ਇਨਸਾਨੀਅਤ ਤੇ ਪਹਿਰਾ ਦੇਣ ਵਾਲੀ ਮਨੁੱਖਤਾ ਨੂੰ ਲੱਖ ਲੱਖ ਵਧਾਈਆਂ
ਇਸ ਮੌਕੇ ਹੋਈ ਇਕੱਤਰਤਾ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਡੀ ਗਿਣਤੀ ਮੈਂਬਰਾਂ ਨੇ ਭਾਗ ਲਿਆ
ਪਟਿਆਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਾਰਚ:
‘ਜਿਸ ਦਿਨ ਦੀ ਉਡੀਕ ਵਿੱਚ ਸਾਰਾ ਸਮਾਜ ਪਿਛਲੇ ਲੱਗਭਗ ਇੱਕ ਮਹੀਨੇ ਤੋਂ ਬੜੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਸੀ, ਆਖ਼ਿਰ ਉਹ ਮੁਕੱਦਸ ਦਿਨ ਮਿਤੀ 13/3/25 ਵੀਰਵਾਰ (ਦੇਸੀ ਸਾਲ ਸੰਮਤ 2081 ਦਾ ਆਖਰੀ ਦਿਨ) ਆਇਆ ਜਦੋਂ ਅੰਬੇਡਕਰ ਊਰਜਾ ਭਵਨ, ਮਾਜਰੀ ਅਕਾਲੀਆਂ ਰੋਡ ਪਿੰਡ ਬਾਰਨ (ਪਟਿਆਲ਼ਾ) ਦੇ ਸਾਹਮਣੇ ਵਾਲੇ 1815 ਵਰਗ ਗਜ਼ ਪਲਾਟ ਦੀ ਰਜਿਸਟਰੀ ਲੋੜਵੰਦਾਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ, ਹੱਕ ਅਤੇ ਇਨਸਾਫ ‘ਤੇ ਪਹਿਰਾ ਦੇਣ ਦੀ ਪਲੈਨਿੰਗ ਕਰਨ ਲਈ, ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਂ ‘ਤੇ ਹੋ ਗਈ ਹੈ। ਇਸ ਕਾਰਜ ਦੇ ਸੰਪੂਰਣ ਹੋਣ ‘ਤੇ ਸਭ ਨੂੰ ਲੱਖ ਲੱਖ ਵਧਾਈਆਂ। ਸੰਤ ਸਮਾਜ, ਧਾਰਮਿਕ/ਸਮਾਜਿਕ ਸਭਾਵਾਂ, ਕਰਮਚਾਰੀ ਅਤੇ ਅਧਿਕਾਰੀ ਜਥੇਬੰਦੀਆਂ ਅਤੇ ਹੋਰ ਸਭ ਭੈਣ-ਭਰਾਵਾਂ ਨੂੰ ਮੁਬਾਰਕਾਂ, ਜਿਨ੍ਹਾਂ ਨੇ ਇਸ ਕਾਰਜ ਲਈ ਆਪਣੀ ਨੇਕ ਕਮਾਈ ਵਿੱਚੋਂ ਆਰਥਿਕ ਸਹਿਯੋਗ ਦਿੱਤਾ ਅਤੇ ਜਿਨ੍ਹਾਂ ਭੈਣ ਭਰਾਵਾਂ ਨੇ ਹਾਅ ਦਾ ਨਾਹਰਾ ਮਾਰਿਆ, ਉਹ ਵੀ ਵਧਾਈ ਦੇ ਬਰਾਬਰ ਦੇ ਹੱਕਦਾਰ ਹਨ।’ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰਧਾਨ ਫ਼ਕੀਰ ਚੰਦ ਜੱਸਲ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਰ ਸਾਂਝ ਡਾਟ ਕਾਮ ਨਾਲ਼ ਕਰਦਿਆਂ ਅਕਾਲ-ਪੁਰਖ ਦਾ ਸ਼ੁਕਰਾਨਾ ਕੀਤਾ। ਵਰਨਣਯੋਗ ਹੈ ਕਿ ਸ੍ਰੀ ਫ਼ਕੀਰ ਚੰਦ ਜੱਸਲ, ਬਿਜਲੀ ਬੋਰਡ ਤੋਂ ਬਤੌਰ ਡਿਪਟੀ ਚੀਫ ਇੰਜੀਨੀਅਰ ਤੋਂ ਸੇਵਾ ਮੁਕਤ ਹਨ ਅਤੇ ਉਨ੍ਹਾਂ ਦੱਬੇ-ਕਚਲੇ ਸਮਾਜ ਅਤੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਸਮਾਜ ਸੇਵੀ ਜਥੇਬੰਦੀ ਪਾਵਰ ਆਫ ਸੋਸ਼ਲ ਯੂਨਿਟੀ ਦੀ ਸਥਾਪਨਾ ਕਰਕੇ ਸਮਾਜਿਕ ਬਰਾਬਰਤਾ ਲਈ ਇੱਕ ਅਭਿਆਨ ਚਲਾਇਆ ਹੋਇਆ ਹੈ।


ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸਾਥੀਆਂ ਨੇ ਲੋੜਵੰਦਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦੇ ਹੋਏ ਆਰਥਿਕ ਸਹਾਇਤਾ ਭੇਜੀ ਅਤੇ ਬਾਕੀ ਸਾਰੇ ਭੈਣਾਂ ਭਰਾਵਾਂ ਜਿਨ੍ਹਾਂ ਨੇ ਇਸ ਕੁੰਭ ਵਿੱਚ ਹਿੱਸਾ ਪਾਇਆ ਪਾਵਰ ਆਫ਼ ਸੋਸ਼ਲ ਯੂਨਿਟੀ ਉਨ੍ਹਾਂ ਭੈਣ ਭਰਾਵਾਂ, ਬਜ਼ੁਰਗਾਂ ਅਤੇ ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਸਾਰੇ ਪਰਿਵਾਰਾਂ ਉੱਪਰ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖੇ ਅਤੇ ਚੜ੍ਹਦੀ ਕਲ੍ਹਾ ਬਖਸ਼ੇ।
ਪਾਵਰ ਆਫ ਸੋਸ਼ਲ ਯੂਨਿਟੀ ਸਾਰੇ ਜ਼ਿਲ੍ਹਾ ਪ੍ਰਧਾਨ ਅਤੇ ਓਹਨਾ ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪੋਸੂ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਸਨਮੁੱਖ ਰੱਖ ਕੇ ਰਜਿਸਟਰੀ ਲਈ ਇੱਕ ਨਿਸ਼ਚਿਤ ਸਮੇਂ ਅੰਦਰ ਵੱਡੀ ਰਕਮ ਦਾ ਪ੍ਰਬੰਧ ਕੀਤਾ, ਜਿਸ ਦਾ ਨਤੀਜਾ ਅੱਜ 1815 ਵਰਗ ਗਜ਼ ਪਲਾਟ ਦੀ ਰਜਿਸਟਰੀ ਗੈਰ ਰਾਜਨੀਤਿਕ ਪਲੇਟਫਾਰਮ ਉਸਾਰਨ ਲਈ ਹੋ ਚੁੱਕੀ ਹੈ, ਜੋ ਕਿ ਭਵਿੱਖ ਵਿੱਚ ਲੋੜਵੰਦ ਬੱਚਿਆਂ ਲਈ ਦੂਰਗਾਮੀ ਯੋਜਨਾਵਾਂ ਅਤੇ ਹਰ ਪਹਿਲੂ ਤੇ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ ਇੱਕ ਬਹੁਤ ਵੱਡਾ ਗੈਰ ਰਾਜਨੀਤਕ ਪਲੇਟਫਾਰਮ ਉਸਰਨ ਦਾ ਮੀਲ ਪੱਥਰ ਸਾਬਤ ਹੋਵੇਗੀ। ਪਾਵਰ ਆਫ ਸੋਸ਼ਲ ਯੂਨਿਟੀ ਦੀ ਸਾਰੀ ਟੀਮ ਆਪਣੇ ਆਪ ਨੂੰ ਬਹੁਤ ਹੀ ਧੰਨਵਾਦੀ ਅਤੇ ਭਾਗਸ਼ਾਲੀ ਸਮਝਦੀ ਹੋਈ ਮਾਣ ਵੀ ਮਹਿਸੂਸ ਕਰਦੀ ਹੈ ਕਿ ਇਨਸਾਨੀਅਤ ਤੇ ਚੱਲਣ ਵਾਲੇ ਹਰ ਪ੍ਰਾਣੀ ਨੇ ਪੋਸੂ ਦੀ ਵਿਚਾਰਧਾਰਾ ਤੇ ਵਿਸ਼ਵਾਸ਼ ਕੀਤਾ ਅਤੇ ਇਸ ਕਾਰਜ ਨੂੰ ਸੰਪੂਰਣ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਸੰਤ ਸਮਾਜ ਵੱਲੋਂ ਬਹੁਤ ਵੱਡਾ ਅਸ਼ੀਰਵਾਦ ਦਾ ਹੱਥ ਜਿੱਥੇ ਟੀਮ ਦੇ ਸਿਰ ‘ਤੇ ਰੱਖਿਆ, ਉੱਥੇ ਆਰਥਿਕ ਪੱਖ ਤੋਂ ਵੀ ਹਰ ਤਰ੍ਹਾਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਸਰ ਨਹੀਂ ਛੱਡੀ ਅਤੇ ਸੰਗਤਾਂ ਨੂੰ ਵੀ ਇਸ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ।
ਪਾਵਰ ਆਫ ਸੋਸ਼ਲ ਯੂਨਿਟੀ ਨੇ “ਅਣਖ ਜਗਾਓ – ਅਜ਼ਾਦੀ ਪਾਓ” ਦੇ ਨਾਂ ਥੱਲੇ ਯਾਤਰਾ 26/2/2023 ਤੋਂ 30/4 /2023 ਤੱਕ ਭੈਣਾ ਭਰਾਵਾਂ ਨਾਲ ਵਿਚਾਰ ਸਾਂਝੇ ਕਰਨ ਲਈ ਪੂਰੇ ਪੰਜਾਬ ਵਿੱਚ ਕੀਤੀ ਸੀ ਅਤੇ ਹੁਣ ਪਲਾਟ ਦਾ ਸਾਈ ਬਿਆਨਾ ਕਰਨ ਤੋਂ ਬਾਅਦ ਇਹ ਦੂਜੀ ਯਾਤਰਾ ਵਿਚਾਰਾਂ ਨੂੰ ਹੋਰ ਵੀ ਗੂੜ੍ਹੀ ਰੰਗਤ ਦਿੰਦੇ ਹੋਏ ਉਹਨਾਂ ਦੇ ਦਿਲਾਂ ਨੂੰ ਟੁੰਬ ਗਈ, ਜਿਸ ਕਰਕੇ ਵੱਡੇ ਪੱਧਰ ਤੇ ਆਰਥਿਕ ਸਹਾਇਤਾ ਦੇਣ ਤੋਂ ਮਿਸ਼ਨਰੀ ਸਾਥੀਆਂ ਨੇ ਗੁਰੇਜ ਨਹੀਂ ਕੀਤੀ। ਪੋਸੂ- ਨਾਮਾ ਦੀ ਟੀਮ ਨੇ ਭੈਣਾਂ ਭਰਾਵਾਂ ਦੇ ਵਿਚਾਰਾਂ ਨੂੰ ਕੈਮਰੇ ਵਿੱਚ ਬੰਦ ਕਰਕੇ ਦੇਸ਼ ਵਿਦੇਸ਼ ਵਿੱਚ ਬੈਠੇ ਦੂਸਰੇ ਭੈਣਾਂ ਭਰਾਵਾਂ ਤੱਕ ਪਹੁੰਚਾਉਣ ਲਈ ਚਾਰ ਚੰਨ ਲਾਏ ਜਿਨ੍ਹਾਂ ਨੂੰ ਦੇਖਦੇ ਹੋਏ ਅਤੇ ਸੁਣਦੇ ਹੋਏ ਉਹ ਕਾਇਲ ਹੋ ਗਏ ਅਤੇ ਪੋਸੂ ਦੀ ਵਿਚਾਰਧਾਰਾ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਜਿੰਨੀ ਵੀ ਸਹਾਇਤਾ ਦਿੱਤੀ ਜਾ ਸਕਦੀ ਸੀ ਉਹਨਾਂ ਨੇ ਦਿਲ ਖੋਲ੍ਹ ਕੇ ਦਿੱਤੀ।
