ਅਸੀਂ ਪੰਜਾਬ ਸਾਹਿਤ ਦੇ ਪਾਠਕ ਪੈਦਾ ਕਰਨ ਤੇ ਲੇਖਕ ਪਾਠਕ ਦਾ ਰਿਸ਼ਤਾ ਹੋਰ ਪੀਡਾ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਹੈ – ਅਮਰਜੀਤ ਚਾਹਲ-ਸਰਬਜੀਤ ਹੁੰਦਲ
ਕਿਤਾਬਾਂ ਹੀ ਇਕ ਪਾਠਕ ਨੂੰ ਚੰਗਾ ਮਨੁੱਖ ਬਣਾਉਂਦੀਆਂ ਹਨ – ਸਤਨਾਮ ਸ਼ੋਕਰ
ਕਿਤਾਬਾਂ ਲਿਖਣ ਵਾਲੇ ਲੇਖਕ ਇਨਕਲਾਬ ਦਾ ਮੁੱਢ ਬੰਨ੍ਹਦੇ ਹਨ – ਪਰਦੀਪ ਸਿੰਘ
ਜਲੰਧਰ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ),


ਬੀਤੇ ਦਿਨੀਂ ਆਦਾਰਾ ‘ਕਹਾਣੀ ਧਾਰਾ’ ਤੇ ਪੰਜਾਬੀ ਸਾਹਿਤਕ ਸਭਿਆਚਾਰਕ ਵਿਚਾਰ ਮੰਚ, ਸਰੀ ਵੱਲੋਂ ਵਿਰਸਾ ਵਿਹਾਰ ਜਲੰਧਰ ਵਿਖੇ ਸਤਨਾਮ ਸਿੰਘ ਸ਼ੋਕਰ ਤੇ ਪਰਦੀਪ ਸਿੰਘ ਨੂੰ ਨਗਦ ਰਾਸ਼ੀ, ਸਨਮਾਨ ਪੱਤਰ ਤੇ ਛੇ ਹਜ਼ਾਰ ਰੁਪਏ ਦੀਆਂ ਕਿਤਾਬਾਂ ਨਾਲ ‘ਪਾਠਕ ਪੁਰਸਕਾਰ’ ਦੇ ਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਪੁਰਸਕਾਰ ਦੇ ਸੰਚਾਲਕ ਅਮਰਜੀਤ ਚਾਹਲ ਤੇ ਸਰਬਜੀਤ ਹੁੰਦਲ ਨੇ ਕਿਹਾ ਕਿ ਅਸੀਂ ਪੰਜਾਬ ਸਾਹਿਤ ਦੇ ਪਾਠਕ ਪੈਦਾ ਕਰਨ ਤੇ ਲੇਖਕ ਪਾਠਕ ਦਾ ਰਿਸ਼ਤਾ ਹੋਰ ਪੀਡਾ ਕਰਨ ਲਈ ਇਹ ਪੁਰਸਕਾਰ ਸ਼ੁਰੂ ਕੀਤਾ ਹੈ। ਪੁਰਸਕਾਰ ਵਿਜੇਤਾ ਸਤਨਾਮ ਸ਼ੋਕਰ ਨੇ ਕਿਹਾ ਕਿ ਮੈਨੂੰ ਇਕ ਚੰਗਾ ਇਨਸਾਨ ਕਿਤਾਬਾਂ ਨੇ ਹੀ ਬਣਾਇਆ ਹੈ। ਕਿਤਾਬਾਂ ਹੀ ਇਕ ਪਾਠਕ ਨੂੰ ਚੰਗਾ ਮਨੁੱਖ ਬਣਾਉਂਦੀਆਂ ਹਨ। ਦੂਜੇ ਵਿਜੇਤਾ ਪਰਦੀਪ ਸਿੰਘ ਨੇ ਕਿਹਾ ਕਿ ਜੇ ਕਿਸੇ ਨੇ ਮੇਰੀ ਜ਼ਿੰਦਗੀ ਬਦਲੀ ਹੈ ਤਾਂ ਉਹ ਕਿਤਾਬਾਂ ਨੇ ਬਦਲੀ ਹੈ। ਕਿਤਾਬਾਂ ਲਿਖਣ ਵਾਲੇ ਲੇਖਕ ਇਨਕਲਾਬ ਦਾ ਮੁੱਢ ਬੰਨ੍ਹਦੇ ਨੇ। ਮੈਨੂੰ ਅੱਜ ਏਥੇ ਆ ਕੇ ਪਤਾ ਲੱਗਾ ਕਿ ਪਾਠਕ ਬੜੀ ਮਹਾਨ ਚੀਜ਼ ਹੁੰਦੇ ਨੇ। ਇਹ ਪੁਰਸਕਾਰ ਸਾਨੂੰ ਦੋ ਜਾਣਿਆ ਨੂੰ ਨਹੀਂ ਬਲਕਿ ਪੂਰੇ ਪੰਜਾਬੀ ਪਾਠਕ ਵਰਗ ਨੂੰ ਮਿਲਿਆ ਹੈ। ਸਨਮਾਨਤ ਪਾਠਕਾਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਪੱਤਰ ਕ੍ਰਮਵਾਰ ਰਕੇਸ਼ ਆਨੰਦ ਤੇ ਸਰੋਜ ਨੇ ਪੜ੍ਹੇ।
‘ਪੁਸਤਕ ਸੱਭਿਆਚਾਰ ਤੇ ਪੜ੍ਹਨ ਰੁਚੀ ਦਾ ਰੁਝਾਨ’ ‘ਤੇ ਡਾ. ਬਲਦੇਵ ਸਿੰਘ ‘ਬੱਦਨ’ ਤੇ ਪ੍ਰੋ. ਸੁਰਜੀਤ ਜੱਜ ਨੇ ਵਿਸ਼ੇਸ਼ ਭਾਸ਼ਣ ਦਿੱਤੇ। ਡਾ. ਬੱਦਨ ਨੇ ਆਪਣੇ ਭਾਸ਼ਣ ਵਿੱਚ ਪੁਸਤਕ ਕਲਚਰ ਬਾਰੇ ਖੁੱਲ੍ਹ ਕੇ ਗੱਲਾਂ ਕਰਦਿਆਂ ਪ੍ਰਕਾਸ਼ਕਾਂ ਦੀ ਲੁੱਟ, ਪੁਸਤਕਾਂ ਦੀ ਥੋਕ ਖਰੀਦ-ਵੇਚ ਦਾ ਸੰਕਟ ਅਤੇ ਪੁਸਤਕਾਂ ਦੇ ਮਹੱਤਵ ਬਾਰੇ ਵਿਸਥਾਰ ਨਾਲ ਹਵਾਲਿਆਂ ਸਹਿਤ ਚਰਚਾ ਕੀਤੀ। ਦੂਜੇ ਬੁਲਾਰੇ ਪ੍ਰੋ. ਸੁਰਜੀਤ ਜੱਜ ਨੇ ਆਪਣੇ ਭਾਸ਼ਣ ਵਿੱਚ ਸੱਤਾ ਪ੍ਰਾਪਤ ਸਰਕਾਰਾਂ ਨੂੰ ਲੰਮੇ ਹੱਥੀਂ ਲਿਆ ਜੋ ਲਾਇਬਰੇਰੀਆਂ ਨੂੰ ਤਬਾਹ ਕਰਨ ਲੱਗੀਆਂ ਹੋਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਤਾਬੀ ਕਲਚਰ ਪੈਦਾ ਕਰਨ ਲਈ ਪੜ੍ਹਨ, ਲਿਖਣ ਤੇ ਕਿਤਾਬਾਂ ਛਾਪਣ ਵਾਲਿਆਂ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਪੁਸਤਕ ਕਲਚਰ ਉਸਰ ਸਕੇਗਾ। ਕਿਤਾਬਾਂ ਲੋਕ ਲਹਿਰਾਂ ਪੈਦਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਮੰਨਿਆਂ ਕਿ ਚੰਗੀਆਂ ਕਿਤਾਬਾਂ ਦੀ ਛਪਣ ਤੇ ਵਿਕਣ ਗਿਣਤੀ ਵਧੀ ਹੈ। ਪੁਰਸਕਾਰ ਕਨਵੀਨਰ ਤੇ ਮੰਚ ਸੰਚਾਲਕ ਭਗਵੰਤ ਰਸੂਲਪੁਰੀ ਨੇ ‘ਪਾਠਕ ਪੁਰਸਕਾਰ’ ਦੀ ਚੋਣ ਵਿਧੀ ਉਨ੍ਹਾਂ ਦੇ ਨਿਯਮ ਤੇ ਸ਼ਰਤਾਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਦੋ ਸਨਮਾਨਤ ਪਾਠਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਉਹ ਕਿਸ ਤਰ੍ਹਾਂ ਦੀਆਂ, ਕਿਵੇਂ ਤੇ ਕਿਉਂ ਕਿਤਾਬਾਂ ਪੜ੍ਹਦੇ ਹਨ। ਇਹ ਪਾਠਕ ਤਿੰਨ ਤੋਂ ਚਾਰ ਦਹਾਕਿਆਂ ਤੋਂ ਕਿਤਾਬਾਂ ਪੜ੍ਹਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਨਮਾਨਤ ਪਾਠਕਾਂ ਨੇ ਆਪਣੇ ਘਰਾਂ ਵਿੱਚ ਆਪਣੀਆਂ ਨਿੱਜੀ ਲਾਇਬਰੇਰੀਆਂ ਬਣਾਈਆਂ ਹੋਈਆਂ ਹਨ ਤੇ ਉਹ ਕਿਤਾਬਾਂ ਖਰੀਦ ਕੇ ਪੜ੍ਹਦੇ ਹਨ। ਸਮੇਂ ਸਮੇਂ ਆਪਣੀ ਪਸੰਦ ਦੀਆਂ ਚੰਗੀਆਂ ਕਿਤਾਬਾਂ ਦੀ ਖਰੀਦ ਕਰਦੇ ਰਹਿੰਦੇ ਨੇ।
ਇਸ ਸਮਾਗਮ ਵਿੱਚ ਸਰੂਪ ਸਿਆਲਵੀ, ਪਰਮਜੀਤ ਮਾਨ, ਸੁਰਜੀਤ ਸੁਮਨ, ਦਰਸ਼ਨ ਸਿੰਘ, ਅਵਤਾਰ ਨਗਲ਼ੀਆ, ਜੇ.ਐਸ. ਮਹਿਰਾ, ਮੋਹਨ ਲਾਲ ਫਿਲੌਰੀਆ, ਗੁਰਮੀਤ, ਮੱਖਣ ਮਾਨ, ਬਿੰਦਰ ਬਸਰਾ, ਡਾ. ਕਰਮਜੀਤ ਨਡਾਲਾ, ਰਜਿੰਦਰ ਬਿਮਲ, ਜੋਗਿੰਦਰ ਪਾਲ ਮਾਨ, ਹਰਮੇਸ਼ ਮਾਲੜੀ, ਅਜੈ ਸ਼ਰਮਾ, ਰੀਤੂ ਕਲਸੀ, ਪ੍ਰੋ. ਲਾਲ ਬਹਾਦਰ, ਡਾ. ਬਲਵਿੰਦਰ ਥਿੰਦ, ਰਛਪਾਲ ਸਿੰਘ ਬੱਧਨ, ਜਗਦੀਸ਼ ਰਾਣਾ, ਕਰਮਵੀਰ ਸੰਧੂ, ਰਮੇਸ਼ ਚੋਹਕਾ, ਰੌਸ਼ਨ ਭਾਰਤੀ ਸਮੇਤ ਭਰਵੀਂ ਹਾਜ਼ਰੀ ਵਿੱਚ ਲੇਖਕ, ਪਾਠਕ ਪਹੁੰਚੇ।
ਵਲੋਂ – ਭਗਵੰਤ ਰਸੂਲਪੁਰੀ, 94170-64350
ਫੋਟੋ ਕੈਪਸ਼ਨ – ਸਤਨਾਮ ਸ਼ੋਕਰ ਤੇ ਪਰਮਜੀਤ ਸਿੰਘ ਨੂੰ ‘ਪਾਠਕ ਪੁਰਸਕਾਰ ਦਿੰਦੇ ਹੋਏ ਬਲਦੇਵ ਬੱਦਨ, ਸੁਰਜੀਤ ਜੱਜ, ਅਮਰਜੀਤ ਚਾਹਲ, ਸਰਬਜੀਤ ਹੁੰਦਲ, ਭਗਵੰਤ ਰਸੂਲਪੁਰੀ ਤੇ ਹੋਰ ਲੇਖਕ

