www.sursaanjh.com > ਸਿੱਖਿਆ > ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਡਿਜੀਟਲ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਆਯੋਜਨ

ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਵੱਲੋਂ ਡਿਜੀਟਲ ਸੁਰੱਖਿਆ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਆਯੋਜਨ

ਸਰਸ, ਸੰਚਾਰ ਸਾਥੀ, ਸਰਲ ਸੰਚਾਰ ਐਪ ਬਾਰੇ ਕੀਤਾ ਗਿਆ ਜਾਗਰੂਕ
ਜਲੰਧਰ (ਸੁਰ ਸਾਂਝ ਡਾਟ ਕਾਮ ਬਿਊਰੋ), 16 ਅਪਰੈਲ:
ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ ਨਵੀਂ ਦਿੱਲੀ ਦੇ ਨੋਡਲ ਦਫ਼ਤਰ, ਟੈਲੀਕਾਮ ਪੰਜਾਬ ਸਰਕਲ, ਚੰਡੀਗੜ੍ਹ ਦੇ ਸੰਚਾਰ ਲੇਖਾ ਕੰਟਰੋਲਰ ਦਫ਼ਤਰ ਨੇ ਬੁੱਧਵਾਰ ਨੂੰ ਵਾਇਰਲੈੱਸ ਮਾਨੀਟਰਿੰਗ ਸਟੇਸ਼ਨ ਦਫ਼ਤਰ, ਜਲੰਧਰ ਵਿਖੇ ਸੰਚਾਰ ਸਾਥੀ ਐਪ ਦੇ ਵਿਸ਼ੇ ‘ਤੇ ਇੱਕ ਜਾਗਰੂਕਤਾ  ਅਤੇ ਟੈਲੀਕਾਮ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਸੈਮੀਨਾਰ ਦੀ ਸ਼ੁਰੂਆਤ ਸ਼੍ਰੀ ਅਕਸ਼ੈ ਗੁਪਤਾ, ਡਿਪਟੀ ਕੰਟਰੋਲਰ, ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਸਰਕਲ ਦਫ਼ਤਰ ਵੱਲੋਂ ਦੀਪ ਜਗਾਉਣ ਨਾਲ ਹੋਈ। ਸੈਮੀਨਾਰ ਵਿੱਚ ਸੀਸੀਏ ਪੰਜਾਬ ਚੰਡੀਗੜ੍ਹ ਅਤੇ ਵਾਇਰਲੈੱਸ ਮਾਨੀਟਰਿੰਗ ਸਟੇਸ਼ਨ ਜਲੰਧਰ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਉਦਘਾਟਨੀ ਭਾਸ਼ਣ ਵਿੱਚ ਸ੍ਰੀ ਅਕਸ਼ੈ ਗੁਪਤਾ ਨੇ ਦੱਸਿਆ ਕਿ ਸੰਚਾਰ ਕੰਟਰੋਲਰ ਪੰਜਾਬ ਸਰਕਲ ਦਫ਼ਤਰ ਨੇ ਇਸ ਸੈਮੀਨਾਰ ਨੂੰ “ਸੰਚਾਰ ਸਾਥੀ ਐਪ ‘ਤੇ ਜਾਗਰੂਕਤਾ ਪ੍ਰੋਗਰਾਮ” ਅਤੇ “ਟੈਲੀਕਾਮ ਆਊਟਰੀਚ ਪ੍ਰੋਗਰਾਮ” ਦੇ ਰੂਪ ਵਿੱਚ ਆਯੋਜਿਤ ਕੀਤਾ ਹੈ। ਡਿਪਟੀ ਕੰਟਰੋਲਰ ਸ੍ਰੀ ਅਕਸ਼ੈ ਗੁਪਤਾ ਨੇ ਕਿਹਾ ਕਿ ਸੈਮੀਨਾਰ ਦਾ ਟੀਚਾ ਮੋਬਾਈਲ ਖਪਤਕਾਰਾਂ ਨੂੰ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਡਿਜੀਟਲ ਸੁਰੱਖਿਆ ਵਧਾਉਣ ਲਈ ਸਸ਼ਕਤ ਬਣਾਉਣਾ ਹੈ।