ਖੱਟੇ ਮਿੱਠੇ ਤਜਰਬੇ ਵੀ ਵਿਚਾਰ ਸਾਂਝੇ ਕਰਨ ‘ਤੇ ਮਿਲੇ ਅਤੇ ਜਿਹੜੀ ਅਸਲੀ ਪੜ੍ਹਾਈ ਦੀ ਡਿਗਰੀ ਭੈਣਾਂ ਭਰਾਵਾਂ ਦੇ ਨਾਲ ਵਿਚਾਰ ਸਾਂਝੇ ਕਰਕੇ ਮਿਲਦੀ ਹੈ, ਉਹ ਕਿਤਾਬਾਂ ਵਿੱਚੋਂ ਨਹੀਂ ਪ੍ਰਾਪਤ ਹੋ ਸਕਦੀ, ਕਿਉਂਕਿ ਜੋ ਕਿਤਾਬਾਂ ਲਿਖਦੇ ਹਨ ਉਹ ਲਿਖਣ ਵਾਲੇ ਦੀ ਮਾਨਸਿਕਤਾ ਦੇ ਵਿਚਾਰਾਂ ‘ਤੇ ਨਿਰਭਰ ਕਰਦੀ ਹੈ। ਪਰ ਜੋ ਵਿਚਾਰ ਆਹਮਣੇ-ਸਾਹਮਣੇ ਬੈਠ ਕੇ ਹੁੰਦੇ ਹਨ, ਇਹ ਗੁਰੂਆਂ ਦੇ ਦੱਸੇ ਹੋਏ ਮਾਰਗ ਨੂੰ ਸਿੱਧ ਕਰਦੇ ਹਨ ਕਿ ਅਸਲੀ ਰਿਸ਼ਤਾ ਵਿਚਾਰਾਂ ਦਾ ਹੈ, ਖੂਨ ਜਾਂ ਰਿਸ਼ਤੇਦਾਰੀ ਦਾ ਨਹੀਂ। ਪਾਵਰ ਆਫ ਸੋਸ਼ਲ ਯੂਨਿਟੀ ਆਉਣ ਵਾਲੇ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਵਿਚਾਰਧਾਰਾ ਨੂੰ ਹਰ ਪਲੇਟਫਾਰਮ ‘ਤੇ ਰੱਖਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਹਿਮ ਭਰਮ ਦੂਰ ਕਰਕੇ ਇੱਕ ਅਜਿਹੀ ਸ਼ਕਤੀ ਇਕੱਠੀ ਕੀਤੀ ਜਾ ਸਕੇ, ਜਿਸ ਸ਼ਕਤੀ ਦੇ ਅੱਗੇ ਹਰ ਹਾਕਮ ਦੀ ਮਜਬੂਰੀ ਨਤ-ਮਸਤਕ ਹੋਣ ਲਈ ਬਣ ਜਾਵੇ। ਅਖੀਰ ‘ਤੇ ਪਾਵਰ ਆਫ ਸੋਸ਼ਲ ਯੂਨਿਟੀ ਸਭ ਦਾ ਧੰਨਵਾਦ ਕਰਦੀ ਹੋਈ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦੀ ਹੋਈ ਆਸ ਕਰਦੀ ਹੈ ਕਿ ਆਪਾਂ ਏਕੇ ਦਾ ਸਬੂਤ ਦਿੰਦੇ ਹੋਏ ਲੋੜਵੰਦਾਂ ਲਈ ਇਸ ਮਾਣਸ ਜਨਮ ਵਿੱਚ ਅਜਿਹਾ ਰਸਤਾ ਕਾਇਮ ਕਰ ਦਈਏ, ਜਿਸ ਦੀ ਇਸ ਸਮੇਂ ਅਤਿਅੰਤ ਲੋੜ ਹੈ ਤਾਂ ਕਿ ਸਦਾ ਲਈ ਗੁਲਾਮੀ ਦੀਆਂ ਜੰਜੀਰਾਂ ਟੁੱਟ ਜਾਣ।
ਫ਼ਕੀਰ ਚੰਦ ਜੱਸਲ, ਪ੍ਰਧਾਨ ਪਾਵਰ ਆਫ਼ ਸੋਸ਼ਲ ਯੂਨਿਟੀ।

