ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 31 ਮਾਰਚ:
ਪੰਜਾਬੀ ਦੇ ਪ੍ਰਸਿੱਧ ਕਥਾਕਾਰ ਪ੍ਰੇਮ ਪ੍ਰਕਾਸ਼ ਦਾ ਅੱਜ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਕਰ ਦਿੱਤਾ ਗਿਆ। ਪ੍ਰੇਮ ਪ੍ਰਕਾਸ਼ ਦੇ ਪੁੱਤਰ ਜਯੋਤੀ ਕਿਰਨ ਦਿਓੜਾ ਨੇ ਦੱਸਿਆ ਕਿ ਪ੍ਰੇਮ ਪ੍ਰਕਾਸ਼ ਦੀ ਰਸਮ ਕਿਰਿਆ ਗੀਤਾ ਮੰਦਰ ਜਲੰਧਰ ਵਿਖੇ ਮਿਤੀ 11 ਅਪ੍ਰੈਲ ਨੂੰ ਦੁਪਹਿਰ ਇਕ ਤੋਂ ਦੋ ਵਜੇ ਹੋਵੇਗੀ।


ਚੇਤੇ ਰਹੇ ਪ੍ਰਸਿੱਧ ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਜੇ ਬੀ ਟੀ, ਗਿਆਨੀ, ਡਿਪਲੋਮਾ ਇਨ ਜਰਨਲਿਜ਼ਮ, ਐਮ ਏ ਉਰਦੂ ਕਰਨ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਰੰਧਾਵਾ ਮਸੰਦਾਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਟੀ ‘ਚ ਅਧਿਆਪਕ ਫਿਰ ਜਲੰਧਰ ਦੇ ਉਰਦੂ ਅਖਬਾਰ ਰੋਜ਼ਾਨਾ ਮਿਲਾਪ ਤੇ ਰੋਜ਼ਾਨਾ ਹਿੰਦ ਸਮਾਚਾਰ ‘ਚ ਸਬ ਐਡੀਟਰੀ ਤੋਂ ਬਾਅਦ 1990 ਤੋਂ ਸਾਹਿਤਕ ਪਰਚਾ ‘ਲਕੀਰ’ ਕੱਢਦੇ ਰਹੇ। ਉਨ੍ਹਾਂ ਦੀਆਂ ਛਪੀਆਂ ਪੁਸਤਕਾਂ ਕੱਚਕੜੇ 1966, ਨਮਾਜ਼ੀ 1971, ਮੁਕਤੀ 1980, ਸ਼ਵੇਤਾਂਬਰ ਨੇ ਕਿਹਾ ਸੀ 1983, ਕੁਝ ਅਣਕਿਹਾ ਵੀ 1990, ਰੰਗਮੰਚ ‘ਤੇ ਭਿਕਸ਼ੂ 1995, ਸੁਣਦੈਂ ਖਲੀਫਾ 2001 ਤੋਂ ਇਲਾਵਾ ਇਕ ਦਰਜਨ ਪੁਸਤਕਾਂ ਦਾ ਅਨੁਵਾਦ ਕੀਤਾ। ਪੰਜਾਬ ਸਾਹਿਤ ਅਕਾਦਮੀ 1982, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਭਾਈ ਵੀਰ ਸਿੰਘ ਵਾਰਤਕ ਪੁਰਸਕਾਰ 1986, ਸਾਹਿਤਯ ਅਕਾਦਮੀ, ਦਿੱਲੀ 1992, ਪੰਜਾਬੀ ਅਕਾਦਮੀ, ਦਿੱਲੀ 1994, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ 1996, ਸ਼੍ਰੋਮਣੀ ਸਾਹਿਤਕਾਰ, ਭਾਸ਼ਾ ਵਿਭਾਗ ਪੰਜਾਬ 2002 ਆਦਿ ਵਕਾਰੀ ਐਵਾਰਡ ਮਿਲੇ।
ਪ੍ਰੇਮ ਪ੍ਰਕਾਸ਼ ਦਾ ਸੰਸਕਾਰ ਅੱਜ ਮਾਡਲ ਟਾਊਨ ਦੇ ਸ਼ਾਮਸ਼ਾਨ ਘਾਟ ਵਿਖੇ ਸਵੇਰੇ 11 ਵਜੇ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਜਯੋਤੀ ਕਿਰਨ ਦਿਓੜਾ ਨੇ ਦਿੱਤੀ। ਉਨ੍ਹਾਂ ਦੀ ਅੰਤਮ ਯਾਤਰਾ ਵਿੱਚ ਉਨ੍ਹਾਂ ਦੀਆਂ ਦੋ ਧੀਆਂ ਸੁਮਨ ਸੁਰਭੀ, ਸੁਜਾਤਾ, ਉਨ੍ਹਾਂ ਦੀ ਨੂੰਹ, ਪੋਤਾ ਅਭਿਸ਼ੇਕ, ਦੀਖਸ਼ਾ ਸਮੇਤ ਉਨ੍ਹਾਂ ਦੇ ਭਰਾ ਤੇ ਰਿਸ਼ਤੇਦਾਰ ਸ਼ਾਮਿਲ ਹੋਏ। ਇਸ ਤੋਂ ਇਲਾਵਾ ਪ੍ਰੇਮ ਪ੍ਰਕਾਸ਼ ਦੇ ਸੰਸਕਾਰ ਉੱਤੇ ਪੰਜਾਬੀ ਦੇ ਸਾਹਿਤਕਾਰ ਜਸਵੰਤ ਦੀਦ, ਜਿੰਦਰ, ਭਗਵੰਤ ਰਸੂਲਪੁਰੀ, ਬਿੰਦਰ ਬਸਰਾ, ਰਕੇਸ਼ ਆਨੰਦ, ਡਾ. ਕੁਲਵੰਤ ਸੰਧੂ, ਡਾ. ਸੁਖਪਾਲ ਸਿੰਘ ਥਿੰਦ, ਡਾ. ਗੋਪਾਲ ਸਿੰਘ ਬੁੱਟਰ, ਸੁਸ਼ੀਲ ਦੁਸਾਂਝ, ਵਿਸ਼ਾਲ, ਦਰਸ਼ਨ ਬੁੱਟਰ, ਗੁਰਮੀਤ, ਸਤਨਾਮ ਮਾਣਕ, ਦੀਪ ਦਵਿੰਦਰ ਅਤੇ ਹੋਰ ਬਹੁਤ ਸਾਰੇ ਲੇਖਕ, ਪੱਤਰਕਾਰ ਤੇ ਉਸ ਦੇ ਪਾਠਕ ਪਹੁੰਚੇ। ਪ੍ਰੇਮ ਪ੍ਰਕਾਸ਼ ਦੇ ਅਚਨਚੇਤ ਦੇਹਾਂਤ ਉੱਤੇ ਸਾਹਿਤਕ ਅਤੇ ਸਭਿਆਚਾਰਕ ਸੰਸਥਾ ਫੁਲਕਾਰੀ ਅਤੇ ਮਾਨਵਵਾਦੀ ਰਚਨਾ ਮੰਚ ਦੇ ਜਨਰਲ ਸਕੱਤਰ ਮੱਖਣ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

