨੀਅਮ, ਤੂੰਬੀ, ਢੋਲ ਅਤੇ ਦਿਲਾਂ ਨੂੰ ਧੂਹ ਪਾਉਂਦੀਆਂ ਬੋਲੀਆਂ ਸੁਣ ਕੇ ਚੰਡੀਗੜ੍ਹ ਦੀਆਂ ਸੁਨੱਖੀਆਂ ਮੁਟਿਆਰਾਂ ਵੀ ਆਪਣੇ ਛੋਹਲ਼ੇ ਕਦਮਾਂ ਨਾਲ ਨੱਚਣ ਲੱਗ ਪਈਆਂ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਪੀ.ਟੀ.ਸੀ.ਨਿਉਜ਼ ਦੀ ਸੁਨੱਖੀ ਐਂਕਰ ਪਰੋਗਰਾਮ ਦੀ ਕਵਰੇਜ ਵਿੱਚੇ ਛੱਡ ਕੇ ਸਾਡੇ ਨਾਲ ਹੀ ਨੱਚਣ ਲੱਗ ਪਈ।
ਇਉਂ ਲੱਗ ਰਿਹਾ ਸੀ, ਜਿਵੇ ਸਮੁੱਚਾ ਪੰਜਾਬ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਉਤਰ ਆਇਆ ਹੋਵੇੇ। ਲਖਬੀਰ ਲੱਖੀ, ਭੁਪਿੰਦਰ ਝੱਜ, ਕਮਲ ਸ਼ਰਮਾ, ਦਵਿੰਦਰ ਜੁਗਨੀ, ਗਾਇਕ ਪਰਵਿੰਦਰ ਪੰਮੀ, ਕੁਲਵੰਤ ਸਿੰਘ ਦੀਆਂ ਬੋਲੀਆਂ ਨੇ ਅਸਮਾਨ ਵੀ ਝੂਮਣ ਲਾ ਦਿੱਤਾ। ਕਲੱਬ ਦੇ ਸਰਪਰਸਤ ਪਰਮਦੀਪ ਸਿੰਘ ਭਬਾਤ ਨੇ ਮੀਡੀਆ ਨੂੰ ਕਲੱਬ ਦੀਆਂ ਪਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਸਮੇਂ ਤੱਕ ਸਾਰਾ ਪਰੋਗਰਾਮ ਸਿੱਖਰਾਂ ‘ਤੇ ਪੁੱਜ ਗਿਆ।
ਜ਼ਿਕਰਯੋਗ ਹੈ ਕਿ ਕੁੱਝ ਚੈਨਲਾਂ ਵੱਲੋਂ ਇਹ ਪਰੋਗਰਾਮ ਲਾਈਵ ਦਿਖਾਇਆ ਜਾ ਰਿਹਾ ਸੀ। ਭੀੜ ਇਸ ਪਰੋਗਰਾਮ ਨੂੰ ਵੇਖਣ ਲਈ ਕਾਹਲੀ ਸੀ। ਧੱਕਾਮੁੱਕੀ ਪੈਣ ਕਾਰਨ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਇਸ ਲਾਠੀਚਾਰਜ ਦੀ ਨਿਉਜ਼ ਚੈਨਲ ‘ਤੇ ਵੀ ਨਸ਼ਰ ਹੋਈ। ਇਸ ਤਰਾਂ ਜੱਗ ਜਿਉਂਦਿਆਂ ਦੇ ਮੇਲੇ ਕਲੱਬ ਦਾ ਹੋਲੀ ਦਾ ਤਿਉਹਾਰ ਮਨਾਉਣਾ ਨਾ ਹੋ ਕੇ ਇੱਕ ਵੱਡੇ ਸੱਭਿਆਚਾਰਕ ਮੇਲੇ ਵਿੱਚ ਤਬਦੀਲ ਹੋ ਗਿਆ। ਇਹ ਵੀ ਵਰਣਨਯੋਗ ਹੋਵੇਗਾ ਕਿ ਜਿਉਂ ਜਿਉਂ ਨਿਉਜ਼ ਚੈਨਲ ਵਾਲਿਆਂ ਨੂੰ ਇਸ ਚੱਲ ਰਹੇ ਪਰੋਗਰਾਮ ਦਾ ਪਤਾ ਲੱਗਣ ਲੱਗਿਆ ਤਾਂ ਉਹ ਇਸ ਪਰੋਗਰਾਮ ਦੀ ਕਵਰੇਜ਼ ਕਰਨ ਲਈ ਆਉਂਣੇ ਸ਼ੁਰੂ ਹੋ ਗਏ, ਜਿਸ ਵਿੱਚ ਪੀ.ਟੀ.ਸੀ.ਨਿਉਜ਼, ਨਿਉਜ਼ 18 ਪੰਜਾਬ ਅਤੇ ਹਰਿਆਣਾ, ਡੀ.5, ਡੇਲੀ ਪੋਸਟ ਪੰਜਾਬ ਆਦਿ ਸਨ। ਅੰਤ ਵਿੱਚ ਸਾਰੀ ਟੀਮ ਨੇ ਬੋਲੀਆਂ ਪਾ ਕੇ ਇਸ ਸ਼ਾਨਦਾਰ ਪਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਚਾਹ ਪਾਣੀ ਅਤੇ ਲੰਗਰ ਦਾ ਵਿਸ਼ੇਸ਼ ਪਰਬੰਧ ਕੀਤਾ ਗਿਆ ਸੀ
ਗੁਰਮੀਤ ਸਿੰਗਲ

