ਪੈਰਾਂ ਥੱਲ੍ਹੇ ਤਪਦੀ ਰੇਤਾ ਸਿਰ ਥੋਹਰਾਂ ਦੀਆਂ ਛਾਵਾਂ।
ਹਿੱਸੇ ਆਈ ਇਸ ਧਰਤੀ ਵਿਚ ਕਿਹੜੇ ਫੁੱਲ ਉਗਾਵਾਂ।
ਨਾ ਵਰ੍ਹਦੀ ਬਦਲੋਟੀ ਆਈ ਕਦੇ ਵੀ ਸਾਡੇ ਹਿੱਸੇ,
ਲੂਹ-ਲੂਹ ਜਾਵਣ ਜਿਸਮ ਆਸਾਡਾ ਵਗਦੀਆਂ ਗਰਮ ਹਵਾਵਾਂ।


ਓਬੜ -ਖਾਬੜ ਰਾਹਾਂ ਦੇ ਵਿਚ ਉੱਗੇ ਭੱਖੜੇ, ਪੋਹਲੀ,
ਜ਼ਿੰਦ ਨਿਮਾਣੀ ਲੈਂਦੀ ਫਿਰਦੀ ਮਲ੍ਹਿਆਂ ਵਿਚ ਪਨ੍ਹਾਵਾਂ।
ਸਾਡੇ ਭਾਗੀਂ ਮਿਹਨਤ ਹੈ ਪਰ ਹਾਸਿਲ ਦੇ ਵਿਚ ਭੁੱਖਾਂ,
ਲੂਆਂ ਦੇ ਵਿਚ ਮੱਚਦੇ ਕਿਰਤੀ ਦੀ ਮੈਂ ਜੂਨ ਹੰਢਾਵਾਂ।
ਕੱਲਰਾਂ ਦੇ ਨਾ ਭਾਗ ‘ਚ ਜੀਕਣ ਹੁੰਦੀਆਂ ਨੇ ਖੁਸ਼ਬੋਆਂ,
ਮੈਂ ਕੱਲਰਾਂ ਦਾ ਸਾਥੀ ਮੇਰੀਆਂ ਲੂਸੀਆਂ ਕੁੱਲ ਇੱਛਾਵਾਂ।
ਦੂਰ-ਦੂਰ ਤੱਕ ਸਾਡੇ ਰਾਹੀਂ ਮ੍ਰਿਗ ਤ੍ਰਿਸ਼ਨਾ ਦਾ ਵਾਸਾ,
ਨੇੜਿਓਂ ਹੋ ਕੇ ਜਲ ਵੇਖਣ ਲਈ ਤਰਸਣ ਇਹ ਨਿਗਾਵਾਂ।
ਫਰਜ਼ਾਂ ਗਰਜ਼ਾਂ ਨੇ ਜਿਹੜੇ ਘਰ’ਪਾਰਸ’ ਹੋਵਣ ਦੱਬੇ,
ਸ਼ੌਂਕ ਨਿਖੁਥੜੇ ਨੂੰ ਕੋਈ ਦੱਸੇ ਕੀ ਘਰ ਦਾ ਸਿਰਨਾਵਾਂ।
ਪ੍ਰਤਾਪ “ਪਾਰਸ” ਗੁਰਦਾਸਪੁਰੀ, 787/10 ਪ੍ਰੇਮ ਨਗਰ, ਹਰਦੋਛੰਨੀ ਰੋਡ ਗੁਰਦਾਸਪੁਰ, ਫੋਨ 9988811681