ਇਸਦੇ ਨਾਲ ਹੀ ਸਾਈਬਰ ਧੋਖਾਧੜੀ ਤੋਂ ਸੁਰੱਖਿਆ ਅਤੇ ਇਨ੍ਹਾਂ ਖਤਰਿਆਂ ਦਾ ਮੁਕਾਬਲਾ ਕਰਨ ਲਈ ਇਸ ਸਬੰਧ ਵਿੱਚ ਸਰਕਾਰ ਦੇ ਪ੍ਰੋਜੈਕਟਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਮੁੱਖ ਮਕਸਦ ਏ। ਸਾਈਬਰ ਸੁਰੱਖਿਆ ‘ਤੇ ਧਿਆਨ ਕੇਂਦਰਤ ਕਰਨ ਲਈ ਇੱਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੂਰਸੰਚਾਰ ਖੇਤਰ ਵਿੱਚ ਨਵੀਨਤਮ ਸਾਈਬਰ ਖਤਰਿਆਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਦੂਰਸੰਚਾਰ ਵਿਭਾਗ ਦੇ ਵੱਖ-ਵੱਖ ਪੋਰਟਲਾਂ ਜਿਵੇਂ ਕਿ ਸਰਸ, ਸੰਚਾਰ ਸਾਥੀ, ਸਰਲ ਸੰਚਾਰ ਆਦਿ ਬਾਰੇ ਵੀ ਜਾਣੂ ਕਰਵਾਇਆ ਗਿਆ।
ਇਸ ਮੌਕੇ ਪੰਜਾਬ ਰਾਜ ਦੇ ਟੈਲੀਕਾਮ ਸੇਵਾ ਪ੍ਰਦਾਤਾ, ਇੰਟਰਨੈੱਟ ਸੇਵਾ ਪ੍ਰਦਾਤਾ, ਵਰਚੁਅਲ ਨੈੱਟਵਰਕ ਆਪਰੇਟਰ ਅਤੇ ਵਿਭਾਗੀ ਪੈਨਸ਼ਨਰਾਂ ਸਣੇ ਪਰਿਵਾਰਕ ਪੈਨਸ਼ਨਰ ਵੀ ਸ਼ਾਮਲ ਸਨ। ਸੈਮੀਨਾਰ ਦੌਰਾਨ ਦੂਰਸੰਚਾਰ ਵਿਭਾਗ ਦੇ ਵੱਖ-ਵੱਖ ਵੈੱਬ ਪੋਰਟਲਾਂ ਜਿਵੇਂ ਕਿ ਸੰਚਾਰ ਸਾਥੀ ਅਤੇ ਸਾਈਬਰ ਸੁਰੱਖਿਆ ਬਾਰੇ ਸਿੱਖਿਅਤ ਅਤੇ ਜਾਗਰੂਕ ਕਰਨ ‘ਤੇ ਜ਼ੋਰ ਦਿੱਤਾ ਗਿਆ। ਸੈਮੀਨਾਰ ਨੂੰ ਹੋਰ ਵੀ ਪਹੁੰਚਯੋਗ ਅਤੇ ਉਪਯੋਗੀ ਬਣਾਉਣ ਲਈ ਇੱਕ ਚਰਚਾ ਸੈਸ਼ਨ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਪੈਨਸ਼ਨਰਾਂ ਦੀ ਸਹੂਲਤ ਲਈ ਸੰਚਾਰ ਕੰਟਰੋਲਰ ਪੰਜਾਬ ਸਰਕਲ, ਚੰਡੀਗੜ੍ਹ ਦੇ ਦਫ਼ਤਰ ਵੱਲੋਂ ਇੱਕ ਕੈਂਪ ਵੀ ਲਾਇਆ ਗਿਆ। ਕੈਂਪ ਵਿੱਚ ਵਿਭਾਗ ਦੇ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੇ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਏ ਅਤੇ ਸੈਮੀਨਾਰ ਦਾ ਲਾਹਾ ਚੁੱਕਿਆ।

Leave a Reply

Your email address will not be published. Required fields are marked *