ਚੰਡੀਗੜ੍ਹ 31 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਬੂਥਗੜ੍ਹ ਦੇ ਕੁਰਾਲੀ – ਸਿਸਵਾਂ ਰੋਡ ‘ਤੇ ਬੀਤੀ ਰਾਤ ਭਿਆਨਕ ਸੜ੍ਹਕ ਹਾਦਸੇ ਵਿਚ ਦੋ ਨੌਜਵਾਨਾਂ ਤੇ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਜਰੀ ਥਾਣਾ ਦੇ ਏ.ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਲੰਘੀ ਰਾਤ ਹੋਏ ਹਾਦਸੇ ਵਿਚ ਸੁਭਮ ਜਾਮਵਾਲ (25) ਪੱਲਮਪੁਰ ਕਾਂਗੜਾ ਹਿਮਾਚਲ, ਰੁਬੀਨਾ (24) ਹਿਸਾਰ ਹਰਿਆਣਾ, ਸੋਰਵ ਪਾਂਡੇ (26) ਮਲੋਆ ਚੰਡੀਗੜ੍ਹ ਅਤੇ ਮਨਵਿੰਦਰ ਤਿਵਾਰੀ (24 ਸਾਲ) ਵਾਸੀ ਮਕਾਨ ਨੰਬਰ 262 ਨਿਊ ਕਲੌਨੀ ਖੁੱਡਾ ਲਹੌਰਾ ਯੂ ਟੀ ਚੰਡੀਗੜ੍ਹ ਜੋ ਉਪਰੋਕਤ ਸਾਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਪੜ੍ਹਦੇ ਸਨ ਅਤੇ ਬੀਤੀ ਰਾਤ ਲਗਭਗ 10:15 ਵਜੇ ਆਰਟਿਕਾ ਕਾਰ ਵਿਚ ਚੰਡੀਗੜ੍ਹ ਤੋਂ ਕੁਰਾਲੀ ਵਾਲੀ ਸਾਈਡ ਆਪਣੇ ਦੋਸਤ ਨੂੰ ਲੈਣ ਜਾ ਰਹੇ ਸਨ।
ਦੱਸਣਯੋਗ ਹੈ ਕਿ ਜਦੋ ਇਹ ਬੂਥਗੜ੍ਹ ਟੀ ਪੁਆਇੰਟ ਲਾਈਟਾਂ ‘ਤੇ ਪਹੁੰਚੇ ਤਾਂ ਉੱਥੇ ਬਣੇ ਸਪੀਡ ਬਰੈਕਰ ‘ਤੇ ਗੱਡੀ ਬੇਕਾਬੂ ਹੋ ਗਈ ਅਤੇ ਡਿਵਾਈਡਰ ਦੇ ਉੱਪਰੋਂ ਤਿੰਨ ਚਾਰ ਪਲਟੀਆਂ ਖਾ ਕੇ ਡਿੱਗ ਗਈ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਇਸ ਕਾਰਨ ਉਕਤ ਚਾਰੋ ਕਾਰ ਸਵਾਰ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਸੁਭਮ ਜਾਮਵਾਲ, ਰੁਬੀਨਾ ਅਤੇ ਸੋਰਵ ਪਾਂਡੇ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਮਨਵਿੰਦਰ ਤਿਵਾਰੀ ਗੰਭੀਰ ਹਾਲਤ ਵਿਚ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ ਹੈ। ਹਾਦਸਾ ਐਨਾ ਭਿਆਨਕ ਸੀ ਕਿ ਦੇਖ ਕੇ ਡਰ ਲੱਗਦਾ ਸੀ। ਦੱਸ ਦਈਏ ਕਿ ਮਾੜੇ ਸਿਸਟਮ ਦੇ ਕੰਮ ਅਜਿਹੇ ਨੇ ਕਿ ਇੱਥੇ ਲੱਗੀਆਂ ਨਾ ਲਾਈਟਾਂ ਚੱਲਦੀਆਂ ਹਨ ਅਤੇ ਨਾ ਹੀ ਕੈਮਰੇ ਚੱਲਦੇ ਹਨ। ਭਰ ਜਵਾਨੀ ਵਿਚ ਇਸ ਤਰ੍ਹਾਂ ਹਾਦਸੇ ਦੇ ਸ਼ਿਕਾਰ ਹੋਏ ਨੌਜਵਾਨਾਂ ਦੀ ਮੌਤ ਦੀ ਕਾਫ਼ੀ ਜ਼ਿੰਮੇਵਾਰੀ ਸਾਡੇ ਸਿਸਟਮ ਦੀ ਵੀ ਹੈ। ਬੱਤੀਆਂ ਤੇ ਸੜਕ ‘ਤੇ ਲੱਗੀਆਂ ਲਾਈਟਾਂ ਬਾਰੇ ਪੁੱਛਣ ਲਈ ਟੋਲ ਪਲਾਜ਼ਾ ਬੜੌਦੀ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਾਈਟਾਂ, ਕੈਮਰੇ ਤੇ ਸਟਰੀਟ ਲਾਈਟਾਂ ਦੂਸਰਾ ਵਿਭਾਗ ਦੇਖਦਾ ਹੈ ਤੇ ਠੀਕ ਕਰਵਾ ਰਹੇ ਹਾਂ। ਵੈਸੇ ਵੀ ਸਾਡੇ ਦੇਸ਼ ਦਾ ਰਿਵਾਜ਼ ਹੈ ਕਿ ਅਸੀਂ ਹਾਦਸਾ ਹੋਣ ਤੋਂ ਬਾਅਦ ਹੀ ਜਾਗਦੇ ਹਾਂ।

